ਰੇਤਾ ਦੀ ਕਮਾਈ ਦੀ ਵਰਤੋਂ ਦੂਜੇ ਰਾਜਾਂ ‘ਚ ਚੋਣਾਂ ਜਿੱਤਣ ਲਈ ਕਰਨ ਦਾ ਲਗਾਇਆ ਦੋਸ਼
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸੂਬੇ ਵਿੱਚ ਬਦਲਾਅ ਲਿਆਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ `ਤੇ ਫੇਲ ਸਾਬਤ ਹੋ ਰਹੀ ਹੈ।ਉਨਾਂ ਨੇ ਆਮ ਲੋਕਾਂ ਨੂੰ ਵਾਜ਼ਿਬ ਰੇਟਾਂ `ਤੇ ਰੇਤਾ ਮੁਹਈਆ ਕਰਵਾਉਣ ਲਈ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦੇ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਕ ਮਹੀਨੇ ਦੇ ਵਿਚ-ਵਿਚ ਇਸ ਦਾ ਹੱਲ ਕਰਨ ਵਿਚ ਨਾਕਾਮ ਸਿੱਧ ਹੋਈ ਤਾਂ ਉਹ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦਾ ਘਿਰਾਓ ਕਰਨਗੇ ।
ਔਜਲਾ ਨੇ ਆਖਿਆ ਕਿ ਰੇਤਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣ ਦੇ ਕਾਰਨ ਇੱਕ ਗਰੀਬ ਦਾ ਘਰ ਬਣਾਉਣ ਦਾ ਸੁਪਨਾ ਹਕੀਕਤ ਤੋਂ ਕੋਹਾਂ ਦੂਰ ਹੋ ਗਿਆ ਹੈ।ਰੇਤਾ ਨਾ ਮਿਲਣ ਕਾਰਨ ਬਾਰਡਰ ਏਰੀਏ ਦੇ ਕਈ ਪ੍ਰੋਜੈਕਟ ਅਤੇ ਨੈਸ਼ਨਲ ਹਾਈਵੇ ਦੇ ਕੰਮਾਂ ਵਿੱਚ ਵਿਘਨ ਪੈ ਰਿਹਾ ਹੈ।ਕਿਰਤ ਅਤੇ ਉਸਾਰੀ ਨਾਲ ਜੁੜੇ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ, ਜਦਕਿ ਲਗਭਗ 31 ਹੋਰ ਸਬੰਧਤ ਸੈਕਟਰਾਂ ਨੂੰ ਵੀ ਮੰਦੀ ਦੇ ਦੌਰ ਵਿਚੋਂ ਲੰਘਣਾ ਪੈ ਰਿਹਾ ਹੈ। ਉਸਾਰੀ ਦੇ ਕੰਮ ਬੰਦ ਹੋਣ ਕਾਰਨ ਇਕ ਮਜ਼ਦੂਰ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋਇਆ ਪਿਆ ਹੈ।ਉਨਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਇਹੀ ਰੇਤਾ 1500-2000 ਵਿੱਚ ਆਸਾਨੀ ਨਾਲ ਮਿਲ ਜਾਂਦੀ ਸੀ, ਪਰ ਅੱਜ ਰੇਤਾ 7600 ਨੂੰ ਪਾਰ ਕਰ ਗਈ ਹੈ।ਦਿੱਲੀ ਦੇ ਮੁੱਖ ਮੰਤਰੀ ਆਪਣੇ ਨਿੱਜੀ ਤੇ ਸਵਾਰਥੀ ਹਿੱਤਾਂ ਲਈ ਪੰਜਾਬ ਦਾ ਖਜ਼ਾਨਾ ਵਰਤ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਸਧਾਰਨ ਲੋਕਾਂ ਨਾਲ ਜੁੜੇ ਇਸ ਮੁੱਦੇ ਨੂੰ ਆਪਣੀ ਪਾਰਟੀ ਅਤੇ ਮੁੱਖ ਮੰਤਰੀ ਕੋਲ ਉਠਾਉਣ।ਔਜਲਾ ਨੇ ਇਸ ਦੇ ਨਾਲ ਹੀ ਬੰਦ ਹੋਈਆਂ ਰਜਿਸਟਰੀਆਂ ਦਾ ਮੁੱਦਾ ਵੀ ਉਠਾਇਆ ਅਤੇ ਐਨ.ਓ.ਸੀ ਕਾਰਨ ਘਰ ਤੇ ਪਲਾਟ ਵੇਚਣ-ਖਰੀਦਣ ‘ਚ ਆ ਰਹੀਆਂ ਦਿੱਕਤਾਂ ਬਾਰੇ ਵੀ ਸਰਕਾਰ `ਤੇ ਸਵਾਲ ਚੁੱਕੇ।