ਮੁੱਖ ਮੰਤਰੀ ਨਾਲ ਮਿਲਣ ਲਈ ਸਮਾਂ ਤੇ ਸਥਾਨ ਜਲਦੀ ਤਹਿ ਹੋਵੇਗਾ – ਪ੍ਰੇਮ ਸਾਗਰ ਸ਼ਰਮਾ
ਸਮਰਾਲਾ, 25 ਫਰਵਰੀ (ਇੰਦਰਜੀਤ ਸਿੰਘ ਕੰਗ) – ਮੁੱਖ ਸਕੱਤਰ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪੰਜਾਬ ਯੂ.ਟੀ, ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਮੀਟਿੰਗ ਕੀਤੀ ਗਈ, ਜਿਸ ਵਿੱਚ ਪੈਨਸ਼ਨਰਾਂ ਵਲੋਂ 2.59 ਦਾ ਗੁਣਾਂਕ ਲਾਗੂ ਕਰਵਾਉਣਾ, ਕੈਸ਼ਲੈਸ ਸਿਸਟਮ ਆਫ਼ ਟਰੀਟਮੈਂਟ, 38 ਪ੍ਰਤੀਸ਼ਤ ਮਹਿੰਗਾਈ ਭੱਤੇ ਦੇ ਤੁਰੰਤ ਹੁਕਮ ਜਾਰੀ ਕਰਨ ਅਤੇ ਵੱਖ-ਵੱਖ ਸਮਿਆਂ ਦੇ ਬਕਾਇਆ ਦੀ ਅਦਾਇਗੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਨੂੰ ਜਲਦੀ ਲਾਗੂ ਕਰਨ ‘ਤੇ ਜ਼ੋਰ ਪਾਇਆ ਗਿਆ।ਹਰ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਵੀ ਸ਼ਾਮਲ ਸੀ।ਇਸ ਮੀਟਿੰਗ ਸਬੰਧੀ ਸਮਰਾਲਾ ਵਿਖੇ ਜਾਣਕਾਰੀ ਦਿੰਦੇ ਹੋਏ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਦੱਸਿਆ ਕਿ ਪੰਜਾਬ-ਯੂ.ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਵਫ਼ਦ ਵਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਾਬ ਦੇ ਮੁੱਖ ਸਕੱਤਰ ਵੀ.ਕੇ ਜੰਜੂਆ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸਾਂਝੇ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਠਾਕੁਰ ਸਿੰਘ, ਕਰਮ ਸਿੰਘ ਧਨੋਆ, ਰਣਜੀਤ ਰਾਣਵਾਂ, ਬਾਜ਼ ਸਿੰਘ ਖਹਿਰਾ, ਡਾ. ਐਨ.ਕੇ ਕਲਸੀ, ਸੁਖਦੇਵ ਸਿੰਘ ਸੈਣੀ, ਗਗਨਦੀਪ ਬਠਿੰਡਾ, ਹਰਭਜਨ ਪਿਲਖਣੀ, ਪ੍ਰੇਮ ਸਾਗਰ ਸ਼ਰਮਾ, ਹਰਦੀਪ ਟੋਡਰਪੁਰ, ਕੁਲਵਰਨ ਸਿੰਘ, ਰਾਧੇ ਸ਼ਿਆਮ ਅਤੇ ਜਸਵਿੰਦਰ ਸਿੰਘ ਮੀਟਿੰਗ ਵਿੱਚ ਸ਼ਾਮਲ ਸਨ। ਸਾਂਝੇ ਫਰੰਟ ਨੇ ਆਪਣੀਆਂ ਮੰਗਾਂ ਮੁੱਖ ਸਕੱਤਰ ਸਾਹਮਣੇ ਰੱਖੀਆਂ।ਸਾਂਝੇ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਇਹਨਾਂ ਮੰਗਾਂ ਦੇ ਜਵਾਬ ਵਿੱਚ ਮੁੱਖ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਕੈਬਨਿਟ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਲਗਭਗ 14 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ।ਇਸੇ ਤਰ੍ਹਾਂ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਹਰ ਹਾਲਤ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰੇਗੀ।ਆਗੂਆਂ ਨੇ ਆਖਿਆ ਕਿ ਬਾਕੀ ਮੰਗਾਂ ਸਬੰਧੀ ਮੁੱਖ ਸਕੱਤਰ ਨੇ ਆਖਿਆ ਕਿ ਇਸ ਸਬੰਧੀ ਸਬੰਧਿਤ ਵਿਭਾਗਾਂ ਅਤੇ ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਅਗਲੀ ਮੀਟਿੰਗ ‘ਚ ਸਥਿਤੀ ਸਪੱਸ਼ਟ ਕੀਤੀ ਜਾਵੇਗੀ।ਇਸੇ ਤਰ੍ਹਾਂ ਮੱਖ ਸਕੱਤਰ ਵਲੋਂ ਭਰੋਸਾ ਦਿੱਤਾ ਗਿਆ ਕਿ ਸਾਂਝੇ ਫਰੰਟ ਦੀ ਮੁੱਖ ਮੰਤਰੀ ਨਾਲ ਕਰਵਾਈ ਜਾਣ ਵਾਲੀ ਮੀਟਿੰਗ ਦਾ ਸਮਾਂ ਤੇ ਸਥਾਨ ਜਲਦ ਤੈਅ ਕਰਵਾ ਦਿੱਤਾ ਜਾਵੇਗਾ।