ਦੁਸ਼ਟ ਦਮਨ ਸੇਵਕ ਜਥੇ ਵੱਲੋਂ ਜੀ.ਕੇ ਦਾ ‘ਬਾਬਾ ਬਘੇਲ ਸਿੰਘ ਐਵਾਰਡ’ ਨਾਲ ਸਨਮਾਨ
ਨਵੀਂ ਦਿੱਲੀ, 23 ਅਗਸਤ (ਪੰਜਾਬ ਪੋਸਟ ਬਿਊਰੋ) – ਸਿੱਖ ਬੀਬੀਆਂ ਦੇ ਸਮਾਜਿਕ ਖੁੱਦ ਮੁਖਤਿਆਰੀ ਦੇ ਅਧਿਕਾਰ ਨੂੰ ਸਿੱਖ ਵਿਚਾਰਧਾਰਾ ਅਨੁਸਾਰ ਸਮਰਥਨ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਸੋਭਾਵੰਤੀ ਕਹੀਐ ਨਾਰਿ’ ਸੈਮੀਨਾਰਾਂ ਦੀ ਲੜੀ ਚਲਾਏਗੀ।ਇਸ ਗੱਲ ਦਾ ਐਲਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਮੋਤੀ ਨਗਰ ਵਿਖੇ ਦੁਸ਼ਟ ਦਮਨ ਸੇਵਕ ਜਥੇ ਵੱਲੋਂ ਕਰਵਾਏ ਗਏ ਉਕਤ ਵਿਸ਼ੇ ਦੀ ਲੜੀ ਦੇ ਪਹਿਲੇ ਸੈਮੀਨਾਰ ਦੌਰਾਨ ਕੀਤਾ।
ਜਥੇ ਵੱਲੋਂ ਇਸ ਮੌਕੇ ਜੀ.ਕੇ ਵੱਲੋਂ ਬੀਤੇ 4.5 ਸਾਲ ਦੌਰਾਨ ਬਤੌਰ ਕਮੇਟੀ ਪ੍ਰਧਾਨ ਕੀਤੇ ਗਏ ਨਿਸ਼ਕਾਮ ਅਤੇ ਦਲੇਰੀ ਭਰੇ ਕਾਰਜਾਂ ਨੂੰ ਸਮਰਪਿਤ ਹੁੰਦੇ ਹੋਏ ‘ਬਾਬਾ ਬਘੇਲ ਸਿੰਘ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਸੈਮੀਨਾਰ ਦੌਰਾਨ ਬੁਲਾਰਿਆਂ ਨੇ ਸਿੱਖ ਵਿਚਾਰਧਾਰਾ ਅਨੁਸਾਰ ਸਿੱਖ ਗੁਰੂਆਂ ਵੱਲੋਂ ਇਸਤਰੀਆਂ ਨੂੰ ਦਿੱਤੇ ਗਏ ਬਰਾਬਰੀ ਦੇ ਅਧਿਕਾਰ ਦਾ ਹਵਾਲਾ ਦਿੰਦੇ ਹੋਏ ਸਿੱਖ ਧਰਮ ’ਚ ਲਿੰਗ ਦੇ ਆਧਾਰ ’ਤੇ ਫ਼ਰਕ ਨਾ ਹੋਣ ਦਾ ਵੀ ਦਾਅਵਾ ਕੀਤਾ।
ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ, ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ, ਫਤਹਿ ਟੀ.ਵੀ ਦੀ ਪ੍ਰੋਗਰਾਮਿੰਗ ਹੈਡ ਬੀਬੀ ਅਰਵਿੰਦਰ ਕੌਰ ਖਾਲਸਾ ਅਤੇ ਜਥੇ ਦੀ ਆਗੂ ਬੀਬੀ ਗੁਰਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਰੱਖੇ।ਇਸਤਰੀ ਸਤਿਸੰਗ ਜਥਾ ਮੋਤੀ ਨਗਰ 9 ਬਲਾਕ ਦੀ ਪ੍ਰਧਾਨ ਬੀਬੀ ਨਰਿੰਦਰ ਕੌਰ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।ਜੀ.ਕੇ ਨੇ ਸਿੱਖ ਇਤਿਹਾਸ ’ਚੋਂ ਬੀਬੀਆਂ ਦੇ ਭਰੋਸੇ ਦੇ ਜਜ਼ਬੇ ਦਾ ਹਵਾਲਾ ਦਿੰਦੇ ਹੋਏ ਬੇਬੇ ਨਾਨਕੀ ਜੀ ਵੱਲੋਂ ਗੁਰੂ ਨਾਨਕ ਸਾਹਿਬ ’ਤੇ ਜਤਾਏ ਗਏ ਭਰੋਸੇ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਸਿੱਖ ਬੀਬੀਆਂ ਨੇ ਇਤਿਹਾਸ ’ਚ ਵੱਡਾ ਯੋਗਦਾਨ ਪਾਇਆ ਹੈ ਜਿਸਨੂੰ ਅਣਗੋਲਿਆ ਨਹੀਂ ਜਾ ਸਕਦਾ ਹੈ।ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਪੰਥ ਪ੍ਰਤੀ ਕੀਤੀਆਂ ਗਈਆਂ ਵੱਡੀਆਂ ਸੇਵਾਵਾਂ ਦੀ ਕਾਮਯਾਬੀ ਪਿੱਛੇ ਆਪਣੀ ਮਾਤਾ ਦਾ ਵੱਡਾ ਯੋਗਦਾਨ ਹੋਣ ਦਾ ਜੀ.ਕੇ ਨੇ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਜਥੇਦਾਰ ਜੀ ਮੋਰਚਿਆਂ ਦੌਰਾਨ ਜੇਲ੍ਹਾਂ ਵਿਚ ਜਾਂਦੇ ਸੀ ਤਾਂ ਪਿੱਛੇ ਘਰ ’ਚ ਆਉਣ ਵਾਲੀ ਸੰਗਤ ਨੂੰ ਮਾਤਾ ਜੀ ਬੜੇ ਸੁਚੱਜੇ ਢੰਗ ਨਾਲ ਸੰਭਾਲਦੇ ਸਨ। ਇਸ ਲਈ ਪਿਤਾ ਜੀ ਦੀ ਕਾਮਯਾਬੀ ਪਿੱਛੇ ਮਾਤਾ ਜੀ ਦਾ ਵੱਡਾ ਯੋਗਦਾਨ ਸੀ।
ਕੁਲਮੋਹਨ ਸਿੰਘ ਨੇ ਇਸੇ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਘਰ ਮਾਤਾ ਤ੍ਰਿਪਤਾ ਜੀ, ਮਾਤਾ ਸੁਲੱਖਣੀ ਜੀ ਅਤੇ ਬੇਬੇ ਨਾਨਕੀ ਜੀ ਤਿੰਨ ਮਹਾਨ ਇਸਤਰੀਆਂ ਸਨ, ਤਿੰਨਾਂ ਦਾ ਹੀ ਯੋਗਦਾਨ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਬਚਾਉਣ ਅਤੇ ਵਧਾਉਣ ’ਚ ਰਿਹਾ ਹੈ।ਇਸ ਲਈ ਗੁਰੂ ਅਮਰਦਾਸ ਜੀ ਨੇ ਜੇਕਰ ਇਸਤਰੀ ਜਾਤੀ ਨੂੰ ਸੋਭਾਵੰਤੀ ਦੱਸਿਆ ਹੈ ਤਾਂ ਉਹ ਬਿਲਕੁਲ ਸੱਚ ਹੈ।
ਪਰਮਿੰਦਰ ਨੇ ਅੰਮ੍ਰਿਤਧਾਰੀ ਸਿੱਖ ਬੀਬੀਆਂ ਨੂੰ ਗੁਰਦੁਆਰਾ ਪ੍ਰਬੰਧ ’ਚ ਵੱਡੀ ਜਿੰਮੇਵਾਰੀ ਦਿੱਤੇ ਜਾਣ ਦੀ ਵਕਾਲਤ ਕਰਦੇ ਹੋਏ ਬੀਬੀਆਂ ਨੂੰ ਫ਼ੈਸ਼ਨ ਪ੍ਰਸਤੀ ਤਿਆਗ ਕੇ ਰਹਿਤ ਮਰਿਯਾਦਾ ਦੀ ਪਾਲਨਾ ਕਰਨ ਦੀ ਅਪੀਲ ਕੀਤੀ। ਰਣਜੀਤ ਕੌਰ ਨੇ ਕਿਹਾ ਕਿ ਸਿੱਖ ਬੀਬੀਆਂ ਨਾ ਪਹਿਲੇ ਕਿਸੇ ਤੋਂ ਘੱਟ ਸਨ ਅਤੇ ਨਾ ਹੀ ਹੁਣ। ਇਸ ਲਈ ਇਸ ਮਾਣਮਤੇ ਇਤਿਹਾਸ ਨੂੰ ਹਰ ਕਾੱਲੋਨੀ ਵਿਚ ਲੈ ਜਾਣ ਲਈ ਕਮੇਟੀ ਨੂੰ ਸੈਮੀਨਾਰਾਂ ਦੀ ਲੜੀ ਸ਼ੁਰੂ ਕਰਨੀ ਚਾਹੀਦੀ ਹੈ।
ਬੀਬੀ ਅਰਵਿੰਦਰ ਕੌਰ ਨੇ ਸਿੱਖ ਪਰਿਵਾਰਾਂ ’ਚ ਵੱਧ ਰਹੇ ਤਲਾਕ ਦੇ ਮਸਲਿਆਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਸਿੱਖਾਂ ਨੂੰ ਗੁਰਮਤਿ ਦੇ ਆਧਾਰ ’ਤੇ ਅਨੰਦ ਕਾਰਜ ਕਰਨ ਦੀ ਸਲਾਹ ਦਿੱਤੀ। ਬੀਬੀ ਗੁਰਪ੍ਰੀਤ ਕੌਰ ਨੇ ਸਿੱਖ ਇਤਿਹਾਸ ’ਚ ਜਾਣੀਆਂ ਜਾਂਦੀਆਂ ਮਹਾਨ ਇਸਤਰੀਆਂ ਦੀ ਕਾਰਗੁਜਾਰੀ ਨੂੰ ਆਪਣੇ ਵਿਚਾਰ ਸਵਰੂਪ ਰੱਖਿਆ। ਇਸ ਮੌਕੇ ਵੱਡੀ ਗਿਣਤੀ ’ਚ ਬੀਬੀਆਂ ਮੌਜੂਦ ਸਨ।