ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਅੰਤਰਰਾਸ਼ਟਰੀ ਸਰਹੱਦ ਤੱਕ ਸਥਿਤ ਰਕਬਾ, ਜਿਸ ਵਿੱਚ ਕਿਸਾਨਾਂ ਨੂੰ ਖੇਤੀ ਕਰਨ ਦੀਆਂ ਕਈ ਦਿੱਕਤਾਂ ਆਉਂਦੀਆਂ ਹਨ।ਉਨਾਂ ਨੂੰ ਇਸ ਲਈ ਮੁਆਵਜ਼ਾ ਰਾਸ਼ੀ ਸਾਲ 2022-23 ਲਈ ਪ੍ਰਤੀ ਏਕੜ 10 ਹਜ਼ਾਰ ਰੁਪਏ ਜਾਰੀ ਕਰ ਦਿੱਤੀ ਗਈ ਹੈ ਅਤੇ ਸਬੰਧਤ ਕਿਸਾਨ ਇਹ ਮੁਆਵਜ਼ਾ ਰਾਸ਼ੀ ਲੈਣ ਲਈ ਆਪਣੇ ਹਲਕੇ ਦੇ ਐਸ.ਡੀ.ਐਮ ਦਫਤਰ ਨਾਲ ਰਾਬਤਾ ਕਰ ਸਕਦੇ ਹਨ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਦਾ ਅਜਿਹਾ 3801 ਏਕੜ ਰਕਬਾ ਕੰਡਿਆਲੀ ਤਾਰ ਤੋਂ ਅੱਗੇ ਹੈ, ਲਈ ਸਰਕਾਰ ਵੱਲੋਂ ਤਿੰਨ ਕਰੋੜ 80 ਲੱਖ ਰੁਪਏ ਦੇ ਕਰੀਬ ਰਕਮ ਜਾਰੀ ਕਰ ਦਿੱਤੀ ਗਈ ਹੈ, ਜੋ ਕਿ ਸਬੰਧਤ ਕਿਸਾਨਾਂ ਨੂੰ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਇਹ ਮੁਆਵਜ਼ਾ ਰਾਸ਼ੀ ਇਕ ਜਨਵਰੀ 2022 ਤੋਂ 31 ਦਸੰਬਰ 2022 ਤੱਕ ਦੇ ਸਮੇਂ ਲਈ ਜਾਰੀ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਗੈਰ ਮੁਮਕਿਨ ਰਕਬੇ ਅਤੇ ਜ਼ਮੀਨ ਸਬੰਧੀ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ।ਇਸ ਲਈ ਮੁਆਵਜ਼ਾ ਦੇਣ ਤੋਂ ਪਹਿਲਾਂ ਸਬੰਧਤ ਅਧਿਕਾਰੀ ਇੰਤਕਾਲ ਦੀ ਪੜਤਾਲ ਕਰਨੀ ਯਕੀਨੀ ਬਨਾਉਣ।ਡਿਪਟੀ ਕਮਿਸ਼ਨਰ ਨੇ ਇਸ ਬਾਬਤ ਸਰਹੱਦੀ ਖੇਤਰ ਦੇ ਐਸ.ਡੀ.ਐਮ ਜਿੰਨਾਂ ਵਿੱਚ ਅਜਨਾਲਾ, ਲੋਪੋਕੇ, ਅੰਮ੍ਰਿਤਸਰ-2 ਸ਼ਾਮਲ ਹਨ, ਨੂੰ ਪੱਤਰ ਲਿਖ ਕੇ ਮੁਆਵਜ਼ਾ ਰਾਸ਼ੀ ਵੰਡਣ ਦੀਆਂ ਹਦਾਇਤਾਂ ਕਰਦੇ ਕਿਹਾ ਕਿ ਇਹ ਰਾਸ਼ੀ ਪਹਿਲ ਦੇ ਅਧਾਰ ‘ਤੇ ਸਬੰਧਤ ਕਿਸਾਨਾਂ ਵਿੱਚ ਵੰਡਣੀ ਯਕੀਨੀ ਬਣਾਈ ਜਾਵੇ।