ਬਟਾਲਾ, 7 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਸਥਾਪਿਤ ਕੀਤਾ ਗਿਆ ਨਸ਼ਾ ਮੁਕਤੀ ਕੇਂਦਰ ਨਸ਼ੇ ਛੱਡਣ ਦੇ ਚਾਹਵਾਨ ਵਿਅਕਤੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਵੱਡੀ ਗਿਣਤੀ ‘ਚ ਨਸ਼ੇ ਦੇ ਆਦੀ ਇਥੋਂ ਇਲਾਜ ਕਰਾ ਕੇ ਠੀਕ ਹੋ ਚੁੱਕੇ ਹਨ। ਜੁਲਾਈ 2013 ‘ਚ ਸ਼ੁਰੂ ਹੋਏ ਬਟਾਲਾ ਦੇ ਇਸ ਨਸ਼ਾ ਮੁਕਤੀ ਕੇਂਦਰ ‘ਚ ਭਾਂਵੇ ਕਿ ਪਹਿਲਾਂ ਵੀ ਨਸ਼ਈ ਵਿਅਕਤੀ ਇਲਾਜ ਕਰਾਉਂਦੇ ਰਹੇ ਹਨ ਪਰ ਪਿਛਲੇ ਕੁਝ ਮਹੀਨਿਆਂ ‘ਚ ਵੱਡੀ ਗਿਣਤੀ ‘ਚ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀ ਨਸ਼ੇ ਤੋਂ ਮੁਕਤੀ ਪਾਉਣ ਲਈ ਇਸ ਨਸ਼ਾ ਮੁਕਤੀ ਕੇਂਦਰ ‘ਚ ਪਹੁੰਚੇ ਹਨ। 10 ਬਿਸਤਰਿਆਂ ਦੇ ਇਸ ਨਸ਼ਾ ਮੁਕਤੀ ਕੇਂਦਰ ‘ਚ ਡਾਕਟਰਾਂ ਵੱਲੋਂ ਜਿਆਦਾ ਗੰਭੀਰ ਮਰੀਜਾਂ ਨੂੰ ਭਰਤੀ ਕਰਕੇ ਇਲਾਜ ਕੀਤਾ ਜਾ ਰਿਹਾ ਹੈ ਜਦਕਿ ਸੈਂਕੜਿਆਂ ਦੀ ਗਿਣਤੀ ‘ਚ ਮਰੀਜ ਰੋਜ਼ ਆਪਣੀ ਦਵਾਈ ਲੈਣ ਲਈ ਇਥੇ ਪਹੁੰਚਦੇ ਹਨ।ਨਸ਼ਾ ਮੁਕਤੀ ਕੇਂਦਰ ਬਟਾਲਾ ਦੇ ਸੰਚਾਲਕ ਡਾ. ਬਰਿੰਦਰ ਸਿੰਘ ਨੇ ਦੱਸਿਆ ਕਿ ਮਈ 2014 ਦੌਰਾਨ 445 ਨਸ਼ੇ ਦੇ ਆਦੀ ਵਿਅਕਤੀ ਇਥੇ ਇਲਾਜ ਲਈ ਆਏ ਸਨ, ਜਦਕਿ ਜੂਨ ਮਹੀਨੇ ‘ਚ ਇਸ ਗਿਣਤੀ ‘ਚ ਭਾਰੀ ਵਾਧਾ ਹੋਇਆ ਅਤੇ 2082 ਨਸ਼ਈ ਨਸ਼ੇ ਛੱਡਣ ਲਈ ਨਸ਼ਾ ਮੁਕਤੀ ਕੇਂਦਰ ਪਹੁੰਚੇ। ਡਾ. ਬਰਿੰਦਰ ਸਿੰਘ ਨੇ ਦੱਸਿਆ ਕਿ ਜੁਲਾਈ ਮਹੀਨੇ ਦੇ ਪਹਿਲੇ ਹਫਤੇ 756 ਨਵੇਂ ਮਰੀਜ ਉਨ੍ਹਾਂ ਕੋਲ ਪਹੁੰਚੇ ਕਰ ਚੁੱਕੇ ਹਨ ਅਤੇ ਰੋਜ਼ ਸੈਂਕੜੇ ਨਵੇਂ ਮਰੀਜ ਦਵਾਈ ਲੈਣ ਆ ਰਹੇ।
ਨਸ਼ਾ ਮੁਕਤੀ ਕੇਂਦਰ ‘ਚ ਕੀਤੇ ਜਾਂਦੇ ਇਲਾਜ ਸਬੰਧੀ ਡਾ. ਬਰਿੰਦਰ ਸਿੰਘ ਨੇ ਦੱਸਿਆ ਕਿ ਇਥੇ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਮਰੀਜਾਂ ਨੂੰ ਨਸ਼ੇ ਛੱਡਣ ਲਈ ਮਾਨਸਿਕ ਤੌਰ ‘ਤੇ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ‘ਚ ਮਾਹਰ ਡਾਕਟਰਾਂ ਦੀ ਟੀਮ ਕੰਮ ਕਰ ਰਹੀ ਜਿਨ੍ਹਾਂ ‘ਚ ਮਨੋਵਿਗਿਆਨਕ ਵੀ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ‘ਚ ਭਰਤੀ ਮਰੀਜਾਂ ਦਾ ਇਲਾਜ ਕਰਨ ਦੇ ਨਾਲ ਸਵੇਰੇ ਉਠਦਿਆਂ ਹੀ ਉਨ੍ਹਾਂ ਨੂੰ ਯੋਗਾ ਅਤੇ ਲੋੜੀਂਦੀਆਂ ਕਸਰਤਾਂ ਕਰਵਾਉਣ ਤੋਂ ਬਾਅਦ ਕੌਂਸਲਿੰਗ ਦੇ ਰਾਹੀਂ ਉਨ੍ਹਾਂ ਦੁਆਰਾ ਕੀਤੀਆਂ ਗਲਤੀਆਂ ਤੋਂ ਸਬਕ ਲੈਣ ਅਤੇ ਚੰਗਾ ਜੀਵਣ ਜਿਊਂਣ ਦੀ ਜਾਚ ਸਿਖਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ‘ਚ ਪਾਠ-ਪੂਜਾ ਵੀ ਕੀਤੀ ਜਾਂਦੀ ਹੈ ਤਾਂ ਜੋ ਨਸ਼ਈ ਵਿਅਕਤੀ ਮਾਨਸਿਕ ਤੌਰ ‘ਤੇ ਤਕੜੇ ਹੋ ਸਕਣ। ਡਾ. ਬਰਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਇੱਕ ਕੋਹੜ ਦੀ ਤਰਾਂ ਹੈ ਅਤੇ ਸਹੀ ਇਲਾਜ ਕਰਾ ਕੇ ਇਸ ਤੋਂ ਮੁਕਤੀ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਕ ਨਸ਼ਈ ਵਿਅਕਤੀ ਜਿਥੇ ਸਰੀਰਕ ਤੌਰ ‘ਤੇ ਕਮਜੋਰ ਹੋ ਜਾਂਦਾ ਹੈ ਉਥੇ ਸਮਾਜਿਕ ਤੌਰ ‘ਤੇ ਵੀ ਲੋਕ ਉਸਨੂੰ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਆਪਣੇ ਆਪ ਨੂੰ ਨਸ਼ੇ ਛੱਡਣ ਲਈ ਤਿਆਰ ਕਰਨਾ ਚਾਹੀਦਾ ਅਤੇ ਇਸਦੇ ਇਲਾਜ ਲਈ ਨਸ਼ਾ ਮੁਕਤੀ ਕੇਂਦਰ ਤੱਕ ਪਹੁੰਚ ਕਰਨੀ ਚਾਹੀਦੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …