Saturday, April 20, 2024

ਗੰਗਸਰ ਜੈਤੋ ਦਾ ਮੋਰਚਾ

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਜਿਉਂਦਿਆਂ ਗੁਣਾਤਮਿਕ ਸਮਾਜ ਦੀ ਸਿਰਜਣਾ ਦਾ ਉਪਦੇਸ਼ ਕੀਤਾ।ਇਸ ਉਪਦੇਸ਼ ’ਤੇ ਚੱਲਦਿਆਂ ਸਿੱਖਾਂ ਨੇ ਗਰਮਤਿ ਰਹਿਣੀ ਅਨੁਸਾਰ ਹੱਕ-ਸੱਚ ਅਤੇ ਅਣਖ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ।ਬੇਸ਼ੱਕ ਸਿੱਖਾਂ ਨੂੰ ਹੱਕ-ਸੱਚ ਦੀ ਰਖਵਾਲੀ ਲਈ ਅਨੇਕਾਂ ਕੁਰਬਾਨੀਆਂ ਵੀ ਦੇਣੀਆਂ ਪਈਆਂ।ਸਿੱਖਾਂ ਦੇ ਇਸ ਮਾਰਗ ਵਿਚ ਅਨੇਕਾਂ ਉਤਰਾਅ-ਚੜਾਅ ਆਏ ਅਤੇ ਅਨੇਕਾਂ ਵਾਰ ਸਿੱਖ ਵਿਚਾਰਧਾਰਾ ਨੂੰ ਦਬਾਉਣ ਅਤੇ ਖਤਮ ਕਰਨ ਦੇ ਯਤਨ ਹੁੰਦੇ ਰਹੇ ਪਰ ਗੁਰੂ ਦੇ ਅਣਖੀ ਸਿੱਖ ਆਪਣੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ-ਦਰਸ਼ਨ ’ਤੇ ਚੱਲਦੇ ਹੋਏ ਸੰਘਰਸ਼ਸ਼ੀਲ ਰਹੇ।ਸਿੱਖ ਇਤਿਹਾਸ ਦੇ ਅਨੇਕਾਂ ਸਾਕੇ, ਘੱਲੂਘਾਰੇ ਅਤੇ ਮੋਰਚੇ ਇਸੇ ਸੰਦਰਭ ਵਿਚ ਵੇਖੇ ਜਾ ਸਕਦੇ ਹਨ।ਇਸ ਲੇਖ ਦਾ ਸਬੰਧ ਸਿੱਖਾਂ ਵੱਲੋਂ ਲਗਾਏ ਗਏ ਮੋਰਚਿਆਂ ਨਾਲ ਹੈ, ਕਿਉਂਕਿ ਇਸ ਤਹਿਤ ਅਸੀਂ ਗੰਗਸਰ ਜੈਤੋ ਦੇ ਮੋਰਚੇ ਨੂੰ ਵਿਚਾਰ-ਅਧੀਨ ਲਿਆਵਾਂਗੇ।
‘ਮੋਰਚੇ’ ਦਾ ਕੋਸ਼ਗਤ ਅਰਥ ਭਾਵੇਂ ਕੁਝ ਵੀ ਹੋਵੇ, ਪਰ ਸਿੱਖ ਧਰਮ ਨਾਲ ਜੁੜ ਕੇ ਇਸ ਸ਼ਬਦ ਨੇ ਆਪਣੇ ਅਰਥ ਤੇ ਵਿਆਖਿਆ ਆਪ ਪੇਸ਼ ਕੀਤੀ ਹੈ।ਸਿੱਖਾਂ ਵਲੋਂ ਸਮੇਂ-ਸਮੇਂ ਲਗਾਏ ਗਏ ‘ਮੋਰਚੇ’ ਸਪੱਸ਼ਟ ਕਰਦੇ ਹਨ ਕਿ ਜਦੋਂ-ਜਦੋਂ ਵੀ ਸਿੱਖਾਂ ਦੀ ਅਣਖ ਨੂੰ ਦੁਸ਼ਮਣ ਵੱਲੋਂ ਵੰਗਾਰਿਆ ਗਿਆ ਤਾਂ ਸਿੱਖਾਂ ਨੇ ਮੋਰਚੇ ਲਗਾ ਕੇ ਉਸ ਨੂੰ ਕਰਾਰਾ ਜਵਾਬ ਦਿੱਤਾ।ਗੁਰਧਾਮਾਂ ਦੀ ਆਜ਼ਾਦੀ ਲਈ ਵਿੱਢੇ ਸੰਗਰਸ਼ ਅਤੇ ਸਿੱਖ ਧਰਮ ਦੀ ਹੋਂਦ ਹਸਤੀ ਦਾ ਸਬੰਧ ਸਿੱਧੇ ਰੂਪ ਵਿਚ ਮੋਰਚਿਆਂ ਨਾਲ ਜੁੜਿਆ ਹੋਇਆ ਹੈ।ਸਿੱਖ ਇਤਿਹਾਸ ਅੰਦਰ ਅਨੇਕਾਂ ਮੋਰਚਿਆਂ ਦੀ ਗਾਥਾ ਦਰਜ ਹੈ, ਜਿਨ੍ਹਾਂ ਵਿਚ ‘ਜੈਤੋ ਦਾ ਮੋਰਚਾ’ ਵੀ ਇੱਕ ਹੈ।
ਭਾਵੇਂ ਕਿ ਜੈਤੋ ਦਾ ਮੋਰਚਾ ਗੁਰਦੁਆਰਾ ਗੰਗਸਰ ਵਿਚ ਅਰੰਭ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ‘ਖੰਡਿਤ’ ਹੋਣ ਕਾਰਨ ਸਿੱਖਾਂ ਅੰਦਰ ਫੈਲੇ ਰੋਸ ਵਜੋਂ ਲਾਇਆ ਗਿਆ ਸੀ, ਪਰ ਇਸ ਦਾ ਅਸਲ ਪਿਛੋਕੜ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਜਬਰੀ ਲਾਹੇ ਜਾਣ ਕਾਰਨ ਸੁਰੂ ਹੋਇਆ ਸੀ।ਕਸਬਾ ਜੈਤੋ ਆਜ਼ਾਦੀ ਤੋਂ ਪਹਿਲਾਂ ਨਾਭਾ ਰਿਆਸਤ ਦਾ ਹਿੱਸਾ ਸੀ।ਅੰਗਰੇਜ਼ ਸਰਕਾਰ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਆਪਣੀ ਤਾਜਪੋਸ਼ੀ ਸਮੇਂ ਸਿੱਖ ਰੀਤੀ-ਰਿਵਾਜ ਅਪਨਾਉਣ ਕਰਕੇ ਬਾਗ਼ੀ ਸਮਝਣ ਲੱਗ ਪਈ ਸੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1921 ਦੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸਿੱਖ ਸੰਗਤਾਂ ਨੂੰ ਸਿਰ ’ਤੇ ਕਾਲੀਆਂ ਦਸਤਾਰਾਂ ਅਤੇ ਦੁਪੱਟੇ ਸਜਾ ਕੇ ਥਾਂ-ਥਾਂ ਦੀਵਾਨ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣ ਦੀ ਅਪੀਲ ਕੀਤੀ।ਮਹਾਰਾਜਾ ਰਿਪੁਦਮਨ ਸਿੰਘ ਨੇ ਵੀ ਇਸ ਅਪੀਲ ’ਤੇ ਅਮਲ ਕੀਤਾ।
 ਅੰਗਰੇਜ਼ ਸਰਕਾਰ ਪਹਿਲਾਂ ਹੀ ਮਹਾਰਾਜੇ ਦੇ ਵਿਰੁੱਧ ਸੀ।ਨਾਭਾ ਅਤੇ ਪਟਿਆਲਾ ਰਿਆਸਤ ਦੇ ਅਕਸਰ ਝਗੜੇ ਚੱਲਦੇ ਰਹਿੰਦੇ ਸਨ।ਅੰਗਰੇਜ਼ ਹਾਕਮਾਂ ਨੇ ਨਾਭਾ ਅਤੇ ਪਟਿਆਲਾ ਦੇ ਰਾਜਿਆਂ ਕੋਲੋਂ ਫੈਸਲਾ ਕਰਨ ਦੇ ਹੱਕ ਪ੍ਰਾਪਤ ਕਰ ਲਏ, ਜਿਸ ’ਤੇ ਚੱਲਦਿਆਂ ਅੰਗਰੇਜ਼ ਸਰਕਾਰ ਨੇ ਮਹਾਰਾਜਾ ਨਾਭਾ ਦੇ ਖਿਲਾਫ਼ ਫੈਸਲਾ ਕਰਵਾ ਲਿਆ।ਇਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਲਾਹ ਦਿੱਤਾ।ਸਿੱਖ ਪੰਥ ਅੰਦਰ ਸਰਕਾਰ ਦੀ ਇਸ ਕਾਰਵਾਈ ਨਾਲ ਭਾਰੀ ਰੋਸ ਫੈਲ ਗਿਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 5 ਅਗਸਤ ਨੂੰ ਇਕੱਤਰਤਾ ਹੋਈ, ਜਿਸ ਵਿਚ 9 ਸਤੰਬਰ ਨੂੰ ਸਭ ਥਾਵਾਂ ’ਤੇ ‘ਨਾਭਾ ਦਿਵਸ’ ਮਨਾਉਣ ਦਾ ਫੈਸਲਾ ਹੋਇਆ।ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ 25, 26 ਅਤੇ 27 ਅਗਸਤ 1923 ਨੂੰ ਦੀਵਾਨ ਸਜਾ ਕੇ ਮਹਾਰਾਜੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ।
ਓਧਰ 14 ਸਤੰਬਰ 1923 ਈ: ਨੂੰ ਸਿੰਘਾਂ ਵੱਲੋਂ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ।ਸਰਕਾਰ ਦੇ ਹਥਿਆਰਬੰਦ ਸਿਪਾਹੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਅਤੇ ਅਖੰਡ ਪਾਠ ਕਰ ਰਹੇ ਸਿੰਘ ਨੂੰ ਚੁੱਕ ਲਿਆ।ਇਸ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਖੰਡਤ ਹੋਣ ਨਾਲ ਸਿੱਖਾਂ ਵਿਚ ਰੋਸ ਦੀ ਲਹਿਰ ਫੈਲ ਗਈ।ਸਿੱਖ ਪੰਥ ਨੇ ਰਿਆਸਤੀ ਕਰਮਚਾਰੀਆਂ ਵਲੋਂ ਕੀਤੀ ਗਈ ਇਸ ਹਰਕਤ ਨੂੰ ਇਕ ਬਜ਼ਰ ਅਪਰਾਦ ਕਰਾਰ ਦਿੱਤਾ।ਇਸ ਕਾਰੇ ਦੇ ਰੋਸ ਵਜੋਂ ਅਤੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਜ਼ਾਨਾ 25-25 ਸਿੰਘਾਂ ਦਾ ਜਥਾ ਜੈਤੋ ਭੇਜਣ ਦਾ ਫੈਸਲਾ ਕੀਤਾ। ਪਹਿਲਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੈਦਲ ਰਵਾਨਾ ਹੋਇਆ।ਇਸ ਜਥੇ ਨੇ ਤੁਰਨ ਤੋਂ ਪਹਿਲਾਂ ਹੀ ਸ਼ਾਂਤਮਈ ਰਹਿਣ ਦਾ ਪ੍ਰਣ ਲਿਆ ਹੋਇਆ ਸੀ।ਜਥਾ ਵੱਖ-ਵੱਖ ਥਾਈਂ ਪੜਾਅ ਕਰਦਾ ਹੋਇਆ ਜੈਤੋ ਪਹੁੰਚਿਆ, ਪਰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਜਥੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਇਸ ਤਰਾਂ੍ਹ 25-25 ਸਿੰਘਾਂ ਦੇ ਜਥੇ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਾਂਤਮਈ ਰਵਾਨਾ ਹੁੰਦੇ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ।
ਸਰਕਾਰ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ ਅਤੇ ਮੁੱਖੀ ਸਿੱਖਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ।13-14 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਸ਼੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਮੁੱਖੀ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਗ੍ਰਿਫ਼ਤਾਰੀਆਂ ਦੀ ਚਰਚਾ ਸਮੁੱਚੇ ਦੇਸ਼ ਅੰਦਰ ਫੈਲ ਗਈ।ਇਸ ਕਾਰਵਾਈ ਨਾਲ ਅੰਗਰੇਜ਼ ਸਰਕਾਰ ਵਿਰੁੱਧ ਰੋਸ ਹੋਰ ਤਿੱਖਾ ਹੋਇਆ।ਹੁਣ 500-500 ਸਿੰਘਾਂ ਦੇ ਜਥੇ ਭੇਜੇ ਜਾਣ ਦਾ ਫੈਸਲਾ ਕੀਤਾ ਗਿਆ।ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸੌ ਸਿੰਘਾਂ ਦਾ ਪਹਿਲਾ ਜਥਾ ਜੈਤੋ ਵਿਚ ਖੰਡਤ ਹੋਏ ਸ੍ਰੀ ਅਖੰਡ ਪਾਠ ਨੂੰ ਮੁੜ ਤੋਂ ਆਰੰਭ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸਾ ਸੋਧ ਕੇ ਤੁਰਿਆ।ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਪੜਾਅ ਕਰਦਾ ਹੋਇਆ ਇਹ ਜਥਾ 20 ਫਰਵਰੀ 1924 ਨੂੰ ਫ਼ਰੀਦਕੋਟ ਦੇ ਪਿੰਡ ਬਰਗਾੜੀ ਪੁੱਜ ਗਿਆ।21 ਫਰਵਰੀ ਨੂੰ ਜਥਾ ਇਥੋਂ ਜੈਤੋ ਵੱਲ ਰਵਾਨਾ ਹੋਇਆ।ਜਥੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਸੀ ਜਿਸ ਵਿਚ ਨੌਜਵਾਨ, ਬਜੁਰਗ, ਬੀਬੀਆਂ ਅਤੇ ਬੱਚੇ ਸ਼ਾਮਲ ਸਨ। ਨਾਭਾ ਰਾਜ ਦੀ ਹੱਦ ਅੰਦਰ ਦਾਖਲ ਹੋਣ ’ਤੇ ਜਥੇ ਨੂੰ ਰੋਕ ਲਿਆ ਗਿਆ।ਗੁਰਦੁਆਰਾ ਗੰਗਸਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ ਤਾਰਾਂ ਲੱਗੀਆਂ ਹੋਈਆਂ ਸਨ ਅਤੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਸਨ।ਇਵੇਂ ਲਗ ਰਿਹਾ ਸੀ ਜਿਵੇਂ ਜੰਗੀ ਤਿਆਰੀ ਕੀਤੀ ਹੋਵੇ। ਜਥਾ ਜਦ ਟਿੱਬੀ ਸਾਹਿਬ ਵੱਲ ਵਧ ਰਿਹਾ ਸੀ ਤਾਂ ਅੰਗਰੇਜ਼ ਅਫਸਰ ਵਿਲਸਨ ਜਾਨਸਟਨ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਗਿਆ।ਤਿੰਨਾਂ ਪਾਸਿਆਂ ਤੋਂ ਸੰਗਤ ਉਤੇ ਗੋਲੀ ਚਲਾਈ ਗਈ।ਜਥਾ ਗੋਲੀਆਂ ਦੇ ਮੀਂਹ ਵਿਚ ਗੁਰਦੁਆਰਾ ਟਿੱਬੀ ਸਾਹਿਬ ਪੁੱਜ ਗਿਆ। ਜਥੇ ਦੇ ਸੈਂਕੜੇ ਸਿੰਘ ਅਤੇ ਨਾਲ ਜਾ ਰਹੀ ਸੰਗਤ ਵੱਡੀ ਗਿਣਤੀ ਵਿਚ ਸ਼ਹੀਦ ਅਤੇ ਜ਼ਖਮੀ ਹੋ ਚੁੱਕੀ ਸੀ।ਜਥੇ ਦੇ ਬਚੇ ਹੋਏ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਤੋਂ ਗੁਰਦੁਆਰਾ ਗੰਗਸਰ ਸਾਹਿਬ ਵੱਲ ਨੂੰ ਵਧਣ ਲਗੇ, ਪਰ ਘੋੜ-ਸਵਾਰ ਫੋਜੀ ਦਸਤਿਆਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ।ਬਚੀ ਹੋਈ ਸੰਗਤ ਅਤੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਜੈਤੋ ਵਿਚ ਵਾਪਰੇ ਇਸ ਦੁਖਦਾਈ ਕਾਂਡ ਦੀ ਖ਼ਬਰ ਚਾਰੇ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ। ਜੈਤੋ ਦੇ ਮੋਰਚੇ ਦੌਰਾਨ ਵਾਪਰੀ ਇਸ ਭਿਆਨਕ ਘਟਨਾ ਨੇ ਸਿੱਖਾਂ ਦੇ ਮਨਾਂ ਵਿਚ ਜੋਸ਼ ਨੂੰ ਹੋਰ ਪ੍ਰਚੰਡ ਕੀਤਾ।
ਇਸ ਤੋਂ ਬਾਅਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 500-500 ਸਿੰਘਾਂ ਦੇ ਜਥੇ ਜਾਂਦੇ ਰਹੇ। ਜਥੇ ਭੇਜਣ ਦਾ ਸਿਲਸਲਾ ਉਦੋਂ ਤੱਕ ਚੱਲਦਾ ਰਿਹਾ, ਜਦੋਂ ਤਕ ਅੰਗਰੇਜ ਸਰਕਾਰ ਨੇ ਸਿੰਘਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਨ ਦੀ ਇਜਾਜ਼ਤ ਨਾ ਦੇ ਦਿੱਤੀ।ਅੰਤ 21 ਜੁਲਾਈ 1925 ਈ: ਨੂੰ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ।ਇਸ ਤਰ੍ਹਾਂ ਸਰਕਾਰ ਨੂੰ ਸਿੰਘਾਂ ਦੇ ਜਜ਼ਬੇ ਅਗੇ ਝੁਕਣਾ ਪਿਆ ਅਤੇ ਖਾਲਸੇ ਦੀ ਜਿੱਤ ਹੋਈ।
ਪੁਸਤਕ ‘ਜੈਤੋ ਮੋਰਚੇ ਦੇ ਅੱਖੀਂ ਡਿੱਠੇ ਹਾਲ’ (ਪ੍ਰਕਾਸ਼ਕ: ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਨੁਸਾਰ ਇਸ ਸ਼ਹੀਦੀ ਜਥੇ ਵਿਚ ਹਿੱਸਾ ਲੈਣ ਵਾਲੇ ਸਿੰਘਾਂ ਨੂੰ ਜਥੇ ਦੇ ਮੁਖੀ ਜਥੇਦਾਰ ਊਧਮ ਸਿੰਘ ਵਰਪਾਲ ਨੇ ਤੁਰਨ ਤੋਂ ਪਹਿਲਾਂ ਜੋ ਅਰਦਾਸ ਕੀਤੀ, ਉਸ ਦਾ ਇੱਕ-ਇੱਕ ਸ਼ਬਦ ਹਲੂਣਾ ਸੀ, ਪ੍ਰੇਰਨਾ ਸੀ, ਸ਼ਕਤੀ ਸੀ। ਇਸ ਪ੍ਰਣ ਰੂਪੀ ਅਰਦਾਸ ਦੇ ਸ਼ਬਦ ਹਨ, “ਪਿਆਰੇ ਪਿਤਾ ਕਲਗੀਧਰ ਸਤਿਗੁਰੂ ਅਸੀਂ ਆਪ ਜੀ ਦੇ ਬੱਚੇ ਆਪਣੀਆਂ ਜਿੰਦੜੀਆਂ ਆਪ ਜੀ ਦੇ ਅਰਪਨ ਕਰਦੇ ਹਾਂ।ਪੰਥ ਦੀ ਇੱਜ਼ਤ ਤੇ ਵਡਿਆਈ ਆਪ ਦੇ ਹੱਥ ਹੈ।ਬਹਾਦਰ ਤੇ ਸੰਤ ਆਤਮਾ ਵੀਰੋ! ਤੁਹਾਨੂੰ ਬੜੀ ਬੇਰਹਿਮੀ ਨਾਲ ਡਾਂਗਾਂ ਮਾਰੀਆਂ ਜਾਣਗੀਆਂ, ਤੁਸੀਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰੇ ਜਾਉਗੇ।ਤੁਹਾਨੂੰ ਕਾਲ ਕੋਠੜੀਆਂ ਵਿਚ ਸੁੱਟਿਆ ਜਾਵੇਗਾ।ਨਿਹਾਇਤ ਜ਼ਾਲਮਾਨਾ ਤੇ ਵਹਿਸ਼ੀਆਨਾ ਹਰ ਪ੍ਰਕਾਰ ਦੇ ਕਸ਼ਟਾਂ ਦੁਆਰਾ ਤੁਹਾਡੀ ਧਾਰਮਿਕ ਦ੍ਰਿੜ੍ਹਤਾ ਦੀ ਪ੍ਰੀਖਿਆ ਕੀਤੀ ਜਾਵੇਗੀ।ਆਪ ਨੇ ਹਰ ਹਾਲਤ ਵਿਚ ਪੂਰਨ ਸ਼ਾਂਤਮਈ ਰਹਿਣਾ ਹੋਵੇਗਾ।ਆਪ ਦਾ ਕੇਵਲ ਮੰਤਵ ਗੁਰਦੁਆਰਾ ਗੰਗਸਰ ਦੀ ਯਾਤਰਾ ਕਰਨ ਤੇ ਅਖੰਡ ਪਾਠ ਨੂੰ ਨਵੇਂ ਸਿਰਿਉਂ ਆਰੰਭ ਕਰਨਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੁਰਨ ਦੇ ਸਮੇਂ ਤੋਂ ਲੈ ਕੇ ਰਸਤੇ ਵਿਚ ਤੇ ਅਖ਼ੀਰ ਦਮ ਤਕ ਸਤਿਗੁਰਾਂ ਦੀ ਜਿੰਦਗੀ ਬਖਸ਼ਣ ਵਾਲੀ ਬਾਣੀ ਦੁਆਰਾ ਆਪਣੇ ਸਰੀਰ, ਮਨ ਤੇ ਆਤਮਾ ਨੂੰ ਤ੍ਰਿਪਤ ਕਰਦੇ ਰਹਿਣਾ। ਮਨ, ਬਚਨ ਅਤੇ ਕਰਮ ਕਰਕੇ ਕਿਸੇ ਵੀ ਪੁਰਸ਼ ਦਾ ਬੁਰਾ ਨਾ ਚਾਹੁਣਾ।”  
DS Bedi

ਦਿਲਜੀਤ ਸਿੰਘ ‘ਬੇਦੀ’
ਅੰਮ੍ਰਿਤਸਰ।
ਮੋ – 98148-98570

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply