ਨਵੀਂ ਦਿੱਲੀ, 25 ਜੁਲਾਈ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਸਕੂਲ ਦੀ ਸਥਾਪਨਾ ਦੇ 50 ਵੇਂ ਵਰ੍ਹੇ ਦੇ ਸਫ਼ਰ ਵਿਚ ਸਫਲਤਾ ਪੂਰਵਕ ਪ੍ਰਵੇਸ਼ ਕਰਨ ਅਤੇ ਆਉਣ ਵਾਲੇ ਸਮੇਂ ਵਿਚ ਚੜ੍ਹਦੀ ਕਲਾ ‘ਚ ਰੱਖਣ ਦੀ ਅਰਜ਼ੋਈ ਵੀ ਸਕੂਲ ਪ੍ਰਬੰਧਕਾਂ ਵੱਲੋਂ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਜੁਗੋ-ਜੁਗ ਅਟਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਕੇ ਕੀਤੀ ਗਈ। ਉਪਰੰਤ ਵਿਦਿਆਰਥੀਆਂ ਦੇ ਵੱਖ ਵੱਖ ਜਥਿਆਂ ਨੇ ਗੁਰੂ ਮਹਿਮਾ ਦਾ ਗਾਇਨ ਕੀਤਾ। ਕਵਿਤਾ ਪਾਠ ਰਾਹੀਂ ਸਕੂਲ ਦੀ ਸਥਾਪਨਾ ਤੋਂ ਲੈ ਕੇ ਹੁਣ ਤਕ ਦੀ ਵਿਕਾਸ ਯਾਤਰਾਂ ਦਾ ਬਿਆਨ ਵੀ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਜੀਵਨ ਬਾਰੇ ਤਿਆਰ ਕੀਤੀ ਪੀ.ਪੀ.ਟੀ. ਰਾਹੀਂ ਸਾਂਝ ਪਾਈ। ਇਸ ਪ੍ਰੋਗਰਾਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਜੁਨੀਅਰ ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਪ੍ਰਮੁੱਖ ਪਰਮਜੀਤ ਸਿੰਘ ਰਾਣਾ, ਸਕੂਲ ਦੇ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਕੇ.ਪੀ. ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ।
ਜ਼ਿਕਰਯੋਗ ਹੈ ਕਿ 19 ਜੁਲਾਈ 1965 ਨੂੰ ਜਥੇਦਾਰ ਸੰਤੋਖ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਿੱਖ ਰਹੁ-ਰੀਤਾਂ ਵਿਚ ਆਪਣੇ ਬੱਚਿਆਂ ਨੂੰ ਵਿਦਿਆ ਪ੍ਰਦਾਨ ਕਰਨ ਦਾ ਕਾਰਜ ਅਰੰਭਿਆ ਸੀ। ਮੌਜੂਦਾ ਸਮੇਂ ਉਹ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿਚ 11 ਸ਼ਾਖਾਵਾਂ ਦੇ ਰੂਪ ਵਿਚ ਪ੍ਰਫੁੱਲਿਤ ਹੋ ਕੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ। ਸਕੂਲ ਸਟਾਫ ਵੱਲੋਂ ਇਸ ਦਿਨ ਨੂੰ ਯਾਦਗਾਰੀ ਬਨਾਉਣ ਲਈ ਵਿਸ਼ੇਸ਼ ਤੌਰ ਤੇ ਸਕੂ ਦੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਸਕੂਲ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗਰਾ ਨੇ ਹਾਜ਼ਰ ਸੰਗਤ ਨਾਲ ਗੁਰਪੁਰਬ ਦੀ ਵਧਾਈ ਸਾਂਝੀ ਕੀਤੀ ਤੇ ਸਕੂਲ ਸਥਾਪਨਾ ਦਿਵਸ ਦੇ 50ਵੇਂ ਵਰ੍ਹੇ ਵਿਚ ਦਾਖਲ ਹੋਣ ਤੇ ਪੁਰਾਨੇ ਵਿਦਿਆਰਥੀਆਂ ਨੂੰ ਇਕੱਤਰ ਕਰਨ ਲਈ ਮਿੱਤਰ ਪਿਆਰੇ ਐਸੋਸੀਏਸ਼ਨ ਬਨਾਉਣ ਅਤੇ ਉਸ ਦੇ ਲਈ ਮਿੱਥੇ ਗਏ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। ਮੈਡਮ ਢੀਂਗਰਾ ਦੇ ਉੱਧਮ ਸਦਕਾ ਹੀ ਇਸ ਸਮਾਗਮ ਵਿਚ ਪੁਰਾਨੇ ਵਿਦਿਆਰਥੀਆਂ ਨੇ ਭਰਵੀਂ ਹਾਜ਼ਰੀ ਭਰੀ ਤੇ ਮਿੱਤਰ ਪਿਆਰੇ ਪ੍ਰੋਗਰਾਮ ਦੇ ਭਾਗੀਦਾਰ ਬਣ ਕੇ ਪੁਰਾਨੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ। ਮਨਜੀਤ ਸਿੰਘ ਜੀ.ਕੇ. ਜੋ ਕਿ ਆਪ ਵੀ ਸਕੂਲ ਦੇ ਪੁਰਾਨੇ ਵਿਦਿਆਰਥੀ ਸਨ, ਇਸ ਕਾਰਜ ਦੀ ਸ਼ਲਾਘਾ ਕੀਤੀ ਤੇ ਗੁਰੂ ਸਾਹਿਬਾਂ ਦੀ ਜੋ ਅਸੀਸ ਅਤੇ ਬਰਕਤ ਉਨ੍ਹਾਂ ਨੂੰ ਸਕੂਲ ਤੋਂ ਮਿਲੀ ਉਸ ਬਾਰੇ ਵੀ ਵਿਚਾਰ ਸਾਂਝੇ ਕੀਤੇ ਤੇ ਵਿਦਿਆਰਥੀਆਂ ਨੂੰ ਵੀ ਗੁਰੂ ਸਾਹਿਬਾਂ ਦੇ ਦਸੇ ਮਾਰਗ ਤੇ ਤੁਰਨ ਲਈ ਕਿਹਾ ਤੇ ਸ਼ਰਧਾ ਭਰਪੂਰ ਪ੍ਰੋਗਰਾਮ ਦੀ ਪੇਸ਼ਕਾਰੀ ਦੀ ਪ੍ਰਸ਼ੰਸਾ ਕੀਤੀ ਤੇ ਆਉਣ ਵਾਲੇ 50ਵੇਂ ਵਰ੍ਹੇ ਨੂੰ ਯਾਦਗਾਰੀ ਬਨਾਉਣ ਲਈ ਹਰ ਸਭੰਵ ਸਹਾਇਤਾ ਕਰਨ ਦਾ ਵਚਨ ਵੀ ਦਿੱਤਾ। ਸਕੂਲ ਪ੍ਰਬੰਧਕਾਂ ਦੀ ਮੰਗ ਤੇ ਉਨ੍ਹਾਂ ਨੇ ਸਕੂਲ ਦੇ ਸੰਸਾਥਾਪਕ ਜਥੇਦਾਰ ਸੰਤੋਖ ਸਿੰਘ ਅੰਤਰ ਸਕੂਲ ਯਾਦਗਾਰੀ ਮੁਕਾਬਲੇ ਅਤੇ ਮਾਤਾ ਸਤਿਆਂ ਕੌਰ ਅੰਤਰ ਜੀ.ਐਚ.ਪੀ.ਐਸ. ਕੀਰਤਨ ਮੁਕਾਬਲਾ ਕਰਵਾਉਣ ਦੀ ਆਗਿਆ ਦਿੱਤੀ ਤੇ ਇਸ ਲਈ ਜਥੇਦਾਰ ਸਾਹਿਬ ਦੇ ਪਰਿਵਾਰ ਵੱਲੋਂ ਰੋਲਿੰਗ ਟ੍ਰਾਫੀ ਅਤੇ ਜੇਤੂ ਟੀਮ ਨੂੰ 31,000 ਰੁਪਏ ਦੇਣ ਦਾ ਐਲਾਨ ਵੀ ਕੀਤਾ। ਅਰਦਾਸ ਮਗਰੋਂ ਸਮਾਗਮ ਦੀ ਸਮਾਪਤੀ ਹੋਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।