Thursday, November 21, 2024

ਇਹ ਦੁਨੀਆਂ ਟੇਸ਼ਨ’ ਗੱਡੀਆਂ ਦਾ

ਇਹ ਦੁਨੀਆਂ ਟੇਸ਼ਨ’ ਗੱਡੀਆਂ ਦਾ,
ਦੋ ਆਉਂਦੀਆਂ ਤੇ ਦੋ ਜਾਂਦੀਆਂ ਨੇ।
ਏਥੇ ਲੱਖਾਂ ਲੋਕੀਂ ਮਿਲਦੇ ਨੇ,
ਤੇ ਲੱਖਾਂ ਵਿਛੜਦੇ ਨੇ।
ਇਹ ਦੁਨੀਆਂ ਟੇਸ਼ਨ’ ਗੱਡੀਆਂ ਦਾ..…..

ਕਈ ਬਣਦੇ ਯਾਰ ਤੇ ਬੇਲੀ ਏਥੇ,
ਲਾਉਂਦੇ ਤੇ ਤੋੜ ਨਿਭਾਉਂਦੇ ਨੇ।
ਕਈ ਲਾ ਕੇ ਯਾਰੀਆਂ ਗੂੜ੍ਹੀਆਂ,
ਵਾਂਗ ਗਿਰਗਟ ਰੰਗ ਵਟਾਉਂਦੇ ਨੇ।
ਇਹ ਦੁਨੀਆਂ ਟੇਸ਼ਨ’ ਗੱਡੀਆਂ ਦਾ..…..

ਕਰ ਪੂਰਾ ਮਤਲਬ ਆਪਣਾ,
ਕਈ ਪਾਸਾ ਵੱਟ ਜਾਂਦੇ ਨੇ।
ਏਥੇ ਸਦਾ ਨਾ ਮੱਲਣੇ ਡੇਰੇ ਨੇ,
ਦੋ ਘੜੀ ਦੇ ਰੈਣ ਵਸੇਰੇ ਨੇ।
ਇਹ ਦੁਨੀਆਂ ਟੇਸ਼ਨ’ ਗੱਡੀਆਂ ਦਾ..…..

ਫੇਰ ਕਿਉਂ ਤੇਰੇ ਮੇਰੇ ਨੇ,
ਕਿਉਂ ਆਪਾ’ ਤੇ ਹੰਕਾਰ ਭਾਰੇ ਨੇ।
ਕਿਉਂ ਆਪਸ ਵਿੱਚ ਪਿਆਰ ਨਹੀਂ,
ਕਿਉਂ ਤੇਰੇ ਤੋਂ ਪਹਿਲਾਂ ਮਤਲਬ ਮੇਰੇ ਨੇ।
ਇਹ ਦੁਨੀਆ ਟੇਸ਼ਨ’ ਗੱਡੀਆਂ ਦਾ…….

‘ਨੀਲਮ’ ਆ, ਪੀਂਘਾਂ ਪਿਆਰ ਦੀਆਂ ਪਾ ਲਈਏ,
ਰਲ-ਮਿਲ ਦੁੱਖ-ਦਰਦ ਵੰਡਾ ਲਈਏ।
ਦੋ ਘੜੀਆਂ ਖੱਲ੍ਹ ਕੇ ਜੀਓ ਲਈਏ,
ਇਕ ਦੂਜੇ ਦੇ ਚਿਹਰੇ ਰੁਸ਼ਨਾ ਲਈਏ।
ਇਹ ਦੁਨੀਆਂ ਟੇਸ਼ਨ’ ਗੱਡੀਆਂ ਦਾ..…..

ਏਸ ਚਲੋ-ਚਲੀ ਦੇ ਮੇਲੇ ਅੰਦਰ,
ਹੱਸ-ਖੇਡ ਮੌਜ਼ ਮਨਾ ਲਈਏ।
ਇਹ ਦੁਨੀਆ ‘ਟੇਸ਼ਨ ਗੱਡੀਆਂ ਦਾ
ਇਹ ਦੁਨੀਆਂ ਟੇਸ਼ਨ’ ਗੱਡੀਆਂ ਦਾ……
ਕਵਿਤਾ 1103202401

ਨੀਲਮ
ਹਿੰਦੀ ਮਿਸਟ੍ਰੈਸ

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …