ਛੀਨਾ ਨੇ ‘ਪੰਜਾਬ ਦੇ ਪਸ਼ੂ ਜੈਨੇਟਿਕ ਰਿਸੋਰਸਜ਼’ ਦੀ ਵਿੱਦਿਅਕ ਦੀਵਾਰ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੀ ਨੈਸ਼ਨਲ ਸਰਵਿਸ ਸਕੀਮ (ਐਨ.ਐਸ.ਐਸ) ਯੁਨਿਟ ਨੇ ਵਲੰਟੀਅਰਾਂ ਲਈ 7 ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਦੇਖ-ਰੇਖ ‘ਚ ਇਹ ਪ੍ਰੋਗਰਾਮ ਸਵੈ-ਵਿਸ਼ਵਾਸ, ਲੀਡਰਸ਼ਿਪ ਦੇ ਗੁਣਾਂ ਅਤੇ ਸਮਾਜ ਸੇਵਾ ਨੂੰ ਵਧਾਉਣ ’ਚ ਸਹਾਇਤਾ ਪ੍ਰਦਾਨ ਕਰਨ ਦੇ ਮਕਸਦ ਤਹਿਤ ਆਯੋਜਿਤ ਕੀਤਾ ਗਿਆ।ਇਸ ਜਾਗਰੂਕਤਾ ਪ੍ਰੋਗਰਾਮ ’ਚ ਕਰੀਬ 180 ਵਲੰਟੀਅਰਾਂ ਨੇ ਭਾਗ ਲਿਆ, ਜਿਸ ਵਿਚ ਸਮਾਜਿਕ ਮੁੱਦਿਆਂ, ਸਰੀਰਕ ਅਤੇ ਮਾਨਸਿਕ ਸਿਹਤ, ਅੰਗ/ਅੱਖਾਂ ਦਾਨ ਦੀਆਂ ਮਿੱਥਾਂ ਅਤੇ ਤੱਥਾਂ, ਵਾਤਾਵਰਣ ਦੀ ਸੁਰੱਖਿਆ, ਜੰਗਲੀ ਜੀਵ ਸੁਰੱਖਿਆ ਅਤੇ ਸੰਭਾਲ ਬਾਰੇ ਲੈਕਚਰ ਕਰਵਾਏ ਗਏ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋਫੈਸਰ ਦਵਿੰਦਰ ਸਿੰਘ ਠੁਕਰਾਲ ਸਮੇਤ ਵੱਖ-ਵੱਖ ਅਦਾਰਿਆਂ ਤੋਂ ਨੀਰਜ਼ ਸ਼ਰਮਾ, ਡਾ. ਨੀਰੂ ਬਾਲਾ, ਡਾ. ਖੁਸ਼ਬਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ ਠੁਕਰਾਲ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਡਾ. ਕਰਮਜੀਤ ਸਿੰਘ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਤੋਂ ਪ੍ਰੋਫੈਸਰ ਜੇ.ਐਸ ਬਿਲਗਾ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ, ਡਵੀਜ਼ਨਲ ਜੰਗਲਾਤ ਅਫ਼ਸਰ ਰਾਜੇਸ਼ ਗੁਲਾਟੀ ਅਤੇ ਡਾ. ਪੀ.ਕੇ ਸਿੰਘ, ਡਾ. ਸੀ. ਵਰਸ਼ਨੀਆ, ਡਾ. ਪੀ.ਐਸ ਮਾਵੀ, ਡਾ. ਐਸ.ਕੇ ਕੋਤਵਾਲ, ਡਾ. ਜੋਬਨਜੀਤ ਸਿੰਘ ਆਏ ਹੋਏ ਮਹਿਮਾਨ ਬੁਲਾਰਿਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰਾਂ ਨੇ ਪੰਜਾਬ ਦੇ ਸੰਦਰਭ ’ਚ ਵਿਸ਼ੇਸ਼ ਜਾਣਕਾਰੀਆਂ ਪ੍ਰਦਾਨ ਕੀਤੀਆਂ।ਵਲੰਟੀਅਰਾਂ ਲਈ ਖੇਡਾਂ, ਲਲਿਤ ਕਲਾ, ਬਹਿਸ, ਰਚਨਾਤਮਕ ਲੇਖਣੀ ਅਤੇ ਸੱਭਿਆਚਾਰਕ ਸਰਗਰਮੀਆਂ ਕਈ ਤਰ੍ਹਾਂ ਦੀਆਂ ਟੀਮਾਂ ਦੀਆਂ ਗਤੀਵਿਧੀਆਂ ਅਤੇ ਇਵੈਂਟਸ ਦਾ ਆਯੋਜਨ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਦੀ ਸ਼ਖਸੀਅਤਾਂ ’ਚ ਨਿਖਾਰ ਆ ਸਕੇ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਮੁੱਖ ਮਹਿਮਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ, ਕਿਸਾਨਾਂ, ਸੈਲਾਨੀਆਂ ਅਤੇ ਆਮ ਤੌਰ ’ਤੇ ਸਥਾਨਕ ਲੋਕਾਂ ਨੂੰ ਅਮੀਰ ਦੇਸੀ ਖੇਤੀ ਜਾਨਵਰਾਂ ਦੇ ਖਜ਼ਾਨਿਆਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਬਣਾਈ ਗਈ ‘ਪੰਜਾਬ ਦੇ ਪਸ਼ੂ ਜੈਨੇਟਿਕ ਰਿਸੋਰਸਜ਼’ ਦੀ ਵਿੱਦਿਅਕ ਦੀਵਾਰ ਦਾ ਉਦਘਾਟਨ ਕੀਤਾ।ਛੀਨਾ ਨੇ ਕਾਲਜ ਦਾ ਐਨ.ਐਸ.ਐਸ.ਓ.ਪੀ.ਯੂ.ਐਸ ਜਾਰੀ ਕੀਤਾ, ਜਿਸ ਵਿਚ ਸਾਲ 2019 ਤੋਂ ਮੌਜ਼ੂਦਾ ਸਾਲ ਤੱਕ ਦੀਆਂ ਸਾਰੀਆਂ ਐਨ.ਐਸ.ਐਸ ਗਤੀਵਿਧੀਆਂ ਦਾ ਸੰਕਲਨ ਸ਼ਾਮਲ ਹੈ।
ਉਨ੍ਹਾਂ ਨੇ ਪ੍ਰੇਰਣਾ ਸਰੋਤ ਭਾਸ਼ਣ ਦਿੰਦਿਆਂ ਐਨ.ਐਸ.ਐਸ ਯੂਨਿਟ ਅਤੇ ਕਾਲਜ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪੂਰੇ ਭਾਰਤ ਤੋਂ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਕਾਲਜ ਦੀ ਕਾਰਗੁਜ਼ਾਰੀ ਨੂੰ ਉਜਾਗਰ ਕੀਤਾ।ਡਾ. ਵਰਮਾ ਨੇ ਯੁਵਾ ਵਿਕਾਸ ਪ੍ਰੋਗਰਾਮ ’ਚ ਐਨ.ਐਸ.ਐਸ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਉਨ੍ਹਾਂ ‘ਚੰਗੇ ਪਸ਼ੂਆਂ ਦੇ ਡਾਕਟਰ ਕਿਵੇਂ ਬਣੀਏ’ ਵਿਸ਼ੇ ’ਤੇ ਆਪਣੇ ਭਾਸ਼ਣ ’ਤੇ ਧਿਆਨ ਕੇਂਦਰਿਤ ਕਰਦਿਆਂ ਫੀਲਡ ਅਤੇ ਇੰਡਸਟਰੀ ਲਈ ਤਿਆਰ ਵੈਟਸ ਨੂੰ ਪਸ਼ੂ ਪਾਲਣ ਖੇਤਰ ਦੀਆਂ ਆਮ ਫੀਲਡ ਸਮੱਸਿਆਵਾਂ ਬਾਰੇ ਗਿਆਨ ਸਾਂਝਾ ਕੀਤਾ।ਪ੍ਰੋਗਰਾਮ ’ਚ ਕਾਲਜ ਵੱਲੋਂ ਵਧੀਆ ਐਨ.ਐਸ.ਐਸ ਵਲੰਟੀਅਰਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਸਤਿਆਵਨ ਰਾਮਪਾਲ, ਡਾਇਰੈਕਟਰ ਸਟੂਡੈਂਟ ਵੈਲਫ਼ੇਅਰ-ਕਮ-ਅਸਟੇਟ ਅਫ਼ਸਰ, ਗਡਵਾਸੂ, ਇੰਜੀਨੀਅਰ ਜਸਕਰਨ ਸਿੰਘ, ਸਹਾਇਕ ਅਸਟੇਟ ਅਫ਼ਸਰ, ਗਡਵਾਸੂ, ਲੁਧਿਆਣਾ ਵਲੋਂ ਕੀਤੀ ਗਈ।ਮਿਸ ਅਨਵੀ ਮਹਾਜਨ ਦੁਆਰਾ ਡਾਂਸ ਤੋਂ ਬਾਅਦ ਕਲਾਸੀਕਲ ਅਤੇ ਸਮਕਾਲੀ ਕਥਕ ਦੇ ਵਿਚਕਾਰ ਇਕ ਮਿਸ਼ਰਨ ਦੀਆਂ ਸੂਖਮ ਬਾਰੀਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ।ਡਾ. ਵਰਮਾ ਵਲੋਂ ਪ੍ਰੋਗਰਾਮ ਦਾ ਵਲੰਟੀਅਰਾਂ ’ਤੇ ਪ੍ਰਭਾਵ ਅਤੇ ਇਹ ਉਨ੍ਹਾਂ ਨੂੰ ਸਮਾਜ ਲਈ ਵਰਦਾਨ ਵਜੋਂ ਕਿਵੇਂ ਢਾਲ ਸਕਦਾ ਹੈ, ਬਾਰੇ ਸੰਖੇਪ ਸਮੀਖਿਆ ਕੀਤੀ ਗਈ।ਡਾ. ਰਾਮਪਾਲ ਨੇ ਐਨ.ਐਸ.ਐਸ ਸਟਾਲਾਂ ਦਾ ਉਦਘਾਟਨ ਕਰਨ ਉਪਰੰਤ 7 ਟੀਮਾਂ ਦੇ ਭਾਗੀਦਾਰਾਂ ਦਰਮਿਆਨ ਮਾਰਕੀਟਿੰਗ ਅਤੇ ਵਿਕਰੀ ਮੁਕਾਬਲੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਦੇ ਜੇਤੂਆਂ ਨੂੰ ਡਾ. ਰਾਮਪਾਲ ਨੇ ਡਾ. ਵਰਮਾ ਅਤੇ ਐਨ.ਐਸ.ਐਸ ਇੰਚਾਰਜ਼ ਡਾ. ਜੇ.ਕੇ ਖਜ਼ੂਰੀਆ ਨਾਲ ਮਿਲ ਕੇ ਮੈਡਲ ਦੇ ਕੇ ਸਨਮਾਨਿਤ ਕੀਤਾ।ਪ੍ਰੋਗਰਾਮ ਦੀ ਸਮਾਪਤੀ ਵਲੰਟੀਅਰਾਂ ਦੇ ਕਵਿਤਾ, ਗੀਤ, ਡਾਂਸ, ਮੋਨੋ-ਐਕਟਿੰਗ ਅਤੇ ਭੰਗੜੇ ਨਾਲ ਹੋਈ।