Sunday, December 22, 2024

ਚੀਫ਼ ਖ਼ਾਲਸਾ ਦੀਵਾਨ ਵਲੋਂ ਸਰੀਰਕ ਸਿੱਖਿਆ ਅਧਿਆਪਕਾਂ ਲਈ ਸੈਮੀਨਾਰ

ਅੰਮ੍ਰਿਤਸਰ, 3 ਸਤੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਆਡੀਟੋਰੀਅਮ ਵਿਖੇ ਸੀ.ਕੇ.ਡੀ ਸਕੂਲਾਂ ਦੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੇ ਗਿਆਨ ਨੂੰ ਅਪਡੇਟ ਕਰਨ ਦੇ ਮਨੋਰਥ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਅਸਿਸਟੈਂਟ ਡਾਇਰੈਕਟਰ, ਫਿਜੀਕਲ ਐਜੂਕੇਸ਼ਨ ਅਤੇ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਕੰਵਰਮਨਦੀਪ ਸਿੰਘ ਮੁੱਖ ਬਲਾਰੇ ਵਜੋਂ ਪੁੱਜੇ।ਉਹਨਾਂ ਸੈਮੀਨਾਰ ਦੌਰਾਨ ਕੋਚਾਂ ਨੂੰ ਖੇਡਾਂ ਦੇ ਨਵੇਂ ਰੂਲ ਅਤੇ ਸਰਕਾਰੀ ਪਾਲਿਸੀਆਂ ਬਾਰੇ ਅਤੇ ਵੱਖ-ਵੱਖ ਖੇਡਾਂ ਦੀਆਂ ਬਰੀਕੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਹਨਾਂ ਪੰਜਾਬ ਵਿਚ ਬੱਚਿਆਂ ਦੇ ਖੇਡਾਂ ਪ੍ਰਤੀ ਘੱਟ ਰਹੇ ਰੁਝਾਨ ਅਤੇ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦੀ ਘਟ ਰਹੀ ਸ਼ਮੂਲੀਅਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਉਹਨਾਂ ਦੇ ਕਾਮਯਾਬ ਜੀਵਨ ਦੇ ਨਿਰਮਾਣ ਦੀ ਸ਼ੁਰੂਆਤ ਕਰਦਾ ਹੈ।ਉਹਨਾਂ ਨੇ ਦੱਸਿਆ ਕਿ ਪ੍ਰਾਇਮਰੀ ਪੱਧਰ ‘ਤੇ ਜੇਕਰ ਬੱਚੇ ਦੀ ਖੇਡਾਂ ਪ੍ਰਤੀ ਪ੍ਰਤਿਭਾ ਅਤੇ ਹੁਨਰ ਦੀ ਭਾਲ ਕੀਤੀ ਜਾ ਸਕੇ ਤਾਂ ਕਾਲਜ/ਯੂਨੀਵਰਸਿਟੀ ਪੱਧਰ ਤੇ ਬੱਚਿਆਂ ਦਾ ਪ੍ਰਦਰਸ਼ਨ ਬੇਮਿਸਾਲ ਹੋ ਸਕਦਾ ਹੈ ਅਤੇ ਰੂਟ ਲੈਵਲ ‘ਤੇ ਇਸ ਹੁਨਰ ਦੀ ਭਾਲ ਵਿਚ ਖੇਡ ਅਧਿਆਪਕਾਂ ਦੀ ਭੂਮਿਕਾ ਅਹਿਮ ਰਹਿੰਦੀ ਹੈ।ਉਹਨਾਂ ਨੇ ਖੇਡ ਅਧਿਆਪਕਾਂ ਨੂੰ ਖੇਡਾਂ ਤੇ ਖਿਡਾਰੀਆਂ ਨੂੰ ਹੋਰ ਬੁਲੰਦਿਆਂ ਤੇ ਲਿਜਾਣ ਲਈ ਵਿਸ਼ੇਸ਼ ਯਤਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਖੇਡਾਂ ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨ ਸਿਸਟਮ ਦਾ ਅਹਿਮ ਅੰਗ ਹਨ, ਜੋ ਕਿ ਵਿਦਿਆਰਥੀ ਨੂੰ ਟੀਮ ਭਾਵਨਾ ਦੇ ਨਾਲ-ਨਾਲ ਅਨੁਸ਼ਾਸ਼ਨ ਵਿੱਚ ਰਹਿਣਾ ਵੀ ਸਿਖਾਉਂਦੀਆਂ ਹਨ।ਉਹਨਾਂ ਦੀਵਾਨ ਵੱਲੋਂ ਸਰੀਰਕ ਸਿਖਿਆ ਅਧਿਆਪਕਾਂ ਨੂੰ ਅਕਤੂਬਰ ਵਿਚ ਆਯੋਜਿਤ ਹੋਣ ਜਾ ਰਹੇ ਸੀ.ਕੇ.ਡੀ ਟੂਰਨਾਮੈਂਟਸ ਦੌਰਾਨ ਪੂਰੀ ਇਮਾਨਦਾਰੀ ਅਤੇ ਸਮਰਪਿਤ ਭਾਵਨਾਂ ਨਾਲ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ।
ਮੀਤ ਪ੍ਰਧਾਨ ਜਗਜੀਤ ਸਿੰਘ, ਮੁੱਖ ਦਫ਼ਤਰ ਮੈਂਬਰ ਇੰਚਾਰਜ ਸੁਖਜਿੰਦਰ ਸਿੰਘ ਪ੍ਰਿੰਸ ਨੇ ਵਿਦਿਆਰਥੀ ਜੀਵਨ ਵਿਚ ਖੇਡਾਂ ਦੀ ਮਹੱਤਤਾ ਤੇ ਚਾਨਣਾ ਪਾਇਆ।ਡਾਇਰੈਕਟਰ ਸਪੋਰਟਸ ਸ੍ਰੀਮਤੀ ਅੰਮ੍ਰਿਤਪਾਲ ਕੌਰ ਨੇ ਅਧਿਆਪਕਾਂ ਨੂੰ ਖਿਡਾਰੀਆਂ ਦੇ ਬਿਹਤਰ ਪ੍ਰਦਰਸ਼ਨ ਅਤੇ ਅਨਸ਼ਾਸ਼ਿਤ ਸੀ.ਕੇ.ਡੀ ਟੂਰਨਾਮੈਂਟ ਦੇ ਆਯੋਜਨ ਲਈ ਨੁਕਤੇ ਸਾਂਝੇ ਕੀਤੇ। ਅੰਤ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਦੀਵਾਨ ਮੈਨੇਜਮੈਂਟ ਵੱਲੋਂ ਡਾ. ਕੰਵਰਮਨਦੀਪ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਡਾਇਰੈਕਟਰ/ਪ੍ਰਿੰਸੀਪਲ ਡਾ. ਧਰਮਵੀਰ ਸਿੰਘ ਅਤੇ ਚੀਫ਼ ਖ਼ਾਲਸਾ ਦੀਵਾਨ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਤੇ ਕੋਚ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …