Monday, December 23, 2024

ਮੇਰਾ ਦੇਸ਼ ਮਹਾਨ

ਇੱਥੇ ਹਰਿਆਲੀ ਦਾ ਬਿਸਤਰ, ਤੇ ਅੰਬਰ ਦੀ ਹੈ ਚਾਦਰ,
ਜਿੱਥੇ ਤੱਕ ਜਾਂਦੀ ਹੈ ਨਜ਼ਰ, ਦਿੱਸੇ ਉੱਥੇ ਤੱਕ ਹੀ ਸਾਗਰ।

ਦਿਲ ਖਿੱਚਵਾਂ ਹਰ ਨਜ਼ਾਰਾ, ਲੱਗੇ ਜੱਗ ਤੋਂ ਇਹ ਪਿਆਰਾ,
ਗੀਤ ਗਾਂਉਂਦੀਆਂ ਨਦੀਆਂ, ਵੱਗਦਾ ਚਸ਼ਮਾ ਹਰ ਨਿਆਰਾ।

ਵਰਸਣ ਗਗਨ ’ਚੋਂ ਰਿਸ਼ਮਾਂ, ਤੇ ਸੂਰਜ ਦੀ ਚਮਕੇ ਲਾਲੀ,
ਇਹ ਦੀ ਹਵਾ ਹੈ ਨਿਰਾਲੀ, ਵਸੇ ਹਰ ਪਾਸੇ ਖੁਸ਼ਹਾਲੀ।

ਹਰ ਰੋਜ਼ ਸਵੇਰੇ ਸ਼ਾਮੀ, ਜਾਂਦੇ ਸਭ ਕੁਦਰਤ ਦੇ ਬਲਿਹਾਰੀ,
ਸਭ ਕੌਮਾਂ ਤੇ ਭਾਸ਼ਾਵਾਂ, ਜਾਂਦੀਆਂ ਅੱਦਬ ਨਾਲ ਸਤਿਕਾਰੀ ।

ਪਵਿੱਤਰ ਭਾਰਤ ਦੀ ਧਰਤੀ `ਤੇ, ਹੋਏ ਰਿਸ਼ੀ ਮੁਨੀ ਅਵਤਾਰ,
ਜਨਮ ਦਾਤਾ ਹੈ ਵੇਦਾਂ ਦਾ, ਤੇ ਗ੍ਰੰਥਾਂ ਦਾ ਸਿਰਜਣਹਾਰ।

ਇਸ ਧਰਤੀ ਜੰਮੇ ਸੂਰਮੇ, ਬਦਲਾ ਲੈਣ ਜਾ ਸਮੁੰਦਰੋਂ ਪਾਰ,
ਬਾਜ਼ੀ ਲਾਉਂਦੇ ਜਾਨ ਦੀ, ਕਦੇ ਪੈਣ ਨਾ ਸੋਚ ਵਿਚਾਰ।

ਦਿਨ ਭਾਗਾਂ ਵਾਲਾ ਆਇਆ, ਭਾਰਤ ਦੇਸ਼ ਆਜ਼ਾਦ ਕਹਾਇਆ,
ਲਾਹੀਆਂ ਗੁਲਾਮੀ ਦੀਆਂ ਜੰਜੀਰਾਂ, ਸੂਰਮਿਆਂ ਨੇ ਮਾਣ ਦਿਵਾਇਆ।

ਖ਼ਤਮ ਕਰੋ ਹੁਣ ਫਿਕਰਾਪ੍ਰਸਤੀ ਨੂੰ, ਸਾਰੇ ਵਤਨਪ੍ਰਸਤੀ ਅਪਣਾਓ,
ਖੁਸ਼ੀ ਨਾਲ ਮਨਾਓ ਆਜ਼ਾਦੀ, ਤਿਰੰਗਾ ਹਰ ਪਾਸੇ ਲਹਿਰਾਓ।

ਉਹ ਮੂੰਹ ਦੀ ਖਾਈ ਬੈਠੇ ਨੇ, ਜੋ ਗੱਲਾਂ ਕਰਨ ਫੁੱਟ ਪਾਉਣ ਦੀਆਂ,
ਦੇਸ਼ ਮੇਰੇ ਦੀਆਂ ਸੋਚਾਂ ਨੇ, ਗਲਵੱਕੜੀ ਸਭ ਨੂੰ ਪਾਉਣ ਦੀਆਂ।

ਛੁੂੰਹਦਾ ਰਹੇ ਸਦਾ ਬੁੰਲਦੀਆਂ ਨੂੰ, ਸੁਪਨਾ ਇਹੋ ਸਾਡਾ ਹੈ,
‘ਫ਼ਕੀਰਾ’ ਉਹ ਮਿੱਟ ਜਾਵਣਗੇ, ਜ਼ੋ ਸੋਚਣ ਲਾਉਣਾ ਆਢਾ ਹੈ।

ਮੇਰਾ ਭਾਰਤ ਦੇਸ਼ ਮਹਾਨ, ਰਹੇ ਸਦਾ ਉੱਚੀ ਜੱਗ `ਤੇ ਸ਼ਾਨ,
ਮੇਰਾ ਭਾਰਤ ਦੇਸ਼ ਮਹਾਨ, ਰਹੇ ਸਦਾ ਉੱਚੀ ਜੱਗ `ਤੇ ਸ਼ਾਨ।

ਜੈ ਹਿੰਦ
Vinod Faqira - 1

 

 

 

 

 
ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ. – 98721 97326

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply