Monday, December 23, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕੌਂਸੋਰਟੀਅਮ ਫਾਰ ਐਜੂਕੇਸ਼ਨਲ ਕਮਿਊਨੀਕੇਸ਼ਨ ਦਰਮਿਆਨ ਸਮਝੌਤਾ ਕਲਮਬੱਧ

ਅੰਮ੍ਰਿਤਸਰ, 29 ਜੂਨ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਇੰਟਰ-ਯੂਨੀਵਰਸਿਟੀ ਸੈਂਟਰ ਦੇ ਕੌਂਸੋਰਟੀਅਮ ਫਾਰ ਐਜੂਕੇਸ਼ਨਲ ਕਮਿਊਨੀਕੇਸ਼ਨ (ਸੀ.ਈ.ਸੀ) ਵਿਚ ਅੱਜ ਇਥੇ ਇਕ ਮਹੱਤਵਪੂਰਨ ਸਮਝੌਤਾ ਕਲਮਬੱਧ ਕੀਤਾ ਗਿਆ। ਇਸ ਸਮਝੌਤੇ ਅਧੀਨ ਉਚੇਰੀ ਸਿਖਿਆ ਨੂੰ ਅਜੋਕੇ ਮਾਹੌਲ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੋਸਟ-ਗਰੈਜੂਏਟ ਤੇ ਅੰਡਰ-ਗਰੈਜੂਏਟ ਕਲਾਸਾਂ ਸਬੰਧੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਪੜ੍ਹਨ ਪੜ੍ਹਾਉਣ ਦੇ ਤੌਰ ਤਰੀਕਿਆਂ ਉਪਰ ਦੋਵੇਂ ਅਦਾਰੇ ਮਿਲ ਕੇ ਕਾਰਜ ਕਰਨਗੇ।ਇਹ ਸਮਝੌਤੇ ਉਪਰ ਸੀ.ਈ.ਸੀ ਦੇ ਡਾਇਰੈਕਟਰ, ਡਾ. ਜੇ.ਵੀ ਨੱਡਾ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ ਨੇ ਦਸਤਖਤ ਕੀਤੇ।ਇਸ ਦੇ ਨਾਲ ਹੀ ਯੂਨੀਵਰਸਿਟੀ ਇਸ ਕੌਂਸੋਰਟੀਅਮ ਦੀ ਮੈਂਬਰ ਬਣ ਗਈ ਹੈ।ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੋਂ ਇਲਾਵਾ ਯੂਨੀਵਰਸਿਟੀ ਇੰਡਸਟਰੀਜ਼ ਲਿੰਕੇਜ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਪ੍ਰੀਤਮੋਹਿੰਦਰ ਸਿੰਘ ਬੇਦੀ, ਡਾਇਰੈਕਟੋਰੇਟ ਆਫ ਡਿਸਟੈਂਸ ਐਜੂਕੇਸ਼ਨ ਐਂਡ ਓਪਨ ਲਰਨਿੰਗ ਦੇ ਡਾਇਰੈਕਟਰ, ਪ੍ਰੋ. ਸੁਭੀਤ ਕੁਮਾਰ ਜੈਨ ਵੀ ਮੌਜੂਦ ਸਨ।
                    ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਇਸ ਸਮਝੌਤੇ ਕਰਕੇ ਯੂਨੀਵਰਸਿਟੀ ਦੇ ਅਧਿਆਪਨ ਅਤੇ ਗੈਰ-ਅਧਿਆਪਨ ਕਰਮਚਾਰੀਆਂ ਨੂੰ ਯੂ.ਜੀ.ਸੀ ਦਿਸ਼ਾ ਨਿਰਦੇਸ਼ ਆਨਲਾਈਨ, ਓਪਨ ਡਿਸਟੈਂਸ ਲਰਨਿੰਗ ਅਤੇ ਮੂਕ ਰਾਹੀਂ ਪੜ੍ਹਾਉਣ ਲਈ ਲੈਕਚਰ ਅਤੇ ਹੋਰ ਸਬੰਧਤ ਸਮੱਗਰੀ ਤਿਆਰ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ। ਇਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਰਾਹੀਂ ਮਿਆਰੀ ਸਿਖਿਆ ਦੇਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਮਲਟੀਮੀਡੀਆ ਰਾਹੀਂ ਵਿਦਿਆਰਥੀਆਂ ਦੀ ਰੁਚੀ ਨੂੰ ਧਿਆਨ ਵਿਚ ਰੱਖਦੇ ਹੋਏ ਪੜ੍ਹਾਉਣ ਦੀ ਸਮਗੱਰੀ ਤਿਆਰ ਕੀਤੀ ਜਾਵੇਗੀ।
                   ਡਾ. ਜੇ.ਵੀ. ਨੱਡਾ ਨੇ ਉਚੇਰੀ ਸਿਖਿਆ ਵਿਚ ਆਧੁਨਿਕ ਤਕਨੀਕਾਂ ਦੀ ਵਰਤੋਂ ਸਬੰਧੀ ਇਕ ਸ਼ਾਰਟ ਫਿਲਮ ਦਿਖਾਉਂਦੇ ਹੋਏ ਦੱਸਿਆ ਕਿ ਵਿਸ਼ਵ ਵਿਚ ਮਹਾਂਮਾਰੀ ਕੋਵਿਡ ਕਰਕੇ ਉਚੇਰੀ ਸਿਖਿਆ ਵਿਸ਼ੇਸ਼ ਕਰਕੇ ਪ੍ਰਭਾਵਿਤ ਹੋਈ ਹੈ, ਪਰ ਇਨ੍ਹਾਂ ਤਕਨੀਕਾਂ ਰਾਹੀਂ ਉਪਰਾਲੇ ਕੀਤੇ ਗਏ ਹਨ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਆਰੀ ਸਿਖਿਆ ਮੁਹਈਆ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਵੱਲੋਂ ਸਵੈਮਪ੍ਰਭਾ ਅਤੇ ਮੂਕ ਆਨਲਾਈਨ ਪਲੇਟਫਾਰਮ ਰਾਹੀਂ ਬੱਤੀ ਉਚੇਰੀ ਸਿਖਿਆ ਨਾਲ ਸਬੰਧਤ ਚੈਨਲ ਚਲਾਏ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਇੰਟਰਨੈਟ ਜ਼ਰੀਏ ਗਿਆਨ ਹਾਸਲ ਹੋ ਸਕੇ।ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਮਝੌਤਾ ਦੋਵਾਂ ਅਦਾਰਿਆਂ ਲਈ ਲਾਹੇਵੰਦ ਸਾਬਤ ਹੋਵੇਗਾ।
              ਰਜਿਸਟਰਾਰ ਪ੍ਰੋ. ਕਾਹਲੋਂ ਨੇ ਇਸ ਮੌਕੇ ਯੂਨੀਵਰਸਿਟੀ ਵਿਚ ਚੱਲ ਰਹੇ ਵੱਖ ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਨਲਾਈਨ ਸਿਖਿਆ ਦੇ ਮਾਧਿਅਮ ਨੂੰ ਤਰਜ਼ੀਹ ਦਿੱਤੀ ਗਈ ਤਾਂ ਜੋ ਦੇਸ਼ ਵਿਦੇਸ਼ਾਂ ਵਿਚ ਰਹਿੰਦੇ ਵਸਨੀਕਾਂ ਨੂੰ ਪੰਜਾਬੀ ਸਬੰਧੀ ਕੋਰਸ ਕਰ ਸਕਣ।
              ਪ੍ਰੋ. ਬੇਦੀ ਨੇ ਕਿਹਾ ਕਿ ਸੀ.ਈ.ਸੀ ਜਿਹੇ ਅਦਾਰੇ ਨਾਲ ਸਮਝੌਤਾ ਕਰਨਾ ਯੂਨੀਵਰਸਿਟੀ ਲਈ ਇਕ ਫਖਰ ਦੀ ਗੱਲ ਹੈ ਅਤੇ ਇਸ ਜ਼ਰੀਏ ਦੋਵੇਂ ਅਦਾਰੇ ਮਿਲ ਕੇ ਦੇਸ਼ ਦੀ ਉਚੇਰੀ ਸਿਖਿਆ ਸਬੰਧੀ ਕਾਰਜ ਕਰਨਗੇ।ਡਾ. ਜੈਨ ਨੇ ਆਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਦੀ ਕਾਰਗੁਜ਼ਾਰੀ ਅਤੇ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …