ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਗੁਰੂ ਨਗਰੀ ਦੇ ਜ਼ੰਮਪਲ ਅਮਰੀਕੀ ਨਾਗਰਿਕ ਡਾ. ਗੁਰਿੰਦਰਪਾਲ ਸਿੰਘ ਜੋਸਨ ਦੁਆਰਾ ਰਚਿਤ ਇਤਿਹਾਸਕ ਪੁਸਤਕ “ਭਾਈ ਜੋਗਾ ਸਿੰਘ” ਰਲੀਜ਼ ਕੀਤੀ ਗਈ।
ਮੰਚ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਦੱਸਿਆ ਕਿ ਇਸ ਪੁਸਤਕ ਦਾ ਨਾਇਕ ਗੁਰੂ-ਘਰ ਦਾ ਅਨਿਨ ਸੇਵਕ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਪ੍ਰਣਾਇਆ ਭਾਈ ਜੋਗਾ ਸਿੰਘ ਹੈ।ਉਨਾਂ ਦਾ ਜਨਮ ਸੰਨ 1685 ਵਿੱਚ ਪਿਸ਼ਾਵਰ ਸ਼ਹਿਰ ਦੇ ਆਸੀਆ ਖੇਤਰ ਦੇ ਮੁਹੱਲਾ ਰਾਮਦਾਸ ਵਿਖੇ ਭਾਈ ਗੁਰਮੁੱਖ ਦੇ ਗ੍ਰਹਿ ਵਿਖੇ ਹੋਇਆ।ਸੰਨ 1694 ‘ਚ ਭਾਈ ਗੁਰਮੁੱਖ ਪਰਿਵਾਰ ਸਮੇਤ ਦਸਮੇਸ਼ ਪਿਤਾ ਜੀ ਦੀ ਚਰਨ ਬੰਦਨਾਂ ਲਈ ਆਨੰਦਪੁਰ ਸਾਹਿਬ ਵਿਖੇ ਹਾਜ਼ਰ ਹੋਇਆ।ਭਾਈ ਜੋਗਾ ਸਿੰਘ ਨੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।ਆਨੰਦਪੁਰ ਸਾਹਿਬ ਵਿਖੇ ਆਪ ਜੀ ਨੇ ਘੋੜਸਵਾਰੀ, ਤੀਰ ਅੰਦਾਜ਼ੀ, ਤਲਵਾਰ-ਬਾਜ਼ੀ ਦੇ ਨਾਲ ਨਾਲ ਗੁਰਮੁੱਖੀ, ਫਾਰਸੀ ਆਦਿ ਭਾਸ਼ਾਵਾਂ ਅਤੇ ਗੁਰੂ-ਗਿਆਨ ਹਾਸਲ ਕੀਤਾ।
ਪੁਸਤਕ ਵਿੱਚ 14-15 ਮਾਰਚ 1701 ਦੀ ਆਨੰਦ ਕਾਰਜ਼ ਬਾਬਤ ਘਟਨਾ ਦਾ ਜ਼ਿਕਰ ਹੈ।ਜਦ ਪਹਿਲੀ ਲਾਂਵ ਦਾ ਪਾਠ ਪੂਰਾ ਹੋਣ ‘ਤੇ ਦੋ ਗੁਰਮੁੱਖਾਂ ਵਲੋਂ ਭਾਈ ਜੋਗਾ ਸਿੰਘ ਦੇ ਹੱਥ ਗੁਰੂ ਗੋਬਿੰਦ ਜੀ ਦਾ ਹਦਾਇਤ-ਨਾਮਾ ਫੜਾਉਣ ‘ਤੇ ਉਹ ਵਿਆਹ ਦੀਆਂ ਰਸਮਾਂ ਵਿੱਚੇ ਛੱਡ ਕੇ ਸਾਥੀ ਸਿੰਘਾਂ ਨਾਲ ਆਨੰਦਪੁਰ ਸਾਹਿਬ ਨੂੰ ਚੱਲ ਪਏ।ਹੁਸ਼ਿਆਰਪੁਰ ਪਹੁੰਚਣ ‘ਤੇ ਭਾਈ ਜੋਗਾ ਸਿੰਘ ਨੂੰ ਇੱਕ ਖੂਬਸੂਰਤ ਵੇਸਵਾ ਨੇ ਆਪਣੇ ਭਰਮ-ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ।ਕੁੱਝ ਪਲਾਂ ਲਈ ਡੋਲਣ ਤੋਂ ਬਾਅਦ ਜੋਗਾ ਸਿੰਘ ਸਿਦਕ ਕਾਇਮ ਰੱਖਣ ‘ਚ ਸਫਲ ਹੋਏ।ਭਾਈ ਜੋਗਾ ਸਿੰਘ ਨੇ ਸਵੇਰ ਦੇ ਦੀਵਾਨ ਵਿੱਚ ਗੁਰਦੇਵ ਜੀ ਦੇ ਚਰਨਾਂ ‘ਤੇ ਸੀਸ ਟਿਕਾ ਕੇ ਖਿਮਾ-ਯਾਚਨਾ ਕੀਤੀ।ਬਖਸ਼ਿੰਦ ਗੁਰੁ ਜੀ ਨੇ ਭਾਈ ਸਾਹਿਬ ਦੀ ਅਰਜ਼ੋਈ ਪ੍ਰਵਾਨ ਕਰਕੇ ਉਸ ਨੂੰ ਪਿਸ਼ਾਵਰ ਦੇ ਇਲਾਕੇ ਵਿੱਚ ਸਿੱਖੀ ਪ੍ਰਚਾਰ ਦੀ ਸੇਵਾ ਬਖਸ਼ੀ।
ਡਾ. ਗੁਰਿੰਦਰਪਾਲ ਸਿੰਘ ਜੋਸਨ ਨੇ ਦੱਸਿਆ ਕਿ ਉਨਾਂ ਨੇ ਪੁਸਤਕ ਦੀ ਰਚਨਾ ਲਈ ਭਰੋਸੇਯੋਗ ਸਮੱਗਰੀ ਅਤੇ ਭਾਈ ਜੋਗਾ ਸਿੰਘ ਨਾਲ ਸਬੰਧਿਤ ਗੁਰਦਆਰਾ ਸਾਹਿਬ ਦੀਆਂ ਖੁੱਦ ਤਸਵੀਰਾਂ ਲੈਣ ਲਈ ਪਿਸ਼ਾਵਰ, ਹੁਸ਼ਿਆਰਪੁਰ, ਮੁੰਬਈ ਆਦਿ ਸ਼ਹਿਰਾਂ ਦੀ ਯਾਤਰਾ ਕੀਤੀ ਹੈ।
ਮੰਚ ਪ੍ਰਧਾਨ ਮਨਮੋਹਣ ਸਿੰਘ ਬਰਾੜ ਅਤੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਡਾ. ਜੋਸਨ ਦੇ ਉੱਦਮ ਨੂੰ ਸਲਾਹਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …