ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ)-19ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਸਥਾਪਿਤ ਹੋਈ ਸਿੰਘ ਸਭਾ ਲਹਿਰ ਨੇ ਤੇ ਵਿਸ਼ੇਸ਼ ਕਰਕੇ ਸਿੰਘ ਸਭਾ ਲਾਹੌਰ ਦੇ ਸੁਧਾਰਕਾਂ ਨੇ ਮੁੱਖ ਨਿਸ਼ਾਨਾ ਮਿਥਿਆ ਸੀ ਕਿ ਸਿੱਖ ਧਰਮ ਦੀ ਵਿਲੱਖਣਤਾ ਨੂੰ ਫ਼ਿਰ ਸਥਾਪਿਤ ਕੀਤਾ ਜਾਵੇ ਅਤੇ ਸਮਾਜਿਕ ਤੇ ਧਾਰਮਿਕ ਕੁਰੀਤੀਆਂ ਨੂੰ ਦੂਰ ਕੀਤਾ ਜਾਵੇ। ਇਸ ਲਹਿਰ ਨੇ ਪ੍ਰਚਲਿੱਤ ਹੋ ਚੁੱਕੇ ਅੰਧ-ਵਿਸ਼ਵਾਸ਼ ਤੇ ਫੋਕਟ ਰੀਤੀ-ਰਿਵਾਜ਼ਾਂ ਦਾ ਜ਼ੋਰਦਾਰ ਖੰਡਨ ਕੀਤਾ। ਇਸੇ ਹੀ ਕਈ ਹੋਰ ਮਹੱਤਵਪੂਰਨ ਕੜੀਆਂ ਨੂੰ ਪੇਸ਼ ਕਰਦੀ ਪੁਸਤਕ ‘ਗਿ: ਦਿੱਤ ਸਿੰਘ ਰਚਨਾਵਲੀ ਵਿਅੰਗ ਤੇ ਆਲੋਚਨਾ’ ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੈਨੇਜ਼ਮੈਂਟ ਦਫ਼ਤਰ ਵਿਖੇ ਲੋਕ ਅਰਪਿਤ ਕੀਤਾ। ਖ਼ਾਲਸਾ ਕਾਲਜ ਵਿਖੇ ਸਿੱਖ ਇਤਿਹਾਸ ਖੋਜ ਵਿਭਾਗ ਦੇ ਮੁੱਖੀ ਡਾ. ਇੰਦਰਜੀਤ ਸਿੰਘ ਗੋਗੋਆਣੀ ਦੁਆਰਾ ਸੰਪਾਦਕ ਇਸ ਪੁਸਤਕ ਵਿੱਚ ਵਹਿਮ-ਭਰਮ ਤੇ ਧਾਰਮਿਕ ਸਮਾਜਿਕ ਕੁਰੀਤੀਆਂ ਦਾ ਜ਼ਿਕਰ ਕੀਤਾ ਗਿਆ ਹੈ।
ਸ: ਛੀਨਾ ਨੇ ਇਸ ਪੁਸਤਕ ਦਾ ਵਿਮੋਚਨ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਸਿੱਖੀ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਅਜਿਹੀਆਂ ਧਾਰਮਿਕ ਪੁਸਤਕਾਂ ਦੀ ਬੁੱਧੀਜੀਵੀਆਂ ਵੱਲੋਂ ਰਚਨਾ ਕਰਨਾ ਸਮਾਂ ਦੀ ਮੁੱਖ ਲੋੜ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਦੱਸਿਆ ਹੈ ਕਿ ਕਿਵੇਂ ਮਾਨਸਿਕ ਕਮਜ਼ੋਰੀ ਦੇ ਅੰਤਰਗਤ ਮਨੁੱਖ ਨੇ ਕਈ ਤਰ੍ਹਾਂ ਦੇ ਭਰਮ ਸਿਰਜ ਲਏ ਅਤੇ ਇਨ੍ਹਾਂ ਦੀ ਸਿਰਜਨਾ ਕਰਕੇ ਖ਼ੁਦ ਹੀ ਭੈ-ਭੀਤ ਹੋਣਾ ਸ਼ੁਰੂ ਹੋ ਗਿਆ। ਸ: ਛੀਨਾ ਨੇ ਕਿਹਾ ਕਿ ਪੁਸਤਕ ਰਾਹੀਂ ਜ਼ਿਕਰ ਕੀਤਾ ਗਿਆ ਹੈ ਕਿ ਸਿੱਖ ਕੇਵਲ ਇਕ ਅਕਾਲ ਦਾ ਪੁਜਾਰੀ ਹੈ ਜੋ ਨਿਰਭਉ ਤੇ ਨਿਰਵੈਰੁ ਹੈ। ਇਸ ਲਈ ਸਿੱਖ ਨੇ ਇਕ ਪ੍ਰਭੂ ਤੋਂ ਇਲਾਵਾ ਕਿਸੇ ਵੀ ਦੇਵੀ-ਦੇਵਤੇ, ਪੀਰ-ਫ਼ਕੀਰ, ਮੜ੍ਹੀ-ਮਸਾਣ ਆਦਿ ‘ਤੇ ਵਿਸ਼ਵਾਸ਼ ਨਹੀਂ ਕਰਨਾ।
ਇਸ ਮੌਕੇ ਇਨ੍ਹਾਂ ਡਾ. ਗੋਗੋਆਣੀ ਨੇ ਦੱਸਿਆ ਕਿ ਗਿ: ਦਿੱਤ ਸਿੰਘ ‘ਸਿੰਘ ਸਭਾ ਲਾਹੌਰ’ ਦੇ ਨਾਮਵਰ ਵਿਦਵਾਨ ਸਨ, ਜਿਨ੍ਹਾਂ ਨੇ 40 ਪੁਸਤਕਾਂ ਲਿਖੀਆਂ ਜਿਨ੍ਹਾਂ ਗੁੱਗਾ ਗਪੌੜਾ, ਮੀਰਾਂ ਮਨੌਤ ਅਤੇ ਸੁਲਤਾਨ ਪੁਆੜਾ ਚਰਚਿਤ ਹਨ ਅਤੇ ਉਨ੍ਹਾਂ 13 ਸਾਲਾ ਪਾਕਿ ਦੇ ਲਾਹੌਰ ਸ਼ਹਿਰ ਤੋਂ ਹਫ਼ਤਾਵਾਰੀ ਛਪਦੀ ਅਖ਼ਬਾਰ ‘ਖ਼ਾਲਸਾ ਅਖ਼ਬਾਰ ਲਾਹੌਰ’ ਨੂੰ ਪ੍ਰਕਾਸ਼ਿਤ ਕੀਤਾ, ਜਿਸਦੇ ਉਹ ਸੰਪਾਦਕ ਵੀ ਸਨ। ਉਨ੍ਹਾਂ ਕਿਹਾ ਕਿ ਪੁਸਤਕ ਦੇ ਕਰਤਾ ਗਿਆਨੀ ਦਿੱਤ ਸਿੰਘ ਕੌਂਸਲ ਦੇ ਮੁੱਢਲੇ ਮੈਂਬਰ ਸਨ, ਜੋ ਕਿ 50 ਸਾਲ ਦੀ ਉਮਰ ਭੋਗ ਕੇ 1901 ਨੂੰ ਅਕਾਲ ਚਲਾਣਾ ਕਰ ਗਏ।
ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵੀ ਡਾ. ਗੋਗੋਆਣੀ ਨੂੰ ਇਸ ਕਾਰਜ ਲਈ ਵਧਾਈ ਦਿੱਤੀ। ਇਸ ਪੁਸਤਕ ਨੂੰ ਲੋਕ ਅਰਪਿਤ ਕਰਨ ਦੌਰਾਨ ਹੋਰਨਾਂ ਤੋਂ ਇਲਾਵਾ ਕੌਂਸਲ ਦੇ ਅੰਡਰ ਸੈਕਟਰੀ ਡੀ. ਐੱਸ. ਰਟੌਲ, ਚੀਫ਼ ਅਕਾਊਂਟੈਂਟ ਸ: ਕੁਲਵਿੰਦਰ ਸਿੰਘ, ਪ੍ਰਿੰ: ਗੁਰਿੰਦਰੀਤ ਕੰਬੋਜ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …