26 ਜਨਵਰੀ ਸਾਡਾ ਕੌਮੀ ਤਿਉਹਾਰ ਹੈ।26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਅਤੇ ਭਾਰਤ ਨੂੰ ਇੱਕ ਲੋਕਤੰਤਰੀ ਗਣਰਾਜ ਵਜੋਂ ਸਥਾਪਿਤ ਕੀਤਾ ਗਿਆ।ਇਸ ਲਈ ਇਸ ਦਿਨ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਸ ਮੌਕੇ ਮੁੱਖ ਮਹਿਮਾਨ ਹਮੇਸ਼ਾਂ ਇਕ ਵਿਦੇਸ਼ੀ ਸ਼ਖਸ਼ੀਅਤ ਹੁੰਦੀ ਹੈ।ਪਰੇਡ ਵਿਜੈ ਚੌਕ ਤੋਂ ਸ਼ੁਰੂ ਹੋ ਕੇ ਰਾਜਪੱਥ ਅਤੇ ਦਿੱਲੀ ਦੇ ਅਨੇਕਾਂ ਖੇਤਰਾਂ ਤੋਂ ਗੁਜ਼ਰਦੀ ਹੋਈ ਲਾਲ ਕਿਲ੍ਹੇ ‘ਤੇ ਜਾ ਕੇ ਸਮਾਪਤ ਹੋ ਜਾਂਦੀ ਹੈ।ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਦੀਆਂ ਟੁਕੜੀਆਂ ਬੈਂਡਾਂ ਦੀ ਧੁਨ ‘ਤੇ ਮਾਰਚ ਕਰਦੀਆਂ ਹਨ।15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ।ਆਜ਼ਾਦੀ ਪ੍ਰਾਪਤ ਕਰਨ ਪਿਛੋਂ ਭਾਰਤ ਨੇ ਸੰਵਿਧਾਨ ਨਿਰਮਾਣ ਕਰਨ ਲਈ ਇਕ ਸੱਤ ਮੈਂਬਰੀ ਕਮੇਟੀ ਸਥਾਪਤ ਕੀਤੀ।ਜਿਸ ਨੂੰ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ`।ਡਾ. ਭੀਮ ਰਾਓ ਅੰਬੇਦਕਰ ਨੂੰ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ।ਇਸ ਕਮੇਟੀ ਨੇ 21 ਫਰਵਰੀ 1948 ਨੂੰ ਸੰਵਿਧਾਨ ਦਾ ਖਰੜਾ ਤਿਆਰ ਕਰਕੇ ਸਭਾ ਵਿੱਚ ਪੇਸ਼ ਕੀਤਾ।ਇਸ ਖਰੜੇ ‘ਤੇ 4 ਨਵੰਬਰ 1948 ਨੂੰ ਬਹਿਸ ਸ਼ੁਰੂ ਹੋਈ।ਜਿਸ ਲਈ ਸਭਾ ਨੂੰ ਗਿਆਰਾਂ ਮੀਟਿੰਗਾਂ ਕਰਨੀਆਂ ਪਈਆਂ।ਇਸ ਬਹਿਸ ਦੌਰਾਨ 2473 ਤਰਮੀਮਾਂ ਪੇਸ਼ ਕੀਤੀਆਂ ਗਈਆਂ।ਜਿਨ੍ਹਾਂ ਵਿੱਚੋਂ ਕੁੱਝ ਪ੍ਰਵਾਨ ਕਰ ਲਈਆਂ ਗਈਆਂ।26 ਨਵੰਬਰ 1949 ਈ ਨੂੰ ਸੰਵਿਧਾਨ ਪਾਸ ਹੋ ਗਿਆ।26 ਜਨਵਰੀ ਦਾ ਸਾਡੇ ਦੇਸ਼ ਲਈ ਵਿਸ਼ੇਸ਼ ਮਹੱਤਵ ਸੀ, ਕਿਉਂਕਿ 26 ਜਨਵਰੀ 1939 ਨੂੰ ਰਾਵੀ ਦੇ ਕੰਢੇ ਤੇ ਕੌਮੀ ਨੇਤਾਵਾਂ ਨੇ ਦੇਸ਼ ਨੂੰ ਸੁਤੰਤਰ ਮੰਨਿਆ ਸੀ।ਇਸ ਦਿਨ ਦੀ ਮਹੱਤਤਾ ਨੂੰ ਕਾਇਮ ਰੱਖਦੇ ਹੋਏ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਕੀਤਾ ਗਿਆ।
26 ਜਨਵਰੀ 1950 ਨੂੰ ਡਾ. ਰਾਜਿੰਦਰ ਪ੍ਰਸ਼ਾਦ ਨੂੰ ਰਾਸ਼ਟਰਪਤੀ ਦੀ ਪਦਵੀ ਸੌਂਪੀ ਗਈ।ਹਰ ਵਰ੍ਹੇ 26 ਜਨਵਰੀ ਵਾਲੇ ਦਿਨ ਹਰ ਸਾਲ ਭਾਰਤ ਦੇ ਰਾਸ਼ਟਰਪਤੀ ਵਿਜੈ ਚੌਕ (ਇੰਡੀਆ ਗੇਟ) ਵਿਖੇ ਕੌਮੀ ਝੰਡਾ ਲਹਿਰਾ ਕੇ ਤਿੰਨੇ ਸੈਨਾ ਦੀ ਸਲਾਮੀ ਲੈਂਦੇ ਹਨ।ਪ੍ਰਧਾਨ ਮੰਤਰੀ ਅਤੇ ਹੋਰ ਮਹਿਮਾਨ ਇਕੱਠੇ ਹੁੰਦੇ ਹਨ।ਵੱਖ-ਵੱਖ ਸੂਬੇ ਆਪਣੇ ਰਾਜ ਦੀਆਂ ਸੱਭਿਆਚਾਰਕ ਤੇ ਸਾਂਸਕ੍ਰਿਤਿਕ ਝਾਕੀਆਂ ਪੇਸ਼ ਕਰਦੇ ਹਨ।ਸਹੀ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਭਾਰਤ ਦਾ ਕੌਮੀ ਗਣਤੰਤਰ ਦਿਵਸ ਦੁਨੀਆਂ ਲਈ ਇਕ ਨਵੀਂ ਸੇਧ ਪੈਦਾ ਕਰਦਾ ਹੈ।ਵੱਖ-ਵੱਖ ਪਹਿਰਾਵੇ ਜਾਤੀਆਂ, ਰੰਗ, ਧਰਮ, ਨਸਲ ਆਦਿ ਦੇ ਹੁੰਦੇ ਹੋਏ ਵੀ ਅਨੇਕਤਾ ਵਿੱਚ ਏਕਤਾ ਹੈ ਭਾਰਤ।ਇਸ ਦਿਨ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਵੀ ਸਮਾਗਮ ਹੁੰਦੇ ਹਨ।ਜਿਥੇ ਰਾਜਪਾਲ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ।ਇਸ ਦਿਨ ਕਈ ਤਰ੍ਹਾਂ ਦੇ ਬਹਾਦਰੀ ਪੁਰਸਕਾਰ ਵੀ ਦਿੱਤੇ ਜਾਂਦੇ ਹਨ।ਇਹ ਦਿਨ ਸਾਰੇ ਦੇਸ਼ ਦੇ ਲੋਕਾਂ ਨੂੰ ਦੇਸ਼ ਭਗਤੀ ਦੇ ਜੋਸ਼ ਨਾਲ ਭਰ ਦਿੰਦਾ ਹੈ।ਇਸ ਦਿਨ ਹਰ ਭਾਰਤੀ ਨੂੰ ਭਾਰਤ ਵਰਗੇ ਇਕ ਵੱਡੇ ਲੋਕਤੰਤਰ ਦੇਸ਼ ਦਾ ਨਾਗਰਿਕ ਹੋਣ ‘ਤੇ ਮਾਣ ਮਹਿਸੂਸ ਹੁੰਦਾ ਹੈ।25012022
“ਜੈ ਹਿੰਦ”
ਅਵਨੀਸ਼ ਕੁਮਾਰ ਲੌਂਗੋਵਾਲ
ਮੋ – 94631 26465