Monday, December 23, 2024

ਬੰਗਾਲ ਚੋਣਾਂ ਬੁਰੀ ਤਰ੍ਹਾਂ ਹਾਰਨ ‘ਤੇ ਮੋਦੀ ਅਤੇ ਸ਼ਾਹ ਨੈਤਿਕ ਅਧਾਰ `ਤੇ ਅਸਤੀਫੇ ਦੇਣ – ਆਰ.ਐਸ.ਪੀ

ਸੰਗਰੂਰ, 3 ਮਈ (ਜਗਸੀਰ ਲੌਂਗੋਵਾਲ) – ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਬਾਰੇ ਟਿੱਪਣੀ ਕਰਦੇ ਹੋਏ ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਨੇ ਫਾਸਿਸਟ ਸੰਘ-ਬੀਜੇਪੀ ਦੀ ਲੀਡਰਸ਼ਿਫ ਖਾਸ ਕਰ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੰਕਾਰ ਤੋੜਨ ਲਈ ਬੰਗਾਲ ਦੇ ਵੋਟਰਾਂ ਨੂੰ ਵਧਾਈ ਦਿੱਤੀ ਹੈ। ਪਾਰਟੀ ਨੇ ਕੇਰਲ ਵਿਚ ਖੱਬੇ ਮੋਰਚੇ ਵਲੋਂ ਮੁੜ ਜਿੱਤ ਹਾਸਲ ਕਰਨ ‘ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
               ਆਰ.ਐਸ.ਪੀ ਦੀ ਪੰਜਾਬ ਇਕਾਈ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਬੰਗਾਲ ਵਿਚ ਭਾਜਪਾ ਨੇ ਇਹ ਚੋਣ ਪ੍ਰਧਾਨ ਮੰਤਰੀ ਮੋਦੀ ਦੇ ਨਾਂ ‘ਤੇ ਹੀ ਲੜੀ ਸੀ।ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਵਲੋਂ ਬੰਗਾਲ ਨੂੰ ਜਿੱਤਣ ਲਈ ਕੋਰੋਨਾ ਦੀ ਲਾਗ ਦੇ ਤੇਜ਼ ਫੈਲਾਅ ਨੂੰ ਮੌਕਾ ਦਿੰਦਿਆਂ ਅਨੇਕਾਂ ਵੱਡੀਆਂ ਰੈਲੀਆਂ ਕੀਤੀਆਂ, ਚੋਣ ਕਮਿਸ਼ਨ ਤੇ ਹਥਿਆਰਬੰਦ ਬਲਾਂ ਦੀ ਦੁਰਵਰਤੋਂ ਕੀਤੀ।ਉਨਾਂ ਵੋਟਰਾਂ ਦਾ ਫਿਰਕੂ ਧਰੁਵੀਕਰਨ ਕਰਨ ਸਮੇਤ ਹਰ ਨਜਾਇਜ਼ ਹਰਬਾ ਵਰਤਿਆ ਅਤੇ ਕਾਰਪੋਰੇਟ ਕੰਪਨੀਆਂ ਤੋਂ ਲਿਆ ਪੈਸਾ ਪਾਣੀ ਵਾਂਗ ਵਹਾਇਆ।ਇਥੋਂ ਤੱਕ ਕਿ ਰਵਾਇਤੀ ਬੰਗਾਲੀ ਸਮਾਜ ਨੂੰ ਪ੍ਰਭਾਵਿਤ ਕਰਨ ਲਈ ਟੈਗੋਰ ਵਰਗਾ ਦਿਸਣ ਲਈ ਅਪਣੀ ਦਾੜੀ ਤੱਕ ਵਧਾ ਲਈ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਾਣ ਮਰਿਯਾਦਾ ਨੂੰ ਤਾਕ ਉਤੇ ਰੱਖਦਿਆਂ ਮੌਜ਼ੂਦਾ ਸਮੇਂ ਦੇਸ਼ ਵਿਚਲੀ ਇਕੋ ਇੱਕ ਔਰਤ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਮਜ਼ਾਕ ਉਡਾਉਣ ਲਈ ਸੜਕ ਛਾਪ ਗੁੰਡਿਆਂ ਵਾਲੀ ਭੈੜੀ ਭਾਸ਼ਾ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ।ਪਰ ਬੰਗਾਲ ਦੀ ਜਨਤਾ ਵਲੋਂ ਅਪਣੇ ਵੋਟ ਦੇ ਸੰਵਿਧਾਨਕ ਹੱਕ ਰਾਹੀਂ ਮੋਦੀ ਤੇ ਸ਼ਾਹ ਦੇ ਅਜਿਹੇ ਸਾਰੇ ਹੱਥਕੰਡਿਆਂ ਦਾ ਜਿਹੋ ਜਿਹਾ ਕਰਾਰਾ ਜਵਾਬ ਦਿੱਤਾ ਹੈ, ਉਸ ਤੋਂ ਬਾਅਦ ਇੰਨਾਂ ਨੂੰ ਨੈਤਿਕ ਆਧਾਰ `ਤੇ ਤੁਰੰਤ ਅਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ।
                 ਉਹਨਾ ਅੱਗੇ ਕਿਹਾ ਕਿ ਬੰਗਾਲ ਵਿਚ ਮੋਦੀ ਤੇ ਸ਼ਾਹ ਦੇ ਫਿਰਕੂ ਫਾਸਿਸਟ ਸੁਪਨਿਆਂ ‘ਤੇ ਪਾਣੀ ਫੇਰਨ ਵਿੱਚ ਕਿਸਾਨ ਅੰਦੋਲਨ ਤੋਂ ਪ੍ਰੇਰਿਤ ਉਥੇ ਦੇ ਸਿੱਖ ਵੋਟਰਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਦੌਰਿਆਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।ਇਸ ਕਰਕੇ ਭਾਜਪਾ ਦੀ ਇਹ ਹਾਰ ਕਿਸਾਨ ਮੋਰਚੇ ਦੀ ਜਿੱਤ ਵੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …