Sunday, December 22, 2024

ਪੰਜ ਸਿੰਘ ਸਾਹਿਬਾਨਾਂ ਦੇ ਆਦੇਸ਼ — ਸੋਸ਼ਲ ਸਾਈਟਾਂ ‘ਤੇ ਸਿੱਖ ਧਰਮ ਬਾਰੇ ਗਲਤ ਟਿੱਪਣੀਆਂ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ

ਨਵੀਆਂ ਬਨਣ ਵਾਲੀਆਂ ਧਾਰਮਿਕ ਜਥੇਬੰਦੀਆਂ ਲੈਣ ਪ੍ਰਵਾਨਗੀ

06021401
ਅੰਮ੍ਰਿਤਸਰ, 6 ਫਰਵਰੀ (ਨਰਿੰਦਰ ਪਾਲ ਸਿੰਘ)-ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਖੁਦ ਨੂੰ ਅਖੌਤੀ ਤਖਤ ਫਤਿਹਪੁਰੀ ਦਾ ‘ਜਥੇਦਾਰ’ ਦੱਸਕੇ ਸਿੱਖ ਗੁਰੁ ਸਾਹਿਬਾਨ ਤੇ ਸਿੱਖ ਸਿਧਾਤਾਂ ਖਿਲਾਫ ਇਤਰਾਜਯੋਗ ਟਿਪਣੀਆਂ ਕਰਨ ਵਾਲੇ ਸਾਬੀ ਫਤਿਹਪੁਰੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ।ਸ਼੍ਰੋਮਣੀ ਕਮੇਟੀ ਦੇ ਨਾਲ ਹੀ ਦਿੱਲੀ ਕਮੇਟੀ ਨੂੰ ਵੀ ਕਿਹਾ ਗਿਆ ਹੈ ਸਿੱਖ ਧਰਮ ਤੇ ਸਿਧਾਤਾਂ ਖਿਲਾਫ ਟਿਪਣੀਆਂ ਕਰਨ ਵਾਲੀਆਂ ਸ਼ੋਸ਼ਲ ਸਾਈਟਾਂ ਖਿਲਾਫ ਕਾਰਵਾਈ ਲਈ ਸਾਂਝੀ ਕਮੇਟੀ ਦਾ ਗਠਨ ਕੀਤਾ ਜਾਵੇ।ਬਿਨ੍ਹਾਂ ਕਿਸੇ ਉਦੇਸ਼ ਦੇ ਖੁੰਬਾਂ ਵਾਂਗ ਬਣ ਰਹੀਆਂ ਅਖੌਤੀ ਧਾਰਮਿਕ ਜਥੇਬੰਦੀਆਂ ਤੇ ਤੁਰੰਤ ਰੋਕ ਲਗਾਉਂਦਿਆਂ ਸਿੰਘ ਸਾਹਿਬਾਨ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਧਾਰਮਿਕ ਜਥੇਬੰਦੀ ਦੇ ਗਠਨ ਤੋਂ ਪਹਿਲਾਂ ਉਸਦੇ ਉਦੇਸ਼ ਤੇ ਮੈਂਬਰ ਸਾਹਿਬਾਨ ਦਾ ਵੇਰਵਾ ਸ੍ਰੀ ਅਕਾਲ ਤਕਤ ਸਾਹਿਬ ਪਾਸ ਪ੍ਰਵਾਨਗੀ ਲਈ ਭੇਜਿਆ ਜਾਵੇ, ਅਜਿਹੀਆਂ ਪ੍ਰਵਾਨਿਤ ਜਥੇਬੰਦੀਆਂ ਨੂੰ ਹੀ ਸੰਗਤਾਂ ਸਹਿਯੋਗ ਕਰਨਗੀਆਂ।ਪੰਜ ਸਿੰਘ ਸਾਹਿਬਾਨ ਦੀ ਅੱਜ ਇਥੇ ਹੋਈ ਇਕੱਤਰਤਾ ਵਿਚ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ  ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ ,ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਅਤੇ ਗ੍ਰੰਥੀ ਗਿਆਨੀ ਮਾਨ ਸਿੰਘ ਸ਼ਾਮਿਲ ਹੋਏ ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਦੀਰਘ ਵਿਚਾਰ ਉਪਰਮਤ ਸਿੰਘ ਸਾਹਿਬਾਨ ਨੇ ਫੇਸਬੁੱਕ ਤੇ ਸਿੱਖ ਧਰਮ ਪ੍ਰਤੀ ਬਹੁਤ ਹੀ ਭੱਦੀ ਸ਼ਬਦਾਵਲੀ ਵਰਤਣ ਵਾਲੇ ਸਾਬੀ ਫਤਿਹਪੁਰੀ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨਾਲ ਸਹਿਯੋਗ ਕਰਦਿਆਂ ਦਿੱਲੀ ਕਮੇਟੀ ਇਕ ਐਸੀ ਸਾਂਝੀ ਕਮੇਟੀ ਦਾ ਗਠਨ ਕਰੇ ਜੋ ਫੇਸਬੁੱਕ ਅਤੇ ਅਜੇਹੀਆਂ ਸ਼ੋਸ਼ਲ ਸਾਈਟਾਂ ਖਿਲਾਫ ਕਾਰਵਾਈ ਕਰ ਸਕੇ।ਸਿੰਘ ਸਾਹਿਬ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਚਾਰ ਪੰਜ ਵਿਅਕਤੀ ਮਿਲਕੇ ਇਕ ਧਾਰਮਿਕ ਜਥੇਬੰਦੀ ਦਾ ਗਠਨ ਕਰ ਲੈਂਦੇ ਹਨ ,ਲੈਟਰ ਪੈਡ ਛਪਵਾ ਲੈਂਦੇ ਹਨ।ਉਨ੍ਹਾਂ ਕਿਹਾ ਕਿ ਅਜੇਹੀ ਆਪੋ-ਧਾਪੀ ਤੋਂ ਬਚਣ ਲਈ ਅਜਿਹੀਆਂ ਬੇ-ਮਕਸਦ ਧਾਰਮਿਕ ਜਥੇਬੰਦੀਆਂ ਤੇ ਰੋਕ ਲਗਾਈ ਜਾਂਦੀ ਹੈ। ਜਿਹੜਾ ਕੋਈ ਵਿਅਕਤੀ ਜਾਂ ਗਰੁੱਪ ਕੋਈ ਨਵੀਂ ਧਾਰਮਿਕ ਜਥੇਬੰਦੀ ਦਾ ਗਠਨ ਕਰਨਾ ਚਾਹੁੰਦਾ ਹੈ, ਉਹ ਆਪਣਾ ਮਕਸਦ ਤੇ ਮੈਂਬਰ ਸਾਹਿਬਾਨ ਦਾ ਲਿਖਤੀ ਵੇਰਵਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜਦਾ ਕਰੇ ।ਪ੍ਰਵਾਨਗੀ ਮਿਲਣ ਵਾਲੀਆਂ ਜਥੇਬੰਦੀਆਂ ਨੂੰ ਹੀ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਸਮਾਗਮਾਂ ਵਿਚ ਸ਼ਮੂਲੀਅਤ ਦੀ ਇਜਾਜਤ ਮਿਲੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply