Thursday, November 21, 2024

ਸੂਬਾ ਪੱਧਰੀ ਵਿਗਿਆਨ ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਆਗਾਜ਼

ਭੀਖੀ, 4 ਅਕਤੂਬਰ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੁਆਰਾ ਆਯੋਜਿਤ ਤਿੰਨ ਰੋਜ਼ਾ ਸੂਬਾ ਪੱਧਰੀ ਗਣਿਤ ਅਤੇ ਵਿਗਿਆਨ ਮੇਲੇ ਦਾ ਉਦਘਾਟਨ ਸ਼ਾਨੋ ਸ਼ੌਕਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਡਾ: ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਵਿੱਦਿਆ ਭਾਰਤੀ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਵਿਗਿਆਨਕ ਰੁਚੀ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ, ਤਾਂ ਜੋ ਵਿਦਿਆਰਥੀ ਹਰ ਖੇਤਰ ਵਿੱਚ ਆਪਣਾ ਕਰੀਅਰ ਬਣਾ ਕੇ ਭਵਿੱਖ ਰੁਸ਼ਨਾ ਸਕਣ।ਉਨ੍ਹਾਂ ਦੱਸਿਆ ਕਿ ਇਸ ਤਿੰਨ ਰੋਜ਼ਾ ਵਿਗਿਆਨ ਮੇਲੇ ਵਿੱਚ ਪਰਮਜੀਤ ਸਿੰਘ ਭੋਗਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਾਨਸਾ ਨੇ ਮੁੱਖ ਮਹਿਮਾਨ ਵਜੋਂ, ਸਹਾਇਕ ਹਰਪ੍ਰੀਤ ਸਿੰਘ ਅਤੇ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਦੇ ਮਹਾਂਮੰਤਰੀ ਨਵਦੀਪ ਸ਼ੇਖਰ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।ਉਨ੍ਹਾਂ ਵਲੋਂ ਦੀਪ ਜਲਾ ਕੇ ਵਿਗਿਆਨ ਮੇਲੇ ਦਾ ਉਦਘਾਟਨ ਕੀਤਾ ਗਿਆ।ਮੁੱਖ ਮਹਿਮਾਨ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਕਿਸੇ ਵੀ ਦੇਸ਼ ਦੀ ਤਰੱਕੀ ਦਾ ਆਧਾਰ ਹਨ।ਪ੍ਰਿੰਸੀਪਲ ਡਾ ਗਗਨਦੀਪ ਪਰਾਸ਼ਰ ਨੇ ਵਿਗਿਆਨ ਮੇਲੇ ਦੌਰਾਨ ਉਲੀਕੀਆਂ ਗਈਆਂ ਗਤੀਵਿਧੀਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਵਿਗਿਆਨ ਮੇਲੇ ਵਿੱਚ ਪੂਰੇ ਪੰਜਾਬ ਦੇ 45 ਸਕੂਲਾਂ ਵਿਚੋਂ ਵਿਭਾਗ ਪੱਧਰ ‘ਤੇ ਜੇਤੂ 800 ਬੱਚੇ ਭਾਗ ਲੈ ਰਹੇ ਹਨ।
ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਮਹਾਂਮੰਤਰੀ ਨਵਦੀਪ ਸ਼ੇਖਰ ਨੇ ਕਿਹਾ ਕਿ ਅਜਿਹੇ ਮੇਲੇ ਜੀਵਨ ਵਿੱਚ ਖੋਜ਼ੀ ਬਿਰਤੀ ਨੂੰ ਉਤਸ਼ਾਹਿਤ ਕਰਦੇ ਹਨ।ਜ਼ਿਕਰਯੋਗ ਹੈ ਕਿ ਇਸ ਤਿੰਨ ਰੋਜ਼ਾ ਸੂਬਾ-ਪੱਧਰੀ ਵਿਗਿਆਨ ਮੇਲੇ ਵਿੱਚ ਸ਼ਿਸ਼ੂ, ਬਾਲ, ਕਿਸ਼ੋਰ ਅਤੇ ਤਰੁਣ ਵਰਗ ਦੇ ਗਣਿਤ ਅਤੇ ਵਿਗਿਆਨ ਵਿਸ਼ੇ ਦੇ ਮਾਡਲ, ਪ੍ਰਯੋਗ, ਪ੍ਰਸ਼ਨ ਮੰਚ ਅਤੇ ਪੱਤਰ-ਵਾਚਨ ਆਦਿ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਸਕੂਲ ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨ ਪਰਮਜੀਤ ਸਿੰਘ ਭੋਗਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਾਨਸਾ, ਮਹਾਂਮੰਤਰੀ ਨਵਦੀਪ ਸ਼ੇਖਰ ਨੂੰ ਸਨਮਾਨਿਤ ਕੀਤਾ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਉਦਘਾਟਨੀ ਸਮਾਗਮ ਦੌਰਾਨ ਅਨੋਖੀ ਪੇਸ਼ਕਾਰੀ ਚੰਦਰਯਾਨ-3 ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ।ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ, ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ, ਵਾਈਸ ਪ੍ਰਧਾਨ ਬਿਰਜ ਲਾਲ, ਪ੍ਰਬੰਧਕ ਅੰਮ੍ਰਿਤ ਲਾਲ, ਡਾ. ਮੱਖਣ ਲਾਲ, ਰਜਿੰਦਰ ਕੁਮਾਰ, ਰਕੇਸ਼ ਕੁਮਾਰ ਹਾਜ਼ਰ ਸਨ।

 

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …