ਭਾਰਤ, ਪਾਕਿਸਤਾਨ ਅਤੇ ਇੰਗਲੈਂਡ ਵਿੱਚ ਫੈਲੇ ਡਰੱਗ ਰੈਕੇਟ ਦਾ ਪਰਦਾਫਾਸ਼-ਜੈਨ
ਬਠਿੰਡਾ, 11 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ )- ਜਿੱਥੇ ਪੂਰੇ ਦੇਸ਼ ਵਿੱਚ ਇਸ ਸਮੇਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਆਪਣੇ ਚਰਮ ਤੇ ਹਨ ਉਥੇ ਹੀ ਚੋਣਾਵੀ ਸੀਜ਼ਨ ਵਿੱਚ ਕਾਊਂਟਰ ਇੰਟੈਲੀਜੈਂਸ ਵਿੰਗ ਬਠਿੰਡਾ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਵਿਭਾਗ ਨੇ ਨਸ਼ਿਆਂ ਦੇ ਖਿਲਾਫ ਚਲਾਏ ਗਏ ਸਪੈਸ਼ਲ ਆਪ੍ਰੇਸ਼ਨ ਦੇ ਤਹਿਤ 3 ਕਿੱਲੋ ਹੈਰੋਇਨ ( ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ ੧੫ ਕਰੋੜ ਰੁਪਏ ਬਣਦੀ ਹੈ) ਅਤੇ 70 ਹਜ਼ਾਰ ਰੁਪਏ ਡਰੱਗ ਮਨੀ, ਦੋ ਮੋਬਾਇਲ ਫੋਨ ਸਮੇਤ ਭਾਰਤ, ਪਾਕਿਸਤਾਨ ਅਤੇ ਇੰਗਲੈਂਡ ਵਿੱਚ ਫੈਲੇ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਇਸ ਰੈਕੇਟ ਨਾਲ ਜੁੜੇ ਤਿੰਨ ਇੰਡੋ-ਪਾਕ ਅੰਤਰਰਾਸ਼ਟਰੀ ਸਮੱਗਲਰਾਂ ਨੂੰ ਕਾਬੂ ਕੀਤਾ ਹੈ ਇਸ ਸੰਬਧ ਵਿੱਚ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡਾ. ਜਤਿੰਦਰ ਜੈਨ ਆਈ.ਜੀ ਕਾਊਂਟਰ ਇੰਟੈਲੀਜੇਂਸ ਬਠਿੰਡਾ ਨੇ ਦੱਸਿਆ ਕਿ ਫੜੇ ਗਏ ਸਮਗਲਰਾਂ ਦੀ ਸ਼ਿਨਾਖਤ ਰਣਜੋਧ ਸਿੰਘ ਉਰਫ ਜੋਧਾ ਪੁੱਤਰ ਸਰਵਣ ਸਿੰਘ ਵਾਸੀ ਮਹੈਦੀਪੁਰ ਥਾਣਾ ਖੇਮਕਰਣ, ਜਿਲਾ ਤਰਨਤਾਰਨ, ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਸਤਪਾਲ ਸਿੰਘ ਪੁੱਤਰ ਜੋਗਿੰਦਰ ਵਾਸੀ ਭਾਵੜਾ ਆਜਮਸ਼ਾਹ ਥਾਣਾ ਮਮਦੋਟ ਜਿਲਾ ਫਿਰੋਜਪੁਰ ਦੇ ਤੌਰ ਤੇ ਹੋਈ। ਫੜੇ ਗਏ ਤਿੰਨਾਂ ਦੋਸ਼ੀਆਂ ਦੇ ਖਿਲਾਫ ਧਾਰਾ 21, 25, 61, 85 ਐਨਡੀਪੀਐਸ ਐਕਟ ਦੇ ਤਹਿਤ ਥਾਣਾ ਮਮਦੋਟ ਜਿਲਾ ਫਿਰੋਜ਼ਪੁਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਦੇ ਦੌਰਾਨ ਪਤਾ ਚੱਲਿਆ ਕਿ ਫੜੇ ਗਏ ਦੋਸ਼ੀ ਤਰਨਤਾਰਨ, ਅੰਮ੍ਰਿਤਸਰ, ਫਿਰੋਜਪੁਰ ਅਤੇ ਫਾਜਿਲਕਾ ਦੇ ਬਾਰਡਰਾਂ ਦੇ ਦੁਆਰੇ ਸਪਲਾਈ ਲੈਂਦੇ ਸਨ । ਫੜੇ ਗਏ ਦੋਸ਼ੀ ਸਤਪਾਲ ਸਿੰਘ ਦਾ ਸਾਲਾ ਗੁਰਭੇਜ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਵਾਹਕੇ ਦੇ ਥਾਣਾ ਮਮਦੋਟ ਜੋ ਪਿਛਲੇ ਚਾਰ ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ ਜਿਸਦੇ ਸੰਬੰਧ ਇੰਗਲੈਂਡ ਵਿੱਚ ਰਹਿੰਦੇ ਪਾਕ ਸਮੱਗਲਰਾਂ ਅਤੇ ਪਾਕਿਸਤਾਨ ਵਿੱਚ ਬੈਠੇ ਹਾਜੀ ਨਾਮ ਦੇ ਸਮੱਗਲਰ ਨਾਲ ਹਨ ਜੋ ਇੰਗਲੈਂਡ ਤੋਂ ਮੋਬਾਇਲ ਫੋਨ ਦੁਆਰਾ ਪਾਕਿਸਤਾਨ ਵਿੱਚ ਤਾਲਮੇਲ ਕਰਕੇ ਉਕਤ ਦੋਸ਼ੀਆਂ ਨੂੰ ਬਾਰਡਰ ਦੁਆਰਾ ਹੈਰੋਇਨ ਸਪਲਾਈ ਕਰਵਾਇਆ ਕਰਦਾ ਸੀ ਇੰਨਾ ਹੀ ਨਹੀ ਇਸ ਕੰਮ ਲਈ ਉਹ ਆਪਣੀ ਪਤਨੀ ਹਰਜੀਤ ਕੌਰ ਦੇ ਓਰਿਐਂਟਲ ਬੈਂਕ ਆਫ ਕਾਮਰਸ ਖਾਈ ਫੇਮੇ ਦੇ ਖਾਤੇ ਨਂੰ 2191007624 ਦਾ ਪ੍ਰਯੋਗ ਕਰਦਾ ਸੀ ਅਤੇ ਇਸ ਖਾਤੇ ਚੋਂ 10 ਅਪ੍ਰੈਲ 2014 ਨੂੰ ਪੈਸਾ ਨਿਕਲਵਾਇਆ ਗਿਆ। ਜਾਂਚ ਵਿੱਚ ਪਤਾ ਲੱਗਿਆ ਕਿ ਦੋਸ਼ੀ ਰਣਜੋਧ ਸਿੰਘ ਪਿੰਡ ਮਹਿੰਦੀਪੁਰ ਦਾ ਰਹਿਣ ਵਾਲਾ ਹੈ, ਜਿਸਦਾ ਘਰ ਤਾਰਾਂ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੈ ਇਸ ਲਈ ਇਹ ਸਮਗਲਿੰਗ ਦਾ ਧੰਦਾ ਬਹੁਤ ਵੱਡੇ ਪੱਧਰ ਤੇ ਕਰਦਾ ਸੀ ਅਤੇ ਆਪਣੇ ਘਰ ਦੀ ਛੱਤ ਤੇ ਬੈਠਕੇ ਬੀਐਸਐਫ ਦੀ ਹਰ ਇੱਕ ਮੂਵਮੈਂਟ ਤੇ ਨਜ਼ਰ ਰੱਖਦਾ ਸੀ । ਪਤਾ ਲੱਗਿਆ ਹੈ ਕਿ ਦੋਸ਼ੀ ਇੱਕ ਸਾਲ ਵਿੱਚ ਹੁਣ ਤੱਕ ਹੈਰੋਇਨ ਦੀਆਂ ਚਾਰ ਖੇਪਾਂ ਵਿੱਚ ਕਰੀਬ ੫੦ ਪੈਕੇਟ ਲਿਆਕੇ ਵੇਚ ਚੁੱਕੇ ਹਨ । ਦੋਸ਼ੀ ਰਣਜੋਧ ਸਿੰਘ ਜੋਧਾ ਤਰਨਤਾਰਨ ਤੋਂ ਦੋ ਤਿੰਨ ਦਿਨਾਂ ਤੋਂ ਸਪਲਾਈ ਲੈਣ ਲਈ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਸੱਤਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭਾਵੜਾ ਦੇ ਕੋਲ ਰੁਕਿਆ ਹੋਇਆ ਸੀ । ਉਕਤ ਦੋਸ਼ੀਆਂ ਦੁਆਰਾ 9, 10 ਅਪ੍ਰੈਲ 14 ਦੀ ਅੱਧੀ ਰਾਤ ਨੂੰ ਤਕਰੀਬਨ 11.30 ਵਜੇ ਰਾਤ ਖੁੱਦੜ ਹਿੰਠਾੜ ਦੇ ਕੋਲ ਤਾਰਾਂ ਉਤੋਂ ਪਾਕਿਸਤਾਨੀ ਸਮੱਗਲਰਾਂ ਦੇ ਵੱਲੋ ਪੰਜ ਪੈਕੇਟ ਸੁੱਟੇ ਗਏ ਜਿਨਾਂ ਵਿਚੋਂ ਦੋ ਪੈਕੇਟ ਤਾਰਾਂ ਵਿੱਚ ਫਸ ਗਏ ਇਸ ਵਿੱਚ ਬੀਐਸਐਫ ਜਵਾਨਾਂ ਦੁਆਰਾ ਕੀਤੀ ਗਈ ਫਾਇਰਿੰਗ ਦੇ ਬਾਵਜੂਦ ਦੋਸ਼ੀ ਤਿੰਨ ਪੈਕੇਟ ਚੁੱਕ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਮਾਮਲੇ ਦੀ ਜਾਂਚ ਦੇ ਦੌਰਾਨ ਕਾਊਂਟਰ ਇੰਟੈਲੀਜੈਂਸ ਵਿੰਗ ਨੂੰ ਗੁਪਤ ਸੂਚਨਾ ਮਿਲਣ ਤੇ ਵਿਭਾਗ ਵਲੋਂ ਇਲਾਕੇ ਵਿੱਚ ਸਪੈਸ਼ਲ ਆਪ੍ਰੇਸ਼ਨ ਚਲਾਇਆ ਗਿਆ, ਜਿਸਦੀ ਸੁਪਰਵੀਜਨ ਅਜੈ ਮਲੂਜਾ ਏ.ਆਈ.ਜੀ. ਕਾਊਂਟਰ ਇੰਟੈਲੀਜੇਂਸ ਫਿਰੋਜਪੁਰ ਨੇ ਕੀਤੀ। ਆਪ੍ਰੇਸ਼ਨ ਦੇ ਦੌਰਾਨ ਜਦੋਂ ਦੋਸ਼ੀ ਹੀਰੋ ਹਾਂਡਾ ਸਪੈਂਲਡਰ ਮੋਟਰਸਾਈਕਲ ਨੰ ਪੀਬੀ—05ਆਰ—1335 ਅਤੇ ਹਾਂਡਾ ਯੂਨੀਕਾਰਨ ਮੋਟਰਸਾਈਕਲ ਤੇ ਸਵਾਰ ਹੋ ਕੇ ਏਰੀਆ ਚੌਕੀ ਮਬੌਕੇ, ਥਾਣਾ ਮਮਦੋਟ ਪੁੱਜੇ ਤਾਂ ਕਾਊਂਟਰ ਇੰਟੈਲੀਜੈਂਸ ਦੇ ਸਪੈਸ਼ਲ ਗਰੁੱਪ ਨੇ ਇਨਾਂ ਨੂੰ ਗ੍ਰਿਫਤਾਰ ਕਰ ਲਿਆ। ਆਈ.ਜੀ. ਜੈਨ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਉਨਾਂ ਦਾ ਰਿਮਾਂਡ ਲਿਆ ਜਾਵੇਗਾ ਜਿਸਦੇ ਬਾਅਦ ਦੋਸ਼ੀਆਂ ਤੋਂ ਅੱਗੇ ਦੀ ਪੁੱਛਗਿੱਛ ਦੀ ਜਾਵੇਗੀ ਜਿਸਦੇ ਨਾਲ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਉਂਮੀਦ ਹੈ। ਆਈ.ਜੀ. ਜੈਨ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਦੁਆਰਾ ਹੁਣ ਤੱਕ 50 ਕਿੱਲੋ 350 ਗ੍ਰਾਮ ਹੈਰੋਈਨ, 34771 ਕਿੱਲੋ ਭੁੱਕੀ ( ਚੂਰਾ-ਪੋਸਤ ), 154 ਕਿੱਲੋ 110 ਗ੍ਰਾਮ ਅਫੀਮ, 16 ਕਿੱਲੋ 260 ਗ੍ਰਾਮ ਚਰਸ, 880 ਗਰਾਮ ਸਮੈਕ, 415000 ਰੁਪਏ ਡਰੱਗ ਮਨੀ, ਜਾਲੀ ਕਰੰਸੀ 562300 ਰੁਪਏ, 8 ਪਿਸਟਲ / ਰਿਵਾਲਵਰ, 6 ਮੈਗਜੀਨ, 91 ਜਿੰਦਾ ਕਾਰਤੂਸ, 57.700 ਲੀਟਰ ਰੈਸਕੌਫ 241250 ਨਸ਼ੀਲੀਆਂ ਗੋਲੀਆਂ, 6 ਪਾਕਿਸਤਾਨੀ ਸਿਮ, 3 ਮੋਬਾਈਲ, 65 ਵਹੀਕਲ ਅਤੇ 169 ਅੰਤਰਰਾਜੀ ਅਤੇ ਅੰਤਰਰਾਸ਼ਟਰੀ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ।