ਅਸੀਂ ਸਾਰਿਆਂ ਨੇ ਮੁੰਹ ‘ਚ ਘੁਲਦੀ ਮਿਠਾਸ ਦਾ ਭਰਪੂਰ ਮਜ਼ਾ ਲਿਆ ਹੈ ਅਤੇ ਹਮੇਸ਼ਾ ਲੈਂਦੇ ਵੀ ਹਾਂ ਕਿਓਂ? ਮਿੱਠੇ ਦਾ ਨਾਮ ਸੁਣਦਿਆਂ ਹੀ ਆ ਗਿਆ ਨਾ ਮੂੰਹ ‘ਚ ਪਾਣੀ? ਆਉਣਾ ਹੀ ਸੀ ਇਸ ਦੇ ਲਈ ਦੋਸ਼ੀ ਮਿੱਠਾ ਨਹੀਂ ਹੈ, ਨਾ ਹੀ ਤੁਸੀਂ ਹੋ ਜਦੋਂ ਅਸੀਂ ਦੁਨੀਆਂ ‘ਚ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਜੋ ਸਵਾਦ ਅਸੀਂ ਚੱਖਦੇ ਹਾਂ, ਉਹ ਮਿੱਠਾ ਹੀ ਹੁੰਦਾ ਹੈ।ਇਸੇ ਕਾਰਣ ਮਿੱਠੇ ਨਾਲ ਸਾਨੂੰ ਅਤੁੱਟ ਪਿਆਰ ਹੋ ਜਾਂਦਾ ਹੈ।ਮਿੱਠਾ (ਸ਼ੂਗਰ) ਤੁਰੰਤ ਤਾਕਤ ਜਾਂ ਊਰਜਾ ਦਾ ਸਭ ਤੋਂ ਵੱਡਾ ਸਾਧਨ ਹੈ ਜੋ ਗਲੁਕੋਜ਼ ਬਣ ਕੇ ਸਾਡੀਆਂ ਨਾੜਾਂ ‘ਚ ਪਹੁੰਚਦਾ ਹੈ।ਤਿਓਹਾਰਾਂ ਦੇ ਦਿਨਾਂ ਦਾ ਆਨੰਦ ਕਦੀ ਵੀ ਕੋਈ ਜੋਸ਼ ਦਾ ਭਰਪੂਰ ਨਾ ਮਿਲਦਾ, ਜੇ ਮਿੱਠਾ ਅਰਥਾਤ ਸ਼ੂਗਰ ਨਾ ਹੁੰਦੀ।ਸ਼ੂਗਰ ਸ਼ਰੀਰ ਨੂੰ ਤੁਰੰਤ ਤਾਕਤ ਦੇ ਕੇ ਇਹ ਸਾਡੀ ਮਾਨਸਿਕ ਸਮਰੱਥਾ ਨੂੰ ਵੀ ਵਧਾਉਂਦੀ ਹੈ
ਪਰ ਜਿਵੇਂ ਕਹਿੰਦੇ ਹਨ ਕਿ ਹਰ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੁੰਦੀ, ਇਵੇਂ ਹੀ ਸ਼ੂਗਰ ਦੀ ਵਧੇਰੇ ਮਾਤਰਾ ਵੀ ਬਹੁਤ ਖਤਰਨਾਕ ਸਾਬਤ ਹੋਈ ਹੈ ।ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਇੱਕ ਬਾਲਗ ਮਰਦ ਨੂੰ 150 ਕੈਲੋਰੀਜ਼ ਹਰ ਰੋਜ਼ ਲੈਣੀ ਚਾਹੀਦੀ ਹੈ ਜੋ ਲਗਭਗ 37.50 ਗ੍ਰਾਮ ਜਾਂ 9 ਚਮਚ ਬਣਦੇ ਹਨ ਅਤੇ ਬਾਲਗ ਔਰਤ ਨੂੰ ਲਗਭਗ 100 ਕੈਲੋਰੀਜ਼ ਹਰ ਰੋਜ਼ ਲੈਣੀ ਚਾਹੀਦੀ ਹੈ ਜੋ 25 ਗ੍ਰਾਮ ਜਾਂ 6 ਚਮਚ ਸ਼ੂਗਰ ਬਣਦੀ ਹੈ ਪਰ, ਅੱਜਕਲ ਅਸੀਂ ਹਰ ਰੋਜ਼ 25-30 ਚਮਚ ਸ਼ਗਰ ਲੈ ਰਹੇ ਹਾਂ।
ਪ੍ਰਸਿੱਧ ਨਿਊਟ੍ਰੀਸ਼ਿਨਿਸਟ ਡਾ. ਡੇਵਿਸ ਰੁਬੇਨ ਅਨੁਸਾਰ ਅਸੀਂ ਜੋ ਸਫੇਦ ਰੰਗ ਦੀ ਰਿਫਾਇਨਡ ਸ਼ੂਗਰ ਖਾਂਦੇ ਹਾਂ ਉਹ ਭੋਜਨ ਦੀ ਸ਼੍ਰੇਣੀ ‘ਚ ਨਹੀਂ ਆਉਂਦੀ ।ਅਸੀਂ ਆਪਣੇ ਰੋਜ਼ਾਨਾ ਜੀਵਨ ‘ਚ ਜੋ ਮਿੱਠੇ ਦਾ ਇਸਤੇਮਾਲ ਕਰਦੇ ਹਾਂ, ਉਹ ਪੌਦਿਆਂ ਤੋਂ ਕੱਢਿਆ ਗਿਆ ਨਿਰੋਲ ਰਸਾਇਣ ਹੁੰਦਾ ਹੈ। ਇਸ ਨੂੰ ਕੋਕੀਨ ਦਾ ਸ਼ੱਧ ਰੂਪ ਵੀ ਕਹਿ ਸਕਦੇ ਹਾਂ ਇਸੇ ਲਈ ਸਾਨੂੰ ਇਸ ਦੀ ਆਦਤ ਹੋ ਜਾਂਦੀ ਹੈ ।
ਅੱਜ ਦੇ ਜੀਵਨ ‘ਚ ਸ਼ੂਗਰ ਤੋਂ ਬਚਣਾ ਬਹੁਤ ਹੀ ਔਖਾ ਹੈ।ਅੱਜ ਜੋ ਵੀ ਅਸੀਂ ਖਾਂਦੇ ਹਾਂ, ਹਰ ਦੂਸਰੀ ਚੀਜ਼ ‘ਚ ਸ਼ੂਗਰ ਮੌਜੂਦ ਹੁੰਦੀ ਹੈ ।ਸਾਫਟ ਡ੍ਰਿੰਕ ਤੋਂ ਲੈ ਕੇ ਫਲਾਂ, ਦਵਾਈਆਂ ਤੱਕ ਕਿਸੇ ਦਾ ਵੀ ਨਾਮ ਲੈ ਲਓ, ਇਸ ‘ਚ ਸ਼ੂਗਰ ਦੀ ਕੁੱਝ ਨਾ ਕੁੱਝ ਮਾਤਰਾ ਜਰੂਰ ਮੌਜੂਦ ਹੁੰਦੀ ਹੈ।ਦੇਖਿਆ ਜਾਵੇ ਤਾਂ ਸ਼ੂਗਰ ਤੋਂ ਮੁਕੰਮਲ ਪਰਹੇਜ ਸੰਭਵ ਨਹੀਂ ਹੈ, ਪਰ ਉਚਿਤ ਮਾਤਰਾ ਅਤੇ ਸਹੀ ਰੂਪ ‘ਚ ਸ਼ੂਗਰ ਦੀ ਚੋਣ ਅਸੀਂ ਕਰ ਸਕਦੇ ਹਾਂ।
ਸ਼ੂਗਰ ਆਮ ਤੌਰ ‘ਤੇ ਦੋ ਕਿਸਮ ਦੀ ਹੁੰਦੀ ਹੈ। ਚੰਗੀ ਸ਼ੂਗਰ ਅਤੇ ਮਾੜੀ ਸ਼ੂਗਰ।ਚੰਗੀ ਸ਼ੂਗਰ ਫਲਾਂ ਤੋਂ ਮਿਲਦੀ ਹੈ ਜੋ ਸ਼ੂਗਰ ਦਾ ਕੁਦਰਤੀ ਸਾਧਨ ਹੈ, ਪਰ ਸਵਾਦ ਅਤੇ ਮੂੰਹ ‘ਚ ਪਾਣੀ ਲਿਆਉਣ ਵਾਲੀਆਂ ਮਿਠਾਈਆਂ, ਪੇਸਟਰੀਜ਼, ਚਾਕਲੇਟ, ਰੈਡੀਮੇਡ ਜੂਸ ਆਦਿ ਦੇ ਰੂਪ ‘ਚ ਜੋ ਸ਼ੂਗਰ ਅਸੀਂ ਖਾ ਰਹੇ ਹਾਂ ਉਹ ਸਚਮੁੱਚ ਜ਼ਹਿਰ ਹੈ।ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆਂ ਭਰ ‘ਚ ਹਰ ਸਾਲ ਲਗਭਗ 184000 ਲੋਕਾਂ ਦੀ ਮੌਤ ਜ਼ਿਆਦਾ ਸ਼ੂਗਰ ਦੇ ਸੇਵਨ ਕਾਰਣ ਹੋ ਜਾਂਦੀ ਹੈ।ਜੋ ਫਾਸਟ ਫੂਡ ਅਸੀਂ ਬਹੁਤ ਸਵਾਦ ਲੈ ਲੈ ਕੇ ਖਾਂਦੇ ਹਾਂ, ਉਹ ਸਾਨੂੰ ਹੌਲੀ ਹੌਲੀ ਖ਼ਤਮ ਕਰ ਰਿਹਾ ਹੈ ।ਇਹ ਸਵਾਦੀ ਭੋਜਨ ਦਰਅਸਲ ਸਾਨੂੰ ਤੰਦਰੁਸਤ ਨਹੀਂ ਰੱਖ ਰਿਹਾ ।
ਸ਼ੂਗਰ ਨਾਲ ਨਾ ਸਿਰਫ਼ ਸਾਡਾ ਜਿਗਰ ਹੀ ਖਰਾਬ ਹੁੰਦਾ ਹੈ ਬਲਕਿ ਇਸ ਨਾਲ ਮੋਟਾਪਾ ਹੁੰਦਾ ਹੈ, ਹੌਲੀ-ਹੌਲੀ ਲੇਪਟੀਨ ‘ਤੇ ਅਸਰ ਕਰਦੀ ਹੈ ਅਤੇ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਖ਼ਤਮ ਕਰ ਦਿੰਦੀ ਹੈ।ਹਾਜ਼ਮੇ ‘ਤੇ ਅਸਰ ਕਰਕੇ ਸ਼ੂਗਰ ਸਾਡੇ ਸ਼ਰੀਰ ‘ਚ ਯੂਰਿਕ ਐਸਿਡ ਦਾ ਪੱਧਰ ਵਧਾਉਂਦੀ ਹੈ ਅਤੇ ਇਸ ਦਾ ਸਿੱਧਾ ਅਸਰ ਸਾਡੀ ਕਿਡਨੀ ‘ਤੇ ਪੈਂਦਾ ਹੈ।ਇਸ ਲਈ ਇਸ ਮਿੱਠੇ ਦੇ ਨੁਕਸਾਨ ਜ਼ਿਆਦਾ ਅਤੇ ਲਾਭ ਘੱਟ ਹਨ।
ਹਾਲਾਂਕਿ ਮਿੱਠੇ ਦਾ ਤਿਆਗ ਕਰਨਾ ਹਮੇਸ਼ਾਂ ਵਧੀਆ ਮੰਨਿਆ ਜਾਂਦਾ ਹੈ, ਪਰ ਅਸੀਂ ਇਸ ਦੇ ਇੰਨੇ ਆਦੀ ਹੋ ਚੁੱਕੇ ਹੁੰਦੇ ਹਾਂ ਕਿ ਇਸ ਨੂੰ ਛੱਡਣਾ ਮੁਸ਼ਕਿਲ ਲੱਗਦਾ ਹੈ।ਸਭ ਤੋਂ ਪਹਿਲਾਂ ਮਜ਼ਬੂਤ ਇਰਾਦੇ ਦੀ ਲੋੜ ਹੁੰਦੀ ਹੈ, ਜਿਸ ਨਾਲ ਅਸੀਂ ਖੁੱਦ ‘ਤੇ ਕਾਬੂ ਰੱਖ ਸਕਦੇ ਹਾਂ।ਜੇਕਰ ਕੋਈ ਵਿਅੱਕਤੀ ਆਪਣੇ ਜੀਵਨ ‘ਚੋਂ ਸ਼ੂਗਰ ਨੂੰ ਬਿਲਕੁੱਲ ਕੱਢ ਦਿੰਦਾ ਹੈ ਤਾਂ ਇਹ ਉਸ ਦੀ ਬਹੁਤ ਵੱਡੀ ਉਪਲੱਬਧੀ ਹੋਵੇਗੀ, ਪਰ ਇਸ ਦੇ ਸਾਇਡ-ਇਫੈਕਟ ਵੀ ਹੋ ਸਕਦੇ ਹਨ।ਸ਼ੂਗਰ ਛੱਡਣ ਦਾ ਸਭ ਤੋਂ ਵਧੀਆ ਢੰਗ ਹੁੰਦਾ ਹੈ।ਇਸ ਦੀ ਮਾਤਰਾ ਨੂੰ ਹੌਲੀ ਹੌਲੀ ਘਟਾਉਣਾ।ਇਸ ਤਰਾਂ ਸ਼ਰੀਰ ਨੂੰ ਐਡਜ਼ਸਟ ਹੋਣ ਲਈ ਸਮਾਂ ਮਿਲ ਜਾਂਦਾ ਹੈ ਅਤੇ ਸਿਰ-ਦਰਦ, ਜੀ ਘਬਰਾਉਣ ਵਰਗੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ
ਜੇਕਰ ਫਿਰ ਵੀ ਮਿੱਠਾ ਖਾਣ ਦਾ ਮੋਹ ਨਹੀਂ ਤਿਆਗਿਆ ਜਾ ਰਿਹਾ ਤਾਂ ਹੋਰ ਵੀ ਬਹੁਤ ਸਾਰੇ ਢੰਗ ਤਰੀਕੇ ਮੌਜੂਦ ਹਨ।ਮਿੱਠੇ ਦੇ ਸ਼ਹਿਦ, ਗੁੜ੍ਹ, ਸ਼ੱਕਰ, ਨਾਰੀਅਲ ਦੀ ਖੰਡ, ਖਜੂਰ ਦੀ ਖੰਡ ਅਤੇ ਸਟੀਵਿਆ ਦੇ ਨਾਲ-ਨਾਲ ਮਾਰਕੀਟ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਹਨ।ਇਹ ਮਿੱਠਾ ਖਾ ਕੇ ਵੀ ਸਿਹਤਮੰਦ ਰਿਹਾ ਜਾ ਸਕਦਾ ਹੈ। ਆਓ ਅੱਗੇ ਵਧ ਕੇ ਸ਼ੁਰੁਆਤ ਅੱਜ ਹੀ ਕਰੀਏ ਅਤੇ ਆਪਣੇ ਸ਼ਰੀਰ ਨੂੰ ਗੈਰ ਮਿਆਰੀ ਮਿੱਠੇ ਤੋਂ ਮੁਕਤ ਕਰੀਏ ਅਤੇ ਇੱਕ ਵਧੀਆ ਜ਼ਿੰਦਗੀ ਗੁਜ਼ਾਰੀਏ।
ਡਾ. ਸੁਨਾਲੀ ਸ਼ਰਮਾ
ਡਾਇਟਿਸ਼ੀਅਨ
ਅਮਨਦੀਪ ਹਸਪਤਾਲ, ਪਠਾਨਕੋਟ