Thursday, September 19, 2024

ਸ਼੍ਰੋਮਣੀ ਕਮੇਟੀ ਨੇ ਕਰਨਾਟਕਾ ਦੇ ਮੁੱਖ ਮੰਤਰੀ ਪਾਸੋਂ ਸਿੱਖ ਮਸਲਿਆਂ ਸਬੰਧੀ ਚਰਚਾ ਲਈ ਮੰਗਿਆ ਸਮਾਂ

ਦਿੱਲੀ ’ਚ ਸਕੂਲਾਂ ਅੰਦਰ ਧਾਰਮਿਕ ਪਹਿਰਾਵੇ ’ਤੇ ਰੋਕ ਦਾ ਵੀ ਲਿਆ ਨੋਟਿਸ
ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਕਰਨਾਟਕਾ ਦੇ ਮੰਗਲੁਰੂ ’ਚ 6 ਸਾਲਾ ਸਿੱਖ ਲੜਕੇ ਨੂੰ ਦਸਤਾਰ ਕਾਰਨ ਇੱਕ ਸਕੂਲ ਵੱਲੋਂ ਦਾਖਲਾ ਨਾ ਦੇਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਰਨਾਟਕ ਅੰਦਰ ਹੀ ਇਕ ਕਾਲਜ ਵੱਲੋਂ ਅੰਮ੍ਰਿਤਧਾਰੀ ਗੁਰਸਿੱਖ ਲੜਕੀ ਨੂੰ ਦਸਤਾਰ ਕਾਰਨ ਕਲਾਸ ਵਿੱਚ ਨਾ ਬੈਠਣ ਲਈ ਆਖਿਆ ਗਿਆ ਸੀ ਅਤੇ ਹੁਣ ਇਕ ਛੋਟੇ ਬੱਚੇ ਨੂੰ ਸਕੂਲ ਵਿਚ ਦਾਖਲਾ ਦੇਣ ਤੋਂ ਵਰਜਿਆ ਗਿਆ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਇਹ ਵਰਤਾਰਾ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਹਰ ਇਕ ਨੂੰ ਧਾਰਮਿਕ ਅਜ਼ਾਦੀ ਦਿੰਦਾ ਹੈ।ਉਨ੍ਹਾਂ ਕਰਨਾਟਕਾ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਸੂਬੇ ਅੰਦਰ ਸਿੱਖਾਂ ਵਿਰੁੱਧ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਲਈ ਕਿਹਾ।ਐਡਵੋਕੇਟ ਧਾਮੀ ਨੇ ਕਿਹਾ ਕਿ ਕਰਨਾਟਕਾ ਅੰਦਰ ਸਿੱਖਾਂ ਦੀ ਧਾਰਮਿਕ ਅਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਕਰਨਾਟਕਾ ਅੰਦਰ ਅਜਿਹੇ ਸਿੱਖ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਜਲਦ ਹੀ ਉਥੋਂ ਦੇ ਮੁੱਖ ਮੰਤਰੀ ਨੂੰ ਮਿਲਣ ਲਈ ਜਾਵੇਗਾ, ਜਿਸ ਲਈ ਸਮਾਂ ਨਿਰਧਾਰਤ ਕਰਨ ਵਾਸਤੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਪੱਤਰ  ਲਿਖਿਆ ਗਿਆ ਹੈ।
               ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿੱਲੀ ਅੰਦਰ ਵਿਦਿਆਰਥੀਆਂ ਨੂੰ ਧਾਰਮਿਕ ਪਹਿਰਾਵੇ ਵਿਚ ਸਕੂਲ ਨਾ ਆਉਣ ਦੀ ਹਦਾਇਤ ’ਤੇ ਵੀ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।ਉਨ੍ਹਾਂ ਕਿਹਾ ਕਿ ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਆਪਣੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਅਜਿਹੀਆਂ ਹਦਾਇਤਾਂ ਜਾਰੀ ਕਰਨਾ ਮੰਦਭਾਗਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਮਤਭੇਦ ਅਤੇ ਅਸਮਾਨਤਾ ਦੇ ਨਾਂ ਹੇਠ ਧਾਰਮਿਕ ਸਰੋਕਾਰਾਂ ਅਤੇ ਹੱਕਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।ਭਾਰਤ ਸਰਕਾਰ ਨੂੰ ਹਰ ਸੂਬੇ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਅਤੇ ਧਾਰਮਿਕ ਅਜ਼ਾਦੀ ਨੂੰ ਠੇਸ ਨਾ ਪੁੱਜੇ।
              ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਸ਼ਰਤੀਆਂ ਨੁਮਾਇੰਦਗੀ ਖ਼ਤਮ ਕਰਨ ਨੂੰ ਵੀ ਪੰਜਾਬ ਦੇ ਹੱਕਾਂ ਦੇ ਡਾਕਾ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਨਰਿੰਦਰ ਮੋਦੀ ਨੂੰ ਹੋ ਰਹੇ ਅਜਿਹੇ ਵਤਕਰਿਆਂ ’ਤੇ ਰੋਕ ਲਗਾਉਣ ਲਈ ਸੰਜੀਦਾ ਭੂਮਿਕਾ ਨਿਭਾਉਣੀ ਚਾਹੀਦੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …