Sunday, December 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਥੀਏਟਰ ਫੈਸਟੀਵਲ ਸ਼ੁਰੂ

ਪਹਿਲੇ ਦਿਨ ਹੋਏ ਨਾਟਕ `ਖੱਡ` ਨੇ ਵਿਅਕਤੀ `ਤੇ ਸਮਾਜਿਕ ਮਨੋਵਿਗਿਆਨਕ ਪ੍ਰਭਾਵਾਂ ਨੂੰ ਦਰਸਾਇਆ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਉਘੇ ਡਾਇਰੈਕਟਰ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਯੂਨੀਵਰਸਿਟੀ ਵੱਲੋਂ ਹਰ ਸਾਲ ਥੀਏਟਰ ਫੈਸਟੀਵਲ ਕਰਵਾਉਣ ਦੀ ਪਰੰਪਰਾ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਰਸ਼ਕ ਥੀਏਟਰ ਦੀ ਤਾਕਤ ਹੁੰਦੇ ਹਨ।ਯੂਨੀਵਰਸਿਟੀ ਦੇ ਦਰਸ਼ਕਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿੰਨਾ ਥੀਏਟਰ ਨੂੰ ਪਿਆਰ ਕਰਦੇ ਹਨ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਅੰਮ੍ਰਿਤਸਰ ਦੇ ਸਾਂਝੇ ਉਪਰਾਲੇ ਹੇਠ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸ਼ਮਾਂ ਰੌਸ਼ਨ ਨਾਲ ਸ਼ੁਰੂ ਹੋਏ ਚਾਰ ਰੋਜ਼ਾ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਦੇ ਨਾਟਕ `ਖੱਡ` ਦੇ ਸਫਲਤਾਪੂਰਵਕ ਮੰਚਨ ਹੋਣ ਤੋਂ ਬਾਅਦ ਦਰਸ਼ਕਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਨਾਟਕ ਦਿਲ ਤੋਂ ਦਿਲ ਤਕ ਦੇ ਰਿਸ਼ਤੇ ਨੂੰ ਜਿਥੇ ਮਜਬੂਤ ਕਰਦੇ ਹਨ ਉਥੇ ਦਰਸ਼ਕਾਂ ਦੀਆਂ ਭਾਵਨਾਵਾਂ ਨਾਲ ਵੀ ਸਿੱਧੇ ਤੌਰ `ਤੇ ਜੁੜ ਕੇ ਇਕ ਨਵਾਂ ਸੰਦੇਸ਼ ਪਾਉਂਦੇ ਹਨ।ਉਨ੍ਹਾਂ ਨੇ ਅੱਜ ਦੇ ਨਾਟਕ ਖੱਡ ਦੇ ਵਿਸ਼ੇ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਸਾਡੇ ਸਮਾਜ ਦੇ ਵਿਚ ਪਈਆਂ ਡੂੰਘੀਆਂ ਖੱਡਾਂ ਨੂੰ ਤਦ ਹੀ ਪੂਰਿਆ ਜਾ ਸਕਦਾ ਹੈ ਜੇ ਅਜਿਹੇ ਜਾਗਰੂਕ ਨਾਟਕ ਥਾਂ ਥਾਂ `ਤੇ ਪੇਸ਼ ਕੀਤੇ ਜਾਣ।ਪੰਜਾਬ ਅਤੇ ਦੇਸ਼ ਹੋਰ ਥਾਵਾਂ ਦੇ ਡੇਰਿਆਂ ਦੇ ਇਤਿਹਾਸ ਤੇ ਪਰੰਪਰਾਵਾਂ `ਤੇ ਡੂੰਘੇ ਵਿਅੰਗ ਕਸਦਿਆਂ ਇਸ ਨਾਟਕ ਰਾਹੀਂ ਜਿਸ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ, ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜੋ ਖੱਡਾਂ ਸਾਡੇ ਸਮਾਜ ਦੇ ਵਿਕਾਸ ਵਿਚ ਰੁਕਾਵਟ ਬਣਦੀਆਂ ਹਨ ਉਨ੍ਹਾਂ ਨੂੰ ਪੂਰਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਉਪਰ ਫੁੱਲ ਲਗਾਉਣੇ ਚਾਹੀਦੇ ਹਨ ਤਾਂ ਜੋ ਉਸ ਦੀ ਖੁਸ਼ਬੂ ਸਮਾਜ ਵਿਚ ਫੈਲ ਸਕੇ ਅਤੇ ਸਾਡਾ ਸਮਾਜ ਇਕ ਵਧੀਆ ਸਮਾਜ ਦੀ ਉਦਾਹਰਣ ਬਣ ਸਕੇ।
ਇਸ ਤੋਂ ਪਹਿਲਾਂ ਉਨ੍ਹਾਂ ਦਾ ਇਥੇ ਪੁੱਜਣ `ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ‘ਜੀ ਆਇਆਂ’ ਆਖਿਆ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਨ੍ਹਾਂ ਦੇ ਸੁਝਾਵਾਂ `ਤੇ ਅਮਲ ਕਰਕੇ ਯੂਨੀਵਰਸਿਟੀ ਕੈਂਪਸ ਵਿਚ ਰੰਗ ਮੰਚ ਸਭਿਆਚਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਤਿੰਨ ਦਿਨਾਂ ਦਾ ਥੀਏਟਰ ਫੈਸਟੀਵਲ ਸੀ ਜੋ ਇਸ ਵਾਰ ਪੰਜ ਦਿਨਾਂ ਦਾ ਕਰ ਦਿੱਤਾ ਗਿਆ ਹੈ ਅਤੇ ਇਹ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਨਿੱਜੀ ਦਿਲਚਸਪੀ ਨਾਲ ਸੰਭਵ ਹੋਇਆ ਹੈ।ਉਨ੍ਹਾਂ ਨੇ ਨਾਟਕ ਵਿਚ ਭਾਵਪੂਰਤ ਰੋਲ ਅਦਾ ਕਰਨ ਵਾਲੇ ਯੂਨੀਵਰਸਿਟੀ ਦੇ ਵਿਦਿਆਰਥੀ ਬਚਨਪਾਲ ਅਤੇ ਰਵਿੰਦਰ ਕੌਰ ਦੀ ਅਦਾਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਯੂਨੀਵਰਸਿਟੀ ਦੇ ਹੋਰ ਵੀ ਵਿਦਿਆਰਥੀ ਪ੍ਰੇਰਿਤ ਹੋਣਗੇ ਅਤੇ ਰੰਗਮੰਚ ਨਾਲ ਆਪਣਾ ਨਾਤਾ ਜੋੜਨਗੇ।
ਕੰਵਲ ਰੰਧੇਅ ਦੀ ਨਿਰਦੇਸ਼ਨਾ ਹੇਠ ਪਾਲੀ ਭੁਪਿੰਦਰ ਸਿੰਘ ਦੇ ਲਿਖੇ ਇਸ ਪੰਜਾਬੀ ਨਾਟਕ ‘ਖੱਡ’ ਦੇ ਮੰਚਨ ਵਿੱਚ ਮਨੁੱਖੀ ਮਨ ਦੀਆਂ ਪਰਤਾਂ ਨੂੰ ਵਿਆਪਕ ਪੱਧਰ ’ਤੇ ਉਜਾਗਰ ਕੀਤਾ ਗਿਆ ਹੈ ਅਤੇ ਇਹ ਨਾਟਕ ਸਮਾਜ ਨੂੰ ਨਵਾਂ ਰਾਹ ਦਿਖਾਉਂਦਾ ਹੈ ਤੇ ਨਾਟਕ ਵਿੱਚ ਰੂੜੀਵਾਦੀ ਸੋਚ ਅਤੇ ਕੱਟੜਤਾ ਤੋਂ ਅਜ਼ਾਦੀ ਦੀ ਗੱਲ ਵੀ ਕਹੀ ਗਈ ਹੈ।ਇਸ ਨਾਟਕ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ।
ਡਰਾਮਾ ਕਲੱਬ ਦੇ ਇੰਚਾਰਜ਼ ਅਤੇ ਹਿੰਦੀ ਵਿਭਾਗ ਦੇ ਮੁਖੀ ਡਾ. ਸੁਨੀਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਡਰਾਮਾ ਕਲੱਬ ਨੇ ਰੰਗਮੰਚ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ।ਕਲੱਬ ਵਲੋਂ ਖੇਡੇ ਗਏ ਨਾਟਕਾਂ ਦੀ ਵਿਸ਼ੇਸ਼ ਪ੍ਰਸੰਸਾ ਹੋਈ।ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ, ਡਾਇਰੈਕਟਰ ਯੁਵਕ ਭਲਾਈ ਡਾ. ਅਮਨਦੀਪ ਸਿੰਘ ਸਮੇਤ ਰੰਗਮੰਚ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਨਾਟਕ ਟੀਮ, ਨਿਰਦੇਸ਼ਕ ਅਤੇ ਸਪਾਂਸਰਾਂ ਨੂੰ ਸਨਮਾਨਿਤ ਕੀਤਾ ਗਿਆ।
ਡਾ. ਸੁਨੀਲ ਨੇ ਦੱਸਿਆ ਕਿ 26 ਅਪ੍ਰੈਲ ਨੂੰ ਨਾਟਕ `ਲਵ ਜੰਕਸ਼ਨ`, 27 ਅਪ੍ਰੈਲ ਨੂੰ `ਲੋਹਾ ਕੁੱਟ ਅਤੇ 28 ਅਪ੍ਰੈਲ ਨੂੰ `ਕਹਾਣੀ ਵਾਲੀ ਅੰਮ੍ਰਿਤਾ` ਨਾਟਕ ਸ਼ਾਮ 5.30 ਵਜੇ ਦਸਮੇਸ਼ ਆਡੀਟੋਰੀਅਮ ਵਿੱਚ ਹੋਣਗੇ ਜਿਸ ਦੇ ਲਈ ਉਨ੍ਹਾਂ ਰੰਗਮੰਚ ਪ੍ਰੇਮੀਆਂ ਨੂੰ ਨਾਟਕ ਵੇਖਣ ਦਾ ਸੱਦਾ ਦਿੱਤਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …