Sunday, December 22, 2024

ਗਣਤੰਤਰ ਦਿਵਸ 2015 ਦੀ ਪੂਰਵ ਸੰਧਿਆ ਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦਾ ਰਾਸ਼ਟਰ ਦੇ ਨਾਂ ਸੰਦੇਸ਼

Pranab Mukhrjiee
ਨਵੀਂ ਦਿੱਲੀ, 25 ਜਨਵਰੀ, 2015

ਮੇਰੇ ਪਿਆਰੇ ਦੇਸ਼ਵਾਸੀਓ
66ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਵਸੇ ਤੁਹਾਨੂੰ ਸਾਰਿਆ ਨੂੰ ਹਾਰਦਿਕ ਵਧਾਈ ਦਿੰਦਾ ਹਾਂ । ਮੈਂ ਆਪਣੀਆਂ ਹਥਿਆਰਬੰਦ ਸੈਨਾਵਾਂ, ਨੀਮ ਫੌਜੀ ਬੱਲਾਂ ਅਤੇ ਅੰਦਰੂਨੀ ਸੁਰੱਖਿਆ ਬੱਲਾਂ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਹਾਂ ।

26 ਜਨਵਰੀ ਦਾ ਦਿਨ ਸਾਡੇ ਦੇਸ਼ ਦੀ ਸਮ੍ਰਿਤੀ ਵਿੱਚ ਇਕ ਚਿਰਸਥਾਈ ਥਾਂ ਰੱਖਦਾ ਹੈ, ਕਿਉਂਕਿ ਇਹ ਉਹ ਦਿਨ ਹੈ, ਜਦੋ ਆਧੁਨਿਕ ਭਾਰਤ ਦਾ ਜਨਮ ਹੋਇਆ ਸੀ। ਮਹਾਤਮਾ ਗਾਂਧੀ ਦੀ ਨੈਤਿਕ ਅਤੇ ਰਾਜਨੀਤਿਕ ਅਗਵਾਈ ਹੇਠ ਰਾਸ਼ਟਰੀ ਕਾਂਗਰਸ ਨੇ ਅੰਗਰੇਜ਼ੀ ਰਾਜ ਤੋਂ ਪੂਰੀ ਆਜ਼ਾਦੀ ਦੀ ਮੰਗ ਕਰਦਿਆਂ ਹੋਇਆ ਦਸੰਬਰ, 1929 ਵਿੱਚ ਪੂਰਨ ਸਵਰਾਜ ਦਾ ਸੰਕਲਪ ਮੰਜ਼ੂਰ ਕੀਤਾ ਸੀ। 26 ਜਨਵਰੀ, 1930 ਨੂੰ, ਗਾਂਧੀ ਜੀ ਨੇ ਪੂਰੇ ਦੇਸ਼ ਵਿੱਚ ਆਜ਼ਾਦੀ ਦਿਵਸ ਦੇ ਤੌਰ ਵਿੱਚ ਰਾਸ਼ਟਰ ਵਿਆਪੀ ਸਮਾਰੋਹਾਂ ਦਾ ਆਯੋਜਨ ਕੀਤਾ ਸੀ। ਉਸੇ ਦਿਨ ਤੋਂ, ਦੇਸ਼ ਉਦੋ ਤੱਕ ਹਰ ਸਾਲ ਇਸ ਦਿਨ ਆਜ਼ਾਦੀ ਸੰਘਰਸ਼ ਨੂੰ ਜਾਰੀ ਰੱਖਣ ਦੀ ਸਹੁੰ ਚੁਕਦਾ ਰਿਹਾ, ਜਦ ਤੱਕ ਅਸੀਂ ਇਸ ਨੂੰ ਹਾਸਲ ਨਹੀਂ ਕਰ ਲਿਆ।

ਠੀਕ 20 ਸਾਲ ਬਾਅਦ, 1950 ਵਿੱਚ ਅਸੀਂ ਆਧੁਨਿਕਤਾ ਦੇ ਆਪਣੇ ਘੋਸ਼ਣਾ ਪੱਤਰ, ਸੰਵਿਧਾਨ ਨੂੰ ਅਪਣਾਇਆ। ਇਹ ਦੁੱਖ ਦੀ ਗੱਲ ਸੀ ਕਿ ਗਾਂਧੀ ਜੀ 2 ਸਾਲ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ, ਪਰ ਆਧੁਨਿਕ ਵਿਸ਼ਵ ਦੇ ਸਾਹਮਣੇ ਭਾਰਤ ਨੂੰ ਆਦਰਸ਼ ਬਣਾਉਣ ਵਾਲੇ ਸੰਵਿਧਾਨ ਦੇ ਢਾਂਚੇ ਦੀ ਰਚਨਾ ਉਹਨਾਂ ਦੇ ਹੀ ਫ਼ਲਸਫ਼ੇ ਉੱਤੇ ਕੀਤੀ ਗਈ ਸੀ। ਇਸ ਦਾ ਸਾਰ ਚਾਰ ਸਿਧਾਂਤਾ ਉਤੇ ਅਧਾਰਿਤ ਹੈ: ਲੋਕਤੰਤਰ; ਧਰਮ ਦੀ ਆਜ਼ਾਦੀ; ਲਿੰਗ ਬਰਾਬਰੀ; ਅਤੇ ਗਰੀਬੀ ਦੇ ਜਾਲ ਵਿੱਚ ਫਸੇ ਲੋਕਾਂ ਦਾ ਆਰਥਿਕ ਵਿਕਾਸ। ਇਹਨਾਂ ਨੂੰ ਸੰਵਿਧਾਨਿਕ ਜ਼ਿੰਮੇਵਾਰੀ ਬਣਾ ਦਿੱਤਾ ਗਿਆ ਸੀ। ਦੇਸ਼ ਦੇ ਸ਼ਾਸਕਾਂ ਲਈ ਗਾਂਧੀ ਜੀ ਦਾ ਮੰਤਰ ਸਰਲ ਅਤੇ ਸ਼ਕਤੀਸ਼ਾਲੀ ਸੀ, “ਜਦ ਵੀ ਤੁਸੀਂ ਕਿਸੇ ਸ਼ੱਕ ਵਿੱਚ ਹੋਵੋ.. ਤਾਂ ਉਸ ਸਭ ਤੋਂ ਗਰੀਬ ਅਤੇ ਸਭ ਤੋਂ ਕਮਜ਼ੋਰ ਵਿਅਕਤੀ ਦਾ ਚਿਹਰਾ ਯਾਦ ਕਰੋ, ਜਿਸ ਨੂੰ ਤੁਸੀਂ ਵੇਖਿਆ ਹੋਵੇ ਅਤੇ ਫਿਰ ਆਪਣੇ ਆਪ ਤੋਂ ਪੁੱਛੋ.. ਕੀ ਇਸ ਨਾਲ ਗਰੀਬ ਅਤੇ ਅਧਿਆਤਮਕ ਭੁੱਖ ਤੋਂ ਪੀੜਿਤ ਲੱਖਾਂ ਲੋਕਾਂ ਲਈ ਸਵਰਾਜ ਆਵੇਗਾਂ”। ਸਮਾਵੇਸ਼ੀ ਵਿਕਾਸ ਦੇ ਮਾਧਿਅਮ ਨਾਲ ਗਰੀਬੀ ਮਿਟਾਉਣ ਦਾ ਸਾਡਾ ਸੰਕਲਪ ਉਸ ਦਿਸ਼ਾ ਵਿੱਚ ਇਕ ਕਦਮ ਹੋਣਾ ਚਾਹੀਦਾ ਹੈ।

ਪਿਆਰੇ ਦੇਸ਼ ਵਾਸੀਓ:
ਪਿਛਲਾ ਸਾਲ ਕਈ ਤਰ੍ਹਾਂ ਨਾਲ ਖਾਸ ਰਿਹਾ ਹੈ। ਖਾਸ ਕਰਕੇ ਇਸ ਲਈ, ਕਿ ਤਿੰਨ ਦਹਾਕਿਆਂ ਬਾਅਦ ਜਨਤਾ ਨੇ ਸਥਾਈ ਸਰਕਾਰ ਲਈ, ਇਕ ਇੱਕਲੀ ਪਾਰਟੀ ਨੂੰੰ ਬਹੁਮਤ ਦਿੰਦਿਆਂ ਹੋਇਆਂ, ਸੱਤਾ ਵਿੱਚ ਲਿਆਉਣ ਲਈ ਮਤਦਾਨ ਕੀਤਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਦੇਸ਼ ਦੇ ਸ਼ਾਸਨ ਨੂੰ ਗਠਬੰਧਨ ਦੀ ਰਾਜਨੀਤੀ ਦੀ ਮਜਬੂਰੀਆਂ ਤੋਂ ਮੁਕਤ ਕੀਤਾ ਹੈ। ਇਹਨਾਂ ਚੋਣਾਂ ਦੇ ਨਤੀਜਿਆ ਨੇ ਚੁਣੀ ਹੋਈ ਸਰਕਾਰ ਨੂੰ, ਨੀਤੀਆਂ ਦੇ ਨਿਰਮਾਣ ਅਤੇ ਇਹਨਾਂ ਨੀਤੀਆਂ ਦੇ ਅਮਲ ਲਈ ਕਾਨੂੰਨ ਬਣਾ ਕੇ ਜਨਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਦਾ ਜਨਾਦੇਸ਼ ਦਿੱਤਾ ਹੈ। ਮਤਦਾਤਾ ਨੇ ਆਪਣਾ ਕਾਰਜ ਪੂਰਾ ਕਰ ਦਿੱਤਾ ਹੈ, ਹੁਣ ਇਹ ਚੁਣੇ ਹੋਏ ਲੋਕਾਂ ਦਾ ਫਰਜ਼ ਹੈ ਕਿ ਉਹ ਇਸ ਭਰੋਸੇ ਦਾ ਸਨਮਾਨ ਕਰਨ। ਇਹ ਮਤ ਇਕ ਸਵੱਛ, ਕੁਸ਼ਲ, ਕਾਰਗਰ, ਲਿੰਗ ਸੰਵੇਦਨਾਯੁਕਤ, ਪਾਰਦਰਸ਼ੀ, ਜਵਾਬਦੇਹ ਅਤੇ ਨਾਗਰਿਕ ਅਨੁਕੂਲ ਸ਼ਾਸਨ ਲਈ ਸੀ।

ਪਿਆਰੇ ਦੇਸ਼ ਵਾਸੀਓ:
ਇਕ ਸਰਗਰਮ ਵਿਧਾਨਪਾਲਿਕਾ ਦੇ ਬਿਨਾਂ ਸ਼ਾਸਨ ਸੰਭਵ ਨਹੀਂ ਹੈ। ਵਿਧਾਇਕਾ ਜਨਤਾ ਦੀ ਇੱਛਾ ਨੂੰ ਪ੍ਰਗਟ ਕਰਦੀ ਹੈ। ਇਹ ਅਜਿਹਾ ਮੰਚ ਹੈ, ਜਿਥੇ ਸ਼ਿਸ਼ਟਾਤਾਪੂਰਨ, ਗੱਲਬਾਤ ਦੀ ਵਰਤੋਂ ਕਰਦੇ ਹੋਏ, ਪ੍ਰਗਤੀਸ਼ੀਲ ਕਾਨੂੰਨ ਰਾਹੀਂ ਜਨਤਾ ਦੀਆਂ ਇਛਾਵਾਂ ਨੂੰ ਸਾਕਾਰ ਕਰਨ ਲਈ ਸਪੁਰਦਗੀ ਤੰਤਰ ਦੀ ਰਚਨਾ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਭਾਗੀਦਾਰਾਂ ਵਿਚਾਲੇ ਮਤਭੇਦਾਂ ਨੂੰ ਦੂਰ ਕਰਨ ਅਤੇ ਬਣਾਏ ਜਾਣ ਵਾਲੇ ਕਾਨੂੰਨਾਂ ਉੱਤੇ ਆਮ ਸਹਿਮਤੀ ਲਿਆਉਣ ਦੀ ਲੋੜ ਹੁੰਦੀ ਹੈ। ਬਿਨਾਂ ਚਰਚਾ ਕਾਨੂੰਨ ਬਣਾਉਣ ਨਾਲ ਸੰਸਦ ਦੀ ਕਾਨੂੰਨ ਨਿਰਮਾਣ ਦੀ ਭੁਮਿਕਾ ਨੂੰ ਧੱਕਾ ਪਹੁੰਚਦਾ ਹੈ। ਇਸ ਨਾਲ, ਜਨਤਾ ਵੱਲੋਂ ਵਿਅਕਤ ਭਰੋਸਾ ਟੁਟੱਦਾ ਹੈ। ਇਹ ਨਾ ਤਾਂ ਲੋਕਤੰਤਰ ਲਈ ਚੰਗਾ ਹੈ ਅਤੇ ਨਾ ਹੀ ਇਹਨਾਂ ਕਾਨੂੰਨਾਂ ਨਾਲ ਸੰਬੰਧਤ ਨੀਤੀਆਂ ਲਈ ਵਧੀਆ ਹੈ।

ਪਿਆਰੇ ਦੇਸ਼ ਵਾਸੀਓ:
ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਰਵਿੰਦਰਨਾਥ ਟੈਗੋਰ, ਸੁਬ੍ਰਹਮਣਿਯਾ ਭਾਰਤੀ ਅਤੇ ਹੋਰ ਬਹੁਤ ਸਾਰੇ ਲੋਕਾਂ ਦਾ ਕੰਮ ਅਤੇ ਨਜ਼ਰੀਆ ਭਾਵੇਂ ਹੀ ਵੱਖਰਾ-ਵੱਖਰਾ ਹੋਵੇ, ਪਰ ਉਹਨਾਂ ਸਾਰਿਆਂ ਨੇ ਸਿਰਫ਼ ਰਾਸ਼ਟਰ ਭਗਤੀ ਦੀ ਹੀ ਭਾਸ਼ਾ ਬੋਲੀ। ਅਸੀਂ ਆਪਣੀ ਆਜ਼ਾਦੀ ਲਈ ਰਾਸ਼ਟਰੀਅਤਾ ਦੇ ਇਹਨਾਂ ਮਹਾਨ ਯੋਧਾਵਾਂ ਦੇ ਕਰਜਾਈ ਹਾਂ। ਅਸੀਂ ਉਹਨਾਂ ਸਿਆਸਦਾਨ ਵੀਰਾਂ ਨੂੰ ਪ੍ਰਣਾਮ ਕਰਦੇ ਹਾਂ, ਜਿਹਨਾਂ ਨੇ ਭਾਰਤ ਮਾਤਾ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ, ਪਰ ਮੈਨੂੰ ਇਹ ਵੇਖ ਕੇ ਦੁੱਖ ਹੁੰਦਾ ਹੈ ਕਿ ਜਦੋਂ ਮਹਿਲਾਵਾਂ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ, ਤੱਦ ਉਸ ਦੇ ਆਪਣੇ ਬੱਚਿਆਂ ਵੱਲੋਂ ਵੀ ਭਾਰਤ ਮਾਤਾ ਦਾ ਸਨਮਾਨ ਨਹੀਂ ਕੀਤਾ ਜਾਂਦਾ। ਬਲਾਤਕਾਰ, ਹੱਤਿਆ, ਸੜਕਾਂ ਤੇ ਛੇੜ-ਛਾੜ, ਅਗਵਾ ਅਤੇ ਦਹੇਜ਼ ਹੱਤਿਆਵਾਂ ਵਰਗੇ ਜ਼ੁਲਮਾਂ ਨੇ ਮਹਿਲਾਵਾਂ ਦੇ ਮਨ ਵਿੱਚ ਆਪਣੇ ਘਰਾਂ ਵਿੱਚ ਵੀ ਡਰ ਪੈਦਾ ਕਰ ਦਿੱਤਾ ਹੈ। ਰਵਿੰਦਰਨਾਥ ਟੈਗੋਰ ਮਹਿਲਾਵਾਂ ਨੂੰ ਨਾ ਸਿਰਫ਼ ਘਰ ਵਿੱਚ ਰੋਸ਼ਨੀ ਕਰਨ ਵਾਲੀਆਂ ਦੇਵੀਆਂ ਮੰਨਦੇ ਸਨ, ਸਗੋਂ ਉਹਨਾਂ ਨੂੰ ਸਵੈ ਆਤਮਾ ਦਾ ਪ੍ਰਕਾਸ਼ ਮੰਨਦੇ ਸਨ। ਮਾਤਾ-ਪਿਤਾ, ਅਧਿਆਪਕ ਅਤੇ ਨੇਤਾਵਾਂ ਦੇ ਤੌਰ ਵਿੱਚ, ਸਾਡੇ ਤੋਂ ਕਿਤੇ ਭੁੱਲ ਹੋ ਗਈ ਹੈ ਕਿ ਸਾਡੇ ਬੱਚੇ ਸਭਿਯ ਵਿਵਹਾਰ ਅਤੇ ਮਹਿਲਾਵਾਂ ਪ੍ਰਤੀ ਸਨਮਾਨ ਦੇ ਸਿਧਾਂਤਾ ਨੂੰ ਭੁੱਲ ਗਏ ਹਨ। ਅਸੀਂ ਬਹੁਤ ਸਾਰੇ ਕਾਨੂੰਨ ਬਣਾਏ ਹਨ, ਪਰ ਜਿਵੇਂ ਕਿ ਬੇਂਜਾਮਿਨ ਫ੍ਰੈਂਕਲਿਨ ਨੇ ਇਕ ਵਾਰ ਕਿਹਾ ਸੀ, “ਂਨਿਆਂ ਦਾ ਉਦੇਸ਼ ਤੱਦ ਤੱਕ ਪੂਰਾ ਨਹੀਂ ਹੋਵੇਗਾ ਜਦ ਤੱਕ ਉਹ ਲੋਕ ਵੀ ਓਨਾ ਹੀ ਗੁੱਸਾ ਨਹੀਂ ਮਹਿਸੂਸ ਕਰਦੇ ਜੋ ਪ੍ਰਭਾਵਿਤ ਨਹੀਂ ਹਨ, ਜਿਨਾਂ ਕਿ ਉਹ ਜੋ ਪ੍ਰਭਾਵਿਤ ਹਨ”। ਹਰੇਕ ਭਾਰਤੀ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਮਹਿਲਾਵਾਂ ਦੀ ਹਿਫ਼ਾਜ਼ਤ ਕਰਨ ਦੀ ਸਹੁੰ ਚੁੱਕਣੀ ਚਾਹੀਦੀ ਹੈ। ਸਿਰਫ਼ ਅਜਿਹਾ ਹੀ ਦੇਸ਼ ਵਿਸ਼ਵ ਸ਼ਕਤੀ ਬਣ ਸਕਦਾ ਹੈ ਜੋ ਆਪਣੀਆਂ ਮਹਿਲਾਵਾਂ ਦਾ ਸਨਮਾਨ ਕਰੇ ਅਤੇ ਉਹਨਾਂ ਨੂੰ ਸਸ਼ਕਤ ਬਣਾਏ।

ਪਿਆਰੇ ਦੇਸ਼ ਵਾਸੀਓ:
ਭਾਰਤੀ ਸੰਵਿਧਾਨ ਲੋਕਤੰਤਰ ਦੀ ਪਵਿੱਤਰ ਕਿਤਾਬ ਹੈ। ਇਹ ਅਜਿਹੇ ਭਾਰਤ ਦੇ ਸਮਾਜਿਕ-ਆਰਥਿਕ ਬਦਲਾਅ ਦਾ ਮਾਰਗਪ੍ਰਦਰਸ਼ਕ ਹੈ, ਜਿਸ ਨੇ ਪ੍ਰਾਚੀਨਕਾਲ ਤੋਂ ਹੀ ਬਹੁਲਤਾ ਦਾ ਸਨਮਾਨ ਕੀਤਾ ਹੈ, ਸਹਿਣਸ਼ੀਲਤਾ ਦਾ ਪੱਖ ਲਿਆ ਹੈ ਅਤੇ ਵੱਖ-ਵੱਖ ਸਮੁਦਾਇਆਂ ਵਿਚਾਲੇ ਸਦਭਾਵ ਨੂੰ ਬੜ੍ਹਾਵਾ ਦਿੱਤਾ ਹੈ, ਪਰ ਇਹਨਾਂ ਕਦਰਾਂ-ਕੀਮਤਾਂ ਦੀ ਹਿਫ਼ਾਜ਼ਤ ਜ਼ਿਆਦਾ ਸਾਵਧਾਨੀ ਅਤੇ ਚੋਕਸੀ ਨਾਲ ਕਰਨ ਦੀ ਲੋੜ ਹੈ। ਲੋਕਤੰਤਰ ਵਿੱਚ ਨਿਹਿੱਤ ਆਜ਼ਾਦੀ ਕਦੇ-ਕਦੇ ਉਨਮਾਦ ਪੂਰਨ ਮੁਕਾਬਲੇਬਾਜ਼ੀ ਦੇ ਤੌਰ ਤੇ ਇਕ ਅਜਿਹਾ ਨਵਾਂ ਦੁੱਖ-ਦਾਇਕ ਨਤੀਜਾ ਸਾਹਮਣੇ ਲੈ ਆਉਂਦੀ ਹੈ, ਜੋ ਸਾਡੀ ਰਿਵਾਇਤੀ ਸੁਭਾਅ ਦੇ ਵਿਰੁੱਧ ਹੈ। ਜ਼ੁਬਾਨ ਦੀ ਹਿੰਸਾ ਚੋਟ ਪਹੁੰਚਾਉਂਦੀ ਹੈ ਅਤੇ ਲੋਕਾਂ ਦੇ ਦਿਲਾਂ ਨੂੰ ਜ਼ਖਮੀ ਕਰਦੀ ਹੈ। ਗਾਂਧੀ ਜੀ ਨੇ ਕਿਹਾ ਸੀ ਕਿ ਧਰਮ ਏਕਤਾ ਦੀ ਤਾਕਤ ਹੈ; ਅਸੀਂ ਇਸ ਟਕਰਾਅ ਦਾ ਕਾਰਨ ਨਹੀਂ ਬਣ ਸਕਦੇ।

ਪਿਆਰੇ ਦੇਸ਼ ਵਾਸੀਓ:
ਭਾਰਤ ਦੀ ਨਰਮ ਸ਼ਕਤੀ ਬਾਰੇ ਵੀ ਬਹੁਤ ਕੁਝ ਕਿਹਾ ਜਾਂਦਾ ਹੈ, ਪਰ ਇਸ ਤਰ੍ਹਾਂ ਦੇ ਕੌਮਾਂਤਰੀ ਮਾਹੌਲ ਵਿੱਚ, ਜਿਥੇ ਬਹੁਤ ਸਾਰੇ ਦੇਸ਼ ਧਰਮ ਅਧਾਰਿਤ ਹਿੰਸਾ ਦੇ ਦਲ-ਦਲ ਵਿੱਚ ਫਸਦੇ ਜਾ ਰਹੇ ਹਨ, ਭਾਰਤ ਦੀ ਨਰਮ ਸ਼ਕਤੀ ਦਾ ਸਭ ਤੋਂ ਸ਼ਕਤੀਸ਼ਾਲੀ ਉਦਾਹਰਣ ਧਰਮ ਅਤੇ ਰਾਜ-ਵਿਵਸਥਾ ਵਿਚਾਲੇ ਸੰਬੰਧਾਂ ਦੀ ਸਾਡੀ ਪਰਿਭਾਸ਼ਾ ਵਿੱਚ ਸ਼ਾਮਲ ਹਨ। ਅਸੀਂ ਹਮੇਸ਼ਾ ਧਾਰਮਿਕ ਸਮਾਨਤਾ ਉੱਤੇ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ, ਜਿਥੇ ਹਰ ਧਰਮ ਕਾਨੂੰਨ ਦੇ ਸਾਹਮਣੇ ਬਰਾਬਰ ਹੈ ਅਤੇ ਹਰੇਕ ਸੱਭਿਆਚਾਰ ਦੂਜੇ ਵਿੱਚ ਮਿੱਲ ਕੇ ਇਕ ਸਕਾਰਾਤਮਕ ਗਤੀਸ਼ੀਲਤਾ ਦੀ ਰਚਨਾ ਕਰਦਾ ਹੈ। ਭਾਰਤ ਦੀ ਸਿਆਣਪ ਸਾਨੂੰ ਸਿਖਾਉਂਦੀ ਹੈ: ਏਕਤਾ ਤਾਕਤ ਹੈ, ਦਬਦਬਾ ਕਮਜ਼ੋਰੀ ਹੈ।

ਪਿਆਰੇ ਦੇਸ਼ ਵਾਸੀਓ:
ਵੱਖ-ਵੱਖ ਦੇਸ਼ਾਂ ਵਿਚਾਲੇ ਟਕਰਾਅ ਦੀਆਂ ਹੱਦਾ ਨੂੰ ਖੂਨੀ ਹੱਦਾ ਵਿੱਚ ਬਦਲ ਦਿੱਤਾ ਹੈ ਅਤੇ ਦਹਿਸ਼ਤਗਰਦੀ ਨੂੰ ਬੁਰਾਈ ਦੀ ਸਨਅਤ ਬਣਾ ਦਿੱਤਾ ਹੈ। ਦਹਿਸ਼ਤਗਰਦੀ ਅਤੇ ਹਿੰਸਾ ਸਾਡੀਆਂ ਹੱਦਾ ਤੋਂ ਘੁਸਪੈਠ ਕਰ ਰਹੇ ਹਨ। ਜਦਕਿ ਸ਼ਾਂਤੀ, ਅਹਿੰਸਾ ਅਤੇ ਚੰਗੇ ਗੁਆਂਢੀ ਦੀ ਭਾਵਨਾ ਸਾਡੀ ਵਿਦੇਸ਼ ਨੀਤੀ ਦੇ ਬੁਨਿਆਦੀ ਤੱਤ ਹੋਣੇ ਚਾਹੀਦੇ ਹਨ, ਪਰ ਅਸੀਂ ਅਜਿਹੇ ਦੁਸ਼ਮਨਾਂ ਵੱਲ ਢਿੱਲੇ ਰਹਿਣ ਦਾ ਜੋਖਮ ਨਹੀਂ ਉਠਾ ਸਕਦੇ, ਜੋ ਖੁਸ਼ਹਾਲੀ ਅਤੇ ਸਮਾਨਤਾ ਪੂਰਨ ਭਾਰਤ ਵੱਲ ਸਾਡੀ ਪ੍ਰਗਤੀ ਵਿੱਚ ਵਿਘਨ ਪਹੁੰਚਾਉਣ ਲਈ ਕਿਸੇ ਵੀ ਹਦ ਤੱਕ ਜਾ ਸਕਦੇ ਹਨ। ਸਾਡੇ ਕੋਲ, ਆਪਣੀ ਜਨਤਾ ਵਿਰੁੱਧ ਲੜਾਈ ਦੇ ਸੂਤਰ ਧਾਰਾਂ ਨੂੰ ਹਰਾਉਣ ਲਈ ਤਾਕਤ, ਵਿਸ਼ਵਾਸ ਅਤੇ ਪੱਕਾ ਇਰਾਦਾ ਮੌਜੂਦ ਹੈ। ਸੀਮਾ ਰੇਖਾ ਉੱਤੇ ਯੁੱਧ ਵਿਰਾਮ ਦਾ ਵਾਰ-ਵਾਰ ਉਲੰਘਣ ਅਤੇ ਅੱਤਵਾਦੀ ਹਮਲਿਆਂ ਦਾ, ਕਾਰਗਰ ਕੂਟਨੀਤੀ ਅਤੇ ਬਿੱਲਕੁਲ ਸੁਰੱਖਿਅਤ ਪ੍ਰਣਾਲੀ ਦੇ ਮਾਧਿਅਮ ਨਾਲ ਸਾਨੂੰ ਸੰਗਠਿਤ ਜਵਾਬ ਦੇਣਾ ਚਾਹੀਦਾ ਹੈ। ਵਿਸ਼ਵ ਨੂੰ ਅੱਤਵਾਦ ਦੇ ਇਸ ਸਰਾਪ ਨਾਲ ਲੜਨ ਵਿੱਚ ਭਾਰਤ ਦਾ ਸਾਥ ਦੇਣਾ ਚਾਹੀਦਾ ਹੈ।

ਪਿਆਰੇ ਦੇਸ਼ ਵਾਸੀਓ:
ਆਰਥਿਕ ਪ੍ਰਗਤੀ ਲੋਕਤੰਤਰ ਦੀ ਪ੍ਰੀਖਿਆ ਵੀ ਹੈ। ਸਾਲ 2015 ਉਮੀਦਾ ਦਾ ਸਾਲ ਹੈ। ਆਰਥਿਕ ਸੰਕੇਤਕ ਬਹੁਤ ਆਸ਼ਾਜਨਕ ਹਨ। ਬਾਹਰੀ ਖੇਤਰ ਦੀ ਮਜ਼ਬੂਤੀ, ਵਿੱਤੀ ਮਜ਼ਬੂਤੀ ਕਰਨ ਦੀ ਦਿਸ਼ਾ ਵਿੱਚ ਪ੍ਰਗਤੀ, ਕੀਮਤਾਂ ਦੇ ਪੱਧਰ ਵਿੱਚ ਕਮੀ, ਨਿਰਮਾਣ ਖੇਤਰ ਵਿੱਚ ਵਾਪਸੀ ਦੇ ਸ਼ੁਰੂਆਤੀ ਸੰਕੇਤ ਅਤੇ ਪਿਛਲੇ ਸਾਲ ਖੇਤੀ ਉਤਪਾਦਨ ਵਿੱਚ ਰਿਕਾਰਡ, ਸਾਡੇ ਅਰਥਚਾਰੇ ਲਈ ਚੰਗਾ ਸੰਕੇਤ ਹੈ। 2014-15 ਦੀਆਂ ਪਹਿਲੀਆਂ ਦੋ ਤਿਮਾਹੀਆਂ ਵਿੱਚ 5 ਫੀਸਦ ਤੋਂ ਵੱਧ ਦੀ ਵਿਕਾਸ ਦਰ ਦੀ ਪ੍ਰਾਪਤੀ, 7-8 ਫੀਸਦ ਦੀ ਉੱਚ ਵਿਕਾਸ ਦਰ ਦੀ ਦਿਸ਼ਾ ਵਿੱਚ ਸ਼ੁਰੂਆਤੀ ਬਦਲਾਅ ਦੇ ਸਿਹਤਮੰਦ ਸੰਕੇਤ ਹਨ।

ਕਿਸੇ ਵੀ ਸਮਾਜ ਦੀ ਸਫ਼ਲਤਾ ਨੂੰ, ਇਸ ਦੀਆਂ ਕਦਰਾਂ ਕੀਮਤਾਂ, ਸੰਸਥਾਵਾਂ ਅਤੇ ਸ਼ਾਸਨ ਦੇ ਸਾਧਨਾਂ ਦੇ ਬਣੇ ਰਹਿਣ ਅਤੇ ਉਹਨਾਂ ਦੇ ਮਜ਼ਬੂਤ ਹੋਣ, ਦੋਵਾਂ ਤੋਂ ਮਾਪਿਆ ਜਾਂਦਾ ਹੈ। ਸਾਡੀ ਰਾਸ਼ਟਰੀ ਗਾਥਾ ਨੂੰ ਇਸ ਦੇ ਪਿਛਲੇ ਸਿਧਾਂਤਾ ਅਤੇ ਆਧੁਨਿਕ ਉਪਲਬੱਧੀਆਂ ਤੋਂ ਆਕਾਰ ਮਿਲਿਆ ਹੈ ਅਤੇ ਇਹ ਅੱਜ ਆਪਣੀ ਲੁਪਤ ਸ਼ਕਤੀ ਨੂੰ ਜਾਗ੍ਰਿਤ ਕਰਕੇ ਭਵਿੱਖ ਨੂੰ ਆਪਣਾ ਬਣਾਉਣ ਲਈ ਤਿਆਰ ਹੈ।

ਪਿਆਰੇ ਦੇਸ਼ ਵਾਸੀਓ:
ਸਾਡਾ ਰਾਸ਼ਟਰੀ ਉਦੇਸ਼, ਭਾਰਤੀ ਜਨਤਾ ਦੇ ਜੀਵਨ ਪੱਧਰ ਨੂੰ ਤੇਜ਼ੀ ਨਾਲ ਉੱਚਾ ਚੁਕਣਾ ਅਤੇ ਗਿਆਨ, ਦੇਸ਼ ਭਗਤੀ, ਦਯਾ, ਇਮਾਨਦਾਰੀ ਅਤੇ ਫਰਜ਼ ਬੋਧ ਨਾਲ ਸੰਪਨ ਪੀੜੀਆ ਨੂੰ ਤਿਆਰ ਕਰਨਾ ਹੈ। ਥਾਮਸ ਜੈਫਰਸਨ ਨੇ ਕਿਹਾ ਸੀ, “ਸਾਰੀ ਜਨਤਾ ਨੂੰ ਸਿੱਖਿਅਤ ਅਤੇ ਸੂਚਨਾ ਸੰਪਨ ਬਣਾਈਏ.. ਸਿਰਫ਼ ਇਹ ਹੀ ਸਾਡੀ ਆਜ਼ਾਦੀ ਦੀ ਰੱਖਿਆ ਲਈ ਸਾਡਾ ਪੱਕਾ ਭਰੋਸਾ ਹੈ”ਂ। ਸਾਨੂੰ ਆਪਣੀ ਸਿੱਖਿਅਕ ਸੰਸਥਾਵਾਂ ਵਿੱਚ ਸਰਵਉੱਚ ਗੁਣਵੱਤਾ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਨੇੜਲੇ ਭਵਿੱਖ ਵਿੱਚ 21ਵੀਂ ਸਦੀ ਦੇ ਗਿਆਨ ਖੇਤਰ ਦੇ ਅਗਲੇਰੇ ਆਗੂਆਂ ਵਿੱਚ ਆਪਣੀ ਥਾਂ ਬਣਾ ਸਕੀਏ। ਮੈਂ ਖਾਸ ਕਰਕੇ, ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਕਿਤਾਬਾਂ ਅਤੇ ਪੜ੍ਹਨ ਦੀ ਸੰਸਕ੍ਰਿਤੀ ਉੱਤੇ ਖਾਸ ਜ਼ੋਰ ਦੇਈਏ, ਜੋ ਗਿਆਨ ਨੂੰ ਕਲਾਸਾਂ ਤੋਂ ਅੱਗੇ ਲੈ ਜਾਂਦੀ ਹੈ ਅਤੇ ਕਲਪਨਾਸ਼ੀਲਤਾ ਨੂੰ ਤਤਕਾਲਿਕਤਾ ਅਤੇ ਉਪਯੋਗਿਤਾਵਾਦ ਦੇ ਦਬਾਅ ਤੋਂ ਆਜ਼ਾਦ ਕਰਾਉਂਦੀ ਹੈ। ਅਸੀਂ, ਆਪਸ ਵਿੱਚ ਇਕ ਦੂਜੇ ਨਾਲ ਜੁੜੀਆ ਹੋਈਆਂ ਅਣਗਿਣਤ ਵਿਚਾਰ ਧਰਾਵਾਂ ਨਾਲ ਸੰਪਨ ਸਿਰਜਨਾਤਮਕ ਦੇਸ਼ ਬਣਨਾ ਚਾਹੀਦਾ ਹੈ। ਸਾਡੇ ਨੌਜਵਾਨਾਂ ਨੂੰ ਅਜਿਹੇ ਬ੍ਰਹਿਮੰਡ ਚ ਤਕਨਾਲੌਜੀ ਅਤੇ ਸੰਚਾਰ ਵਿੱਚ ਮੁਹਾਰਤ ਦੀ ਦਿਸ਼ਾ ਵਿੱਚ ਅਗਵਾਈ ਕਰਨੀ ਚਾਹੀਦੀ ਹੈ, ਜਿਥੇ ਆਕਾਸ਼, ਸੀਮਾ ਰਹਿਤ ਲਾਇਬ੍ਰੇਰੀ ਬਣ ਚੁੱਕਿਆ ਹੈ ਅਤੇ ਤੁਹਾਡੀ ਹਥੇਲੀ ਵਿੱਚ ਮੌਜੂਦ ਕੰਪਿਊਟਰ ਵਿੱਚ, ਮਹੱਤਵਪੂਰਨ ਮੌਕੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ। 21ਵੀਂ ਸਦੀ ਭਾਰਤ ਦੀ ਮੁੱਠੀ ਵਿੱਚ ਹੈ।

ਪਿਆਰੇ ਦੇਸ਼ ਵਾਸੀਓ:
ਜੇ ਅਸੀ ਨੁਕਸਾਨਦਾਇਕ ਆਦਤਾ ਅਤੇ ਸਮਾਜਿਕ ਬੁਰਾਈਆਂ ਤੋਂ ਖੁਦ ਨੂੰ ਨਿਰੰਤਰ ਸਵੱਛ ਕਰਨ ਦੀ ਆਪਣੀ ਯੋਗਤਾ ਦਾ ਇਸਤੇਮਾਲ ਨਹੀਂ ਕਰਦੇ ਤਾਂ ਭਵਿੱਖ ਸਾਡੇ ਸਾਹਮਣੇ ਮੌਜੂਦ ਹੁੰਦਿਆ ਹੋਇਆ ਵੀ ਸਾਡੀ ਪਕੜ ਤੋਂ ਦੂਰ ਹੋਵੇਗਾ। ਪਿਛਲੀ ਸਦੀ ਦੌਰਾਨ, ਇਹਨਾਂ ਵਿੱਚੋਂ ਬਹੁਤ ਸਾਰੀਆਂ ਖ਼ਤਮ ਹੋ ਚੁੱਕੀਆਂ ਹਨ, ਕੁਝ ਨਿਸ਼ਪ੍ਰਭਾਵੀ ਹੋ ਚੁੱਕੀਆਂ ਹਨ, ਪਰ ਬਹੁਤ ਸਾਰੀਆਂ ਅਜੇ ਮੌਜੂਦ ਹਨ। ਅਸੀਂ ਇਸ ਸਾਲ ਦੱਖਣੀ ਅਫ਼ਰੀਕਾ ਤੋਂ ਗਾਂਧੀ ਜੀ ਦੀ ਵਾਪਸੀ ਦੀ ਸਦੀ ਮਨਾ ਰਹੇ ਹਾਂ। ਅਸੀਂ ਕਦੇ ਵੀ ਮਹਾਤਮਾ ਜੀ ਤੋਂ ਸਿੱਖ ਲੈਣਾ ਨਹੀਂ ਛੱਡਾਂਗੇ। 1915 ਵਿੱਚ ਉਹਨਾਂ ਨੇ ਜੋ ਸਭ ਤੋਂ ਪਹਿਲਾਂ ਕਾਰਜ ਕੀਤਾ ਸੀ, ਉਹ ਸੀ ਆਪਣੀਆਂ ਅੱਖਾ ਖੁੱਲੀਆਂ ਰੱਖਣਾ ਅਤੇ ਆਪਣਾ ਮੂੰਹ ਬੰਦ ਰੱਖਣਾ। ਇਸ ਉਦਾਹਰਣ ਨੂੰ ਅਪਣਾਉਣਾ ਚੰਗਾ ਹੋਵੇਗਾ। ਜਦ ਕਿ ਅਸੀਂ 1915 ਦੀ ਗੱਲ ਕਰ ਰਹੇ ਹਾਂ, ਜੋ ਕਿ ਸਹੀਂ ਹੀ ਹੈ, ਤੱਦ ਅਸੀਂ ਸ਼ਾਇਦ 1901 ਵਿੱਚ ਜਿਸ ਸਾਲ ਉਹ ਆਪਣੀ ਪਹਿਲੀ ਛੁੱਟੀ ਵਿੱਚ ਘਰ ਵਾਪਸ ਆਏ ਸਨ, ਗਾਂਧੀ ਜੀ ਨੇ, ਜੋ ਕਾਰਜ ਕੀਤਾ ਸੀ, ਉਸ ਉੱਤੇ ਇਕ ਨਜ਼ਰ ਪਾਉਣੀ ਚਾਹੀਦੀ ਹੈ। ਕਾਂਗਰਸ ਦਾ ਸਲਾਨਾ ਇਜਲਾਸ ਉਸ ਸਾਲ ਕਲਕੱਤਾ ਵਿੱਚ ਆਯੋਜਿਤ ਹੋਇਆ ਸੀ, ਜੋ ਉਸ ਸਮੇਂ ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਸੀ। ਉਹ ਇਕ ਬੈਠਕ ਲਈ ਰਿਪਨ ਕਾਲਜ ਗਏ ਸਨ। ਉਹਨਾਂ ਨੇ ਵੇਖਿਆ ਕਿ ਬੈਠਕ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੇ ਸਾਰੇ ਥਾਵਾਂ ਨੂੰ ਗੰਦਾ ਕਰ ਦਿੱਤਾ ਹੈ। ਇਹ ਵੇਖ ਕੇ ਹੈਰਾਨ ਹੋਏ ਗਾਂਧੀ ਜੀ ਨੇ ਸਫਾਈ ਕਰਮਚਾਰੀਆਂ ਦੇ ਆਉਣ ਤੱਕ ਇੰਤਜ਼ਾਰ ਨਹੀਂ ਕੀਤਾ। ਉਹਨਾਂ ਨੇ ਝਾੜੂ ਚੁੱਕਿਆਂ ਅਤੇ ਉਸ ਥਾਂ ਦੀ ਸਫ਼ਾਈ ਕਰ ਦਿੱਤੀ। 1901 ਵਿੱਚ ਉਹਨਾਂ ਦੇ ਉਦਾਹਰਣ ਨੂੰ ਕਿਸੇ ਨਹੀਂ ਅਪਣਾਇਆ ਸੀ, ਆਓ 114 ਸਾਲ ਬਾਅਦ ਅਸੀਂ ਉਹਨਾਂ ਦੀ ਉਦਾਹਰਣ ਨੂੰ ਅਪਣਾਈਏ ਅਤੇ ਇਕ ਮਹਾਨ ਪਿਤਾ ਦੇ ਯੋਗ ਬੱਚੇ ਬਣੀਏ।

ਜੈ ਹਿੰਦ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply