ਮਨ ਨੂੰ ਛੂਹ ਗਈ ਪੰਜਾਬੀਆਂ ਦੀ ਆਉ-ਭਗਤ ਤੇ ਫਰਾਖਦਿਲੀ – ਫਿਲਿਪ ਲੀ ਗਾਲ
ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੌਰੇ ’ਤੇ ਅੰਮ੍ਰਿਤਸਰ ਪੁੱਜੇ ਪੂਰਬੀ ਅਫਰੀਕਾ ਦੇ ਦੇਸ਼ ਸ਼ੈਸਲ ਦੇ ਹਾਈ ਕਮਿਸ਼ਨਰ ਫਿਲਿਪ ਲੀ ਗਾਲ ਨੇ ਪੰਜਾਬ ਨਾਲ ਵਪਾਰਕ ਤੇ ਕਾਰੋਬਾਰੀ ਰਿਸ਼ਤੇ ਵਧਾਉਣ ਦੇ ਆਸ਼ੇ ਨਾਲ ਆਪਣੇ ਦੇਸ਼ ਦਾ ਵਪਾਰਕ ਦਫਤਰ ਦਿੱਲੀ ਤੋਂ ਚੰਡੀਗੜ ਤਬਦੀਲ ਕਰਨ ਦਾ ਐਲਾਨ ਕਰਦੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬੀ ਉਥੇ ਘੁੰਮਣ-ਫਿਰਨ ਦੇ ਨਾਲ-ਨਾਲ ਕਾਰੋਬਾਰ ਲਈ ਆਉਣ ਅਤੇ ਉਥੋਂ ਦੀ ਆਰਥਿਕਤਾ ਨੂੰ ਮੋਢਾ ਦੇਣ।ਅੰਮ੍ਰਿਤਸਰ ਸਰਕਟ ਹਾਊਸ ਵਿਖੇ ਪ੍ਰੈਸ ਮਿਲਣੀ ਦੌਰਾਨ ਸੰਬੋਧਨ ਕਰਦੇ ਫਿਲਿਪ ਨੇ ਕਿਹਾ ਕਿ ਭਾਰਤ ਦੀ ਸੇਵਾ ਦੌਰਾਨ ਉਨਾਂ ਦੀ ਪੰਜਾਬ ਘੁੰਮਣ ਦੀ ਚਿਰੋਕਣੀ ਇੱਛਾ ਸੀ ਅਤੇ ਅੱਜ ਇਹ ਇੱਛਾ ਪੂਰੀ ਹੋਈ ਹੈ।ਉਨਾਂ ਪੰਜਾਬ ਦੀ ਮਹਿਮਾਨ ਨਿਵਾਜ ਦੀ ਦਿਲੋਂ ਤਾਰੀਫ ਕਰਦੇ ਕਿਹਾ ਕਿ ਪੰਜਾਬੀਆਂ ਵੱਲੋਂ ਜੋਸ਼ ਨਾਲ ਕੀਤੀ ਆਉ-ਭਗਤ ਉਨਾਂ ਨੂੰ ਸਦਾ ਯਾਦ ਰਹੇਗੀ।ਉਨਾਂ ਦੱਸਿਆ ਕਿ ਉਹ ਇਕ ਲੇਖਕ ਵਜੋਂ ਆਪਣੀ ਭਾਰਤ ਸੇਵਾ ਬਾਰੇ ਇਕ ਕਿਤਾਬ ਲਿਖ ਰਹੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਬਿਨਾਂ ਇਹ ਕਿਤਾਬ ਪੂਰੀ ਹੋਣੀ ਵੀ ਅਸੰਭਵ ਸੀ, ਇਸ ਲਈ ਅੱਜ ਸ੍ਰੀ ਦਰਬਾਰ ਸਾਹਿਬ ਅਤੇ ਜਲਿਆਂਵਾਲਾ ਬਾਗ ਦੇ ਦਰਸ਼ਨ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ।
ਉਨਾਂ ਦੱਸਿਆ ਕਿ ਸ਼ੈਸਲ ਇਕ ਛੋਟਾ ਦੇਸ਼ ਹੈ ਅਤੇ ਇਥੋਂ ਦੀ ਅਬਾਦੀ ਕੇਵਲ 95 ਹਜ਼ਾਰ ਹੈ। ਇੱਥੇ ਦੁਨੀਆਂ ਭਰ ਤੋਂ ਸੈਲਾਨੀ ਘੁੰਮਣ ਆਉਂਦੇ ਹਨ, ਜਿੰਨਾ ਵਿਚ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ।ਉਨਾਂ ਪੰਜਾਬੀਆਂ ਨੂੰ ਆਪਣੇ ਦੇਸ਼ ਆਉਣ ਦਾ ਸੱਦਾ ਦਿੰਦੇ ਕਿਹਾ ਕਿ ਉਹ ਉਥੇ ਘੁੰਮਣ-ਫਿਰਨ ਦੇ ਨਾਲ-ਨਾਲ ਕਾਰੋਬਾਰ ਅਤੇ ਖੇਤੀ ਖੇਤਰ ਵਿਚ ਵੀ ਕੰਮ ਕਰਨ।ਉਨਾਂ ਦੱਸਿਆ ਕਿ ਉਹ ਕੱਲ੍ਹ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਪੰਜਾਬ ਨਾਲ ਆਪਣੀ ਸਾਂਝ ਨੂੰ ਹੋਰ ਪਕੇਰਾ ਕਰਨਗੇ ਅਤੇ ਸਹਿਯੋਗ ਲੈਣਗੇ।ਫਿਲਿਪ ਨੇ ਅੱਜ ਪ੍ਰੈਸ ਮਿਲਣੀ ਮਗਰੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਜਲਿਆਂ ਵਾਲਾ ਬਾਗ ਦੇ ਦਰਸ਼ਨ ਵੀ ਕੀਤੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …