Sunday, December 22, 2024

ਲਹਿਰਾਗਾਗਾ ਵਿਖੇ ਸਵੈ ਸਹਾਇਤਾ ਸਮੂਹ ਵਲੋਂ ਸਥਾਪਿਤ ‘ਪਹਿਲ ਮਾਰਟ’ ਦਾ ਉਦਘਾਟਨ

ਸੰਗਰੂਟ, 6 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੈ ਸਹਾਇਤਾ ਸਮੂਹਾਂ ਨੂੰ ਵਿੱਤੀ, ਤਕਨੀਕੀ ਅਤੇ ਵਪਾਰਕ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਚਲਾਏ ਜਾ ਰਹੇ ‘ਪਹਿਲ ਪ੍ਰੋਜੈਕਟ’ ਤਹਿਤ ਮਹਿਲਾ ਸ਼ਸ਼ਕਤੀਕਰਨ ਦੀ ਦਿਸ਼ਾ ਵਿੱਚ ਮਜ਼ਬੂਤ ਕਦਮ ਪੁੱਟੇ ਜਾ ਰਹੇ ਹਨ।ਇਸੇ ਸਬੰਧ ਵਿੱਚ ਸਵੈ ਸਹਾਇਤਾ ਸਮੂਹ ਦੀਆਂ ਮਹਿਲਾ ਮੈਂਬਰਾਂ ਵਲੋਂ ਬਲਾਕ ਲਹਿਰਾਗਾਗਾ ਵਿਖੇ ‘ਪਹਿਲ ਮਾਰਟ’ ਸਥਾਪਤ ਕੀਤਾ ਗਿਆ ਹੈ।ਜਿਸ ਵਿੱਚ ਕੁਦਰਤੀ ਖੇਤੀ ਲਈ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੇ ਨਾਲ ਨਾਲ ਅਜੋਲਾ ਖਾਦ, ਦੇਸੀ ਖਾਦਾਂ, ਗੰਡੋਇਆਂ ਦੀ ਖਾਦ, ਸ਼ੁੱਧ ਸ਼ਹਿਦ, ਦੇਸੀ ਤੇ ਹਾਈਬ੍ਰਿਡ ਬੀਜ਼ ਅਤੇ ਮੌਸਮੀ ਪਨੀਰੀ ਮੁਹੱਈਆ ਕਰਵਾਈ ਜਾਂਦੀ ਹੈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਨੇ ‘ਪਹਿਲ ਮਾਰਟ’ ਦਾ ਉਦਘਾਟਨ ਕਰਦਿਆਂ ਸਵੈ ਸਹਾਇਤਾ ਸਮੂਹ ਦੇ ਉਦਮ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਅਗਾਂਹਵਧੂ ਔਰਤਾਂ ਦੇ ਸਮੂਹ ਆਪਣੀ ਮਿਹਨਤ ਤੇ ਲਗਨ ਨਾਲ ਮਿਸਾਲ ਕਾਇਮ ਕਰ ਰਹੇ ਹਨ ਅਤੇ ਯਕੀਨੀ ਤੌਰ ’ਤੇ ਆਰਥਿਕ ਖੁਸ਼ਹਾਲੀ ਵੱਲ ਪੁਲਾਂਘ ਪੁੱਟ ਰਹੇ ਹਨ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਹਰੇਕ ਬਲਾਕ ਵਿਖੇ ਅਜਿਹਾ ਹੀ ਪਹਿਲ ਮਾਰਟ ਖੋਲ੍ਹੇ ਜਾਣ ਦੀ ਤਜਵੀਜ਼ ਹੈ ਤਾਂ ਜੋ ਪਿੰਡਾਂ ਦੀਆਂ ਔਰਤਾਂ ਬਲਾਕ ਪੱਧਰ ’ਤੇ ਆਪਣੇ ਹੱਥੀਂ ਤਿਆਰ ਕੀਤੀਆਂ ਵਸਤਾਂ ਦੀ ਵਿਕਰੀ ਕਰ ਸਕਣ ਅਤੇ ਪ੍ਰਸ਼ਾਸਨ ਵਲੋਂ ਅਜਿਹੀਆਂ ਹਿੰਮਤੀ ਔਰਤਾਂ ਨੂੰ ਸਮਾਨ ਦੀ ਵਿਕਰੀ ਲਈ ਮਿਆਰੀ ਮੰਚ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਹੁ ਗਿਣਤੀ ਪਿੰਡਾਂ ਵਿੱਚ ਅਜਿਹੇ ਸਵੈ ਸਹਾਇਤਾ ਸਮੁਹ ਪੂਰੀ ਸਫ਼ਲਤਾ ਨਾਲ ਚੱਲ ਰਹੇ ਹਨ, ਜਿਸ ਨਾਲ ਔਰਤਾਂ ਆਪਣੀ ਆਮਦਨ ਦੇ ਸਰੋਤ ਵਧਾਉਣ ਵਿੱਚ ਕਾਮਯਾਬ ਹੋ ਰਹੀਆਂ ਹਨ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਰਾਮਪਾਲ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸੌਰਭ ਬਾਂਸਲ, ਰਾਜਿੰਦਰ ਕੁਮਾਰ ਸ਼ਰਮਾ, ਚੇਤਨ ਕੁਮਾਰ, ਸ਼ੁਭਰੀਤ ਸਿੰਘ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …