3 ਮੈਡੀਕਲਾਂ ਕਾਲਜ਼ਾਂ ‘ਚ ਵਧਣਗੇ 25 ਫੀਸਦੀ ਬੈਡ, ਮੈਡੀਕਲ ਕਾਲਜ ਵਿਖੇ 10 ਮੀਟਿਰਿਕ ਟਨ ਆਕਸੀਜਨ ਟੈਂਕ ਸਥਾਪਿਤ
ਅੰਮ੍ਰਿਤਸਰ 10 ਮਈ (ਸੁਖਬੀਰ ਸਿੰਘ) – ਜਿਲੇ੍ਹ ਅੰਦਰ ਕੋਵਿਡ-19 ਦੀ ਸਥਿਤੀ ਨੂੰ ਲੈ ਕੇ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵੱਲੋਂ ਡਾਕਟਰਾਂ, ਜਿਲ੍ਹਾ ਪ੍ਰਸਾਸ਼ਨ ਤੇ ਪੁਲਿਸ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਸੋਨੀ ਵੱਲੋਂ ਕੋਵਿਡ ਦੀ ਸਥਿਤੀ ਦਾ ਜਾਇਜਾ ਲਿਆ ਗਿਆ ਅਤੇ ਦੱਸਿਆ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਐਲ-3 ਦੇ 300 ਬੈਡ, ਐਲ-2 ਦੇ 250 ਬੈਡ ਅਤੇ 100 ਹੋਰ ਬੈਡ ਕਰੋਨਾ ਮਰੀਜਾਂ ਲਈ ਰੱਖੇ ਗਏ ਹਨ ਅਤੇ ਮੈਡੀਕਲ ਕਾਲਜ ਵਿਖੇ ਹੀ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ 10 ਮੀਟਰਕ ਟਨ ਦਾ ਟੈਂਕ ਸਥਾਪਤ ਕੀਤਾ ਗਿਆ ਹੈ, ਜੋ ਅੱਜ ਤੋਂ ਆਪਣਾ ਕੰਮ ਸ਼ੁਰੂ ਕਰ ਦੇਵੇਗਾ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ 6 ਟਨ ਦੀ ਸਮਰੱਥਾ ਵਾਲਾ ਆਕਸੀਜਨ ਟੈਂਕ ਸੀ, ਪਰ ਰੋਜਾਨਾ 18 ਤੋਂ 20 ਮੀਟਰਕ ਟਨ ਆਕਸੀਜਨ ਦੀ ਮੰਗ ਹੋਣ ਕਰਕੇ ਕਾਫੀ ਮੁਸ਼ਕਲ ਪੇਸ਼ ਆ ਰਹੀ ਸੀ।ਇਸ 10 ਟਨ ਸਮਰੱਥਾ ਵਾਲੇ ਟੈਂਕ ਦੇ ਸਥਾਪਤ ਹੋਣ ਨਾਲ ਆਕਸੀਜਨ ਦੀ ਕਮੀ ਨੂੰ ਕਾਫੀ ਹੱਦ ਤੱਕ ਪੂਰਾ ਕਰ ਲਿਆ ਜਾਵੇਗਾ।
ਸੋਨੀ ਨੇ ਦੱਸਿਆ ਕਿ ਜਿਲੇ੍ਹ ਵਿੱਚ ਹੁਣ ਆਕਸੀਜਨ ਦੀ ਸਪਲਾਈ ਸਥਿਰ ਹੋਈ ਹੈ ਅਤੇ ਰੋਜ਼ਾਨਾ ਸਪਲਾਈ ਆ ਰਹੀ ਹੈ।ਪ੍ਰਾਈਵੇਟ ਹਸਪਤਾਲਾਂ ਨੂੰ ਵੀ ਰੁਟੇਸ਼ਨ ਦੇ ਅਧਾਰ ‘ਤੇ ਆਕਸੀਜਨ ਸਲਪਾਈ ਕੀਤੀ ਜਾ ਰਹੀ ਹੈ।ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ 320 ਦੇ ਕਰੀਬ ਮਰੀਜ਼ ਲੈਵਲ 3 ਦੇ ਹਨ ਅਤੇ ਦੂਜੇ ਰਾਜਾਂ ਤੋਂ ਆਏ ਮਰੀਜ਼ਾਂ ਨੂੰ ਵੀ ਇਥੇ ਦਾਖਲ ਕੀਤਾ ਜਾ ਰਿਹਾ ਹੈ।ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਤਿੰਨੋਂ ਮੈਡੀਕਲ ਕਾਲਜਾਂ ਵਿੱਚ 25 ਫੀਸਦੀ ਤੋਂ ਜਿਆਦਾ ਬੈਡ ਵਧਾਏ ਜਾਣ।ਉਨ੍ਹਾਂ ਦੱਸਿਆ ਕਿ ਬੈਡ ਵਧਾਉਣ ਨਾਲ ਡਾਕਟਰਾਂ ਅਤੇ ਹੋਰ ਸਟਾਫ ਦੀ ਵੀ ਜਰੂਰਤ ਨੂੰ ਪੂਰਾ ਕਰਨ ਲਈ ਤਿੰਨੋਂ ਮੈਡੀਕਲ ਕਾਲਜਾਂ ਵਿੱਚ 540 ਦੇ ਕਰੀਬ ਨਰਸਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਨਾਲ ਡਾਕਟਰ ਵੀ ‘ਭਰਤੀ ਕੀਤੇ ਜਾ ਰਹੇ ਹਨ।ਪੰਜਾਬ ਸਰਕਾਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਜਿਹੜੇ ਮੁਲਾਜ਼ਮ ਕਾਫੀ ਸਮੇਂ ਤੋਂ ਕੱਚੇ ਤੌਰ ‘ਤੇ ਕੰਮ ਕਰ ਰਹੇ ਸਨ ਨੂੰ ਵੀ ਜਲਦੀ ਪੱਕਿਆਂ ਕਰਨ ਤੇ ਵਿਚਾਰ ਚੱਲ ਰਿਹਾ ਹੈ। ਉਨਾਂ ਕਿਹਾ ਕਿ ਪ੍ਰਿੰਸੀਪਲ ਮੈਡੀਕਲ ਕਾਲਜਾਂ ਨੂੰ ਅਖਤਿਆਰ ਦਿੱਤੇ ਗਏ ਹਨ ਕਿ ਉਹ ਆਪਣੀ ਹੀ ਪੱਧਰ ‘ਤੇ ਆਉਟ ਸੋਰਸ ਰਾਹੀਂ ਭਰਤੀ ਕਰਨ ਤਾਂ ਜੋ ਮਰੀਜਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਕੇਂਦਰ ਸਰਕਾਰ ਤੋਂ ਰੋਜ਼ਾਨਾ 300 ਮੀਟਰਕ ਟਨ ਆਕਸੀਜਨ ਦੀ ਮੰਗ ਕੀਤੀ ਗਈ ਹੈ।
ਸੋਨੀ ਨੇ ਦੱਸਿਆ ਕਿ ਜਿਲੇ੍ਹ ਵਿੱਚ ਕਰੋਨਾ ਵੈਕਸੀਨ ਪਹੁੰਚ ਚੁੱਕੀ ਹੈ ਅਤੇ ਸਭ ਤੋਂ ਪਹਿਲਾਂ ਕਿਰਤੀ ਤੇ ਉਸਾਰੀ ਕਾਮਿਆਂ ਨੂੰ ਵੈਕਸੀਨ ਲਗਾਉਣ ਵਿੱਚ ਤਰਜ਼ੀਹ ਦਿੱਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਜਲਦੀ ਹੀ 18 ਤੋਂ 44 ਸਾਲ ਦੀ ਉਮਰ ਵਾਲੇ ਸਾਰੇ ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾਵੇਗੀ।ਅੰਮ੍ਰਿਤਸਰ ਦੀਆਂ ਸਮੂਹ ਵਾਰਡਾਂ ਦੇ ਕੌਂਸਲਰਾਂ ਵੱਲੋਂ ਆਪੋ ਆਪਣੀ ਵਾਰਡ ਵਿੱਚ ਕੈਂਪ ਲਗਾ ਕੇ ਵੈਕਸੀਨ ਲਗਾਈ ਜਾ ਰਹੀ ਹੈ ਤਾਂ ਜੋ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਉਨਾਂ ਦੱਸਿਆ ਕਿ ਹੁਣ ਤੱਕ ਪੂਰੇ ਪੰਜਾਬ ਵਿੱਚ 7 ਸਰਕਾਰੀ ਲੈਬਾਰਟਰੀਆਂ ਵਿਚ 6108214 ਵਿਅਕਤੀਆਂ ਦੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ, ਜਿੰਨਾਂ ਵਿੱਚੋਂ 252118 ਵਿਅਕਤੀ ਪਾਜ਼ਟਿਵ ਆਏ ਹਨ ਅਤੇ 3600 ਵਿਅਕਤੀਆਂ ਦੀ ਮੌਤ ਹੋਈ ਹੈ।ਅੰਮ੍ਰਿਤਸਰ ਵਿਖੇ ਰੋਜ਼ਾਨਾ 10 ਹਜ਼ਾਰ ਤੋਂ ਵਧੇਰੇ ਕਰੋਨਾ ਟੈਸਟ ਕੀਤੇ ਜਾ ਰਹੇ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਕਰੋਨਾਂ ਦੀ ਦੂਜੀ ਲਹਿਰ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਤੇ ਲੋਕਾਂ ਦਾ ਫਰਜ਼ ਵੀ ਬਣਦਾ ਹੈ ਕਿ ਉਹ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਿੱਚ ਇਕ ਦਿਨ ਸੱਜਾ ਅਤੇ ਇਕ ਦਿਨ ਖੱਬਾ ਪਾਸੇ ਦੀਆਂ ਦੁਕਾਨਾਂ ਖੋਲੀਆਂ ਜਾਣਗੀਆਂ ਅਤੇ ਕੈਮਿਸਟ ਸ਼ਾਪ, ਡੇਅਰੀ ਅਤੇ ਹੋਰ ਜਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਖੁੱਲ ਰਹੇਗੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ, ਸ੍ਰੀਮਤੀ ਕੋਮਲ ਮਿੱਤਲ, ਐਸ.ਐਸ.ਪੀ ਦਿਹਾਤੀ ਧਰੁਵ ਦਹੀਆ, ਮੁੱਖ ਪ੍ਰਸਾਸ਼ਕ ਪੁੱਡਾ ਮੈਡਮ ਪਲਵੀ ਚੌਧਰੀ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਪ੍ਰਿੰਸੀਪਲ ਮੈਡੀਕਲ ਕਾਲਜ ਡਾ: ਰਜੀਵ ਦੇਵਗਨ ਤੇ ਅਧਿਕਾਰੀ ਹਾਜ਼ਰ ਸਨ।