ਛੇਤੀ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ‘ਤੇ ਬਣੇਗਾ ਨਵਾਂ ਰੇਲਵੇ ਸਟੇਸ਼ਨ – ਧਾਲੀਵਾਲ
ਅਜਨਾਲਾ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਰਮਦਾਸ ਨੂੰ ਆਉਂਦੇ ਚਾਰ ਮੁੱਖ ਰਸਤਿਆਂ ‘ਤੇ ਧਾਰਮਿਕ ਦਿੱਖ ਵਾਲੇ ਸੁੰਦਰ ਗੇਟ ਬਣਾਉਣ ਦਾ ਜੋ ਸੁਪਨਾ ਲਿਆ ਸੀ, ਉਸ ਨੂੰ ਪੂਰਾ ਕਰਨ ਲਈ ਅੱਜ ਨੀਹ ਪੱਥਰ ਰੱਖ ਕੇ ਸ਼ੂਰੂਆਤ ਕਰ ਦਿੱਤੀ ਗਈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਗਭਗ ਪੌਣੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ।ਉਹਨਾਂ ਨੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਨਗਰੀ ਦਾ ਵਿਕਾਸ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੈ ਅਤੇ ਉਹ ਲਗਾਤਾਰ ਇਸ ਲਈ ਕੰਮ ਕਰ ਰਹੇ ਹਨ, ਜਿਸ ਸਦਕਾ ਰਮਦਾਸ ਨੂੰ ਆਉਂਦੀ ਮੁੱਖ ਸੜਕ ‘ਤੇ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਤੱਕ ਜਾਂਦੀ ਸੜਕ ਬਣ ਚੁੱਕੀ ਹੈ ਅਤੇ ਹੁਣ ਇਸ ਇਸ ਸ਼ਹਿਰ ਨੂੰ ਆਉਂਦੇ ਚਾਰ ਮੁੱਖ ਰਸਤਿਆਂ ਉਤੇ ਵੱਡੇ ਦਰਵਾਜ਼ੇ ਬਣਾਏ ਜਾਣਗੇ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਰਮਦਾਸ ਤੋਂ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਵੀ ਬਣਾਈਆਂ ਜਾ ਚੁੱਕੀਆਂ ਹਨ ਅਤੇ ਹੁਣ ਨਗਰ ਕੌਂਸਲ ਰਮਦਾਸ ਰਾਹੀਂ ਸ਼ਹਿਰ ਵਿੱਚ ਹੋਣ ਵਾਲੇ ਕੰਮ ਸ਼ੁਰੂ ਕਰਵਾਏ ਜਾਣਗੇ। ਉਹਨਾਂ ਸਮੁੱਚੀਆਂ ਨਾਮ ਲੇਵਾ ਸੰਗਤਾਂ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਇਸ ਵਡਮੁੱਲੇ ਤੋਂਫੇ ਲਈ ਧੰਨਵਾਦ ਕੀਤਾ।
ਧਾਲੀਵਾਲ ਨੇ ਦੱਸਿਆ ਕਿ ਰੇਲਵੇ ਮੰਤਰਾਲੇ ਵੱਲੋਂ ਰਮਦਾਸ ਦਾ ਨਵਾਂ ਰੇਲਵੇ ਸਟੇਸ਼ਨ ਬਣਾਉਣ ਲਈ ਛੇਤੀ ਕੰਮ ਸ਼ੁੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਸਟੇਸ਼ਨ ਦਾ ਨਾਂ ਹੁਣ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਉਤੇ ਰੱਖਿਆ ਜਾਵੇਗਾ । ਉਹਨਾਂ ਪਿਛਲੀਆਂ ਸਰਕਾਰਾਂ ਉਤੇ ਦੋਸ਼ ਲਗਾਉਂਦੇ ਕਿਹਾ ਕਿ ਇਤਿਹਾਸਿਕ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਪਵਿੱਤਰ ਅਸਥਾਨ ਨੂੰ ਲਗਾਤਾਰ ਅਣਗੌਲਿਆਂ ਕੀਤਾ ਗਿਆ, ਜਦੋਂਕਿ ਸਾਡੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਇਸ ਇਤਿਹਾਸਿਕ ਨਗਰੀ ਲਈ ਵਿਕਾਸ ਦੇ ਕੰਮ ਸ਼ੂਰੂ ਕਰ ਦਿੱਤੇ ਸਨ।
ਅੱਜ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ‘ਤੇ ਵਧਾਈ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੂੰ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਇੱਕ ਪਰਿਵਾਰ ਲਈ।ਉਨ੍ਹਾਂ ਕੁਝ ਨੇਤਾਵਾਂ ਵਲੋਂ ਚੋਣ ਵਿੱਚ ਵੱਖ-ਵੱਖ ਪਾਰਟੀਆਂ ਦੇ ਨਾਲ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਧਾਰਮਿਕ ਸੰਸਥਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲ ਨਹੀਂ ਦੇਂਦੀ।
ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਓ.ਐਸ.ਡੀ ਗੁਰਜੰਟ ਸਿੰਘ ਸੋਹੀ, ਐਸ.ਡੀ.ਓ ਮਨਜਿੰਦਰ ਸਿੰਘ ਮੱਤੇਨੰਗਲ, ਹਰਿੰਦਰ ਸਿੰਘ ਭੁੱਲਰ, ਨਿਜ਼ਾਮਪੁਰਾ, ਚੇਅਰਮੈਨ ਬਲਦੇਵ ਸਿੰਘ ਚੇਤਨਪੁਰਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਖਹਿਰਾ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ, ਸਰਪੰਚ ਸ਼ੇਰ ਸਿੰਘ ਆਵਾਨ, ਸਾਬਕਾ ਸਰਪੰਚ ਕਾਬਲ ਸਿੰਘ, ਬਲਜੀਤ ਸਿੰਘ ਅੜਾਇਆ, ਸੰਤੋਖ ਸਿੰਘ ਵੀ ਹਾਜ਼ਰ ਸਨ।