ਬਟਾਲਾ, 31 ਜੁਲਾਈ (ਨਰਿੰਦਰ ਬਰਨਾਲ) – ਫਸਲਾਂ ਨੂੰ ਲੋੜ ਅਨੁਸਾਰ ਰਸਾਇਣਕ ਖਾਦਾਂ ਪਾਉਣ ਲਈ ਕਿਸਾਨ ਨੂੰ ਪੱਤਾ ਰੰਗ ਚਾਰਟ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਰਸਾਇਣਕ ਖਾਦਾਂ ਦੀ ਬੇਲੋੜੀ ਵਰਤੋਂ ਨੂੰ ਰੋਕ ਕੇ ਖੇਤੀ ਲਾਗਤ ਨੂੰ ਘੱਟ ਕੀਤਾ ਜਾ ਸਕੇ। ਪੱਤਾ ਰੰਗ ਚਾਰਟ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫਸਰ ਕਾਦੀਆਂ ਸ. ਜਰਮਨਜੀਤ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਝੋਨੇ ਅਤੇ ਮੱਕੀ ਦੀ ਫ਼ਸਲ ਵਿਚ ਯੂਰੀਆ ਖਾਦ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕਰਕੇ ਲੋੜ ਅਨੁਸਾਰ ਯੂਰੀਆ ਖਾਦ ਦੀ ਵਰਤੋਂ ਕੀਤੀ ਜਾਵੇ। ਉਨ੍ਹਾ ਕਿਹਾ ਕਿ ਖੇਤੀ ਮਾਹਿਰਾਂ ਵਲੋਂ ਪੱਤਾ ਰੰਗ ਚਾਰਟ ਦੀ ਖੋਜ਼ ਨਾਈਟ੍ਰੋਜ਼ਨ ਵਾਲੀ ਖਾਦ ਦੀ ਸਹੀ ਵਰਤੋਂ ਕਰਨ ਲਈ ਕੀਤੀ ਗਈ ਹੈ। ਪੱਤਾ ਰੰਗ ਚਾਰਟ ਤਕਨੀਕ ਨਾਲ ਫ਼ਸਲ ਦੇ ਝਾੜ ਨੂੰ ਬਰਕਰਾਰ ਰੱਖ ਕੇ ਯੂਰੀਆ ਖਾਦ ਦੀ ਸੁਚੱਜੀ ਵਰਤੋਂ ਹੁੰਦੀ ਹੈ।
ਖੇਤੀਬਾੜੀ ਵਿਕਾਸ ਅਫਸਰ ਸ. ਜਰਮਨਜੀਤ ਨੇ ਕਿਹਾ ਕਿ ਚਾਰਟ ਦਾ ਰੰਗ ਫ਼ਸਲ ਦੇ ਪੱਤੇ ਦੇ ਰੰਗ ਮਿਲਾਉਣ ਸਮੇਂ ਸਵੇਰੇ ਜਾਂ ਸ਼ਾਮ ਦਾ ਸਮਾਂ ਬੇਹਤਰ ਹੈ। ਰੰਗ ਮਿਲਾਉਣ ਸਮੇਂ ਫ਼ਸਲ ਦੇ ਪੱਤੇ ਜਾਂ ਚਾਰਟ ਉੱਤੇ ਤੁਹਾਡਾ ਪ੍ਰਛਾਵਾਂ ਪੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫ਼ਸਲ ਨੂੰ ਲੋੜ ਅਨੁਸਾਰ ਪਾਣੀ ਦੇ ਕੇ ਵੀ ਜ਼ਮੀਨ ਵਿਚ ਪਏ ਖ਼ੁਰਾਕੀ ਤੱਤਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। ਜ਼ਿਆਦਾ ਪਾਣੀ ਦੇਣ ਨਾਲ ਵੀ ਜ਼ਮੀਨ ਵਿਚਲੇ ਖ਼ੁਰਾਕੀ ਤੱਤ ਹੇਠਾਂ ਚਲੇ ਜਾਂਦੇ ਹਨ ਜੋ ਕਿ ਪੌਦੇ ਦੀਆਂ ਜੜ੍ਹਾਂ ਦੀ ਪਹੁੰਚ ਤੋਂ ਦੂਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੱਤਾ ਰੰਗ ਚਾਰਟ ਇਕ ਸਧਾਰਨ ਅਤੇ ਅਸਾਨ ਤਕਨੀਕ ਹੈ ਜਿਸ ਦੀ ਵਰਤੋਂ ਨਾਲ ਪੱਤਿਆਂ ਦਾ ਹਰਿਆ-ਪਣ ਮਾਪ ਕੇ ਫ਼ਸਲ ਨੂੰ ਖਾਦ ਪਾਉਣ ਜਾਂ ਨਾ ਪਾਉਣ ਦਾ ਸਹੀ ਫ਼ੈਸਲਾ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਪੱਤਾ ਰੰਗ ਚਾਰਟ ਦੀ ਮੱਦਦ ਨਾਲ ਫ਼ਸਲ ਨੂੰ ਲੋੜ ਮੁਤਾਬਿਕ ਸਹੀ ਸਮੇਂ ਤੇ ਨਾਈਟ੍ਰੋਜਨ ਤੱਤ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇਹ ਪੱਤਾ ਰੰਗ ਚਾਰਟ ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਕਰ ਸਕਦੇ ਹਨ।
Check Also
ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …