Sunday, September 8, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂ.ਪੀ.ਐਸ.ਸੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਸੈਮੀਨਾਰ ਆਯੋਜਿਤ

PPN13081414

ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਂਟਰ ਵੱਲੋਂ ਸ਼ਿਵਾ ਇਲੂਮੀਨੇਟਸ ਨਵੀਂ ਦਿੱਲੀ ਦੇ ਸਹਿਯੋਗ ਨਾਲ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਯੂ.ਪੀ.ਐਸ.ਸੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ 300 ਦੇ ਲੱਗਭਗ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਨਾਰਥ ਸੈਂਟਰਲ ਜੋਨ ਕਲਚਰਲ ਸੈਂਟਰ ਇਲਾਹਾਬਾਦ ਦੇ ਡਾਇਰੈਕਟਰ ਸ੍ਰੀ. ਗੌਰਵ ਕ੍ਰਿਸ਼ਨਾ ਬਾਂਸਲ, ਸ਼ਿਵਾ ਇਲੂਮੀਨੇਟਸ, ਨਵੀਂ ਦਿੱਲੀ ਤੋਂ ਸ੍ਰੀ ਪੁਨੀਤ ਗੁੰਬਰ ਅਤੇ ਦਿੱਲੀ ਯੂਨੀਵਰਸਿਟੀ ਦਿੱਲੀ ਤੋਂ ਡਾ. ਕੁਮਦ ਰਾਜਨ ਨੇ ਇਸ ਮੌਕੇ ਵਿਸੇਸ਼ ਭਾਸ਼ਣ ਦਿੱਤਾ। ਸੈਂਟਰ ਦੇ ਡਾਇਰੈਕਟਰ, ਡਾ. ਦਲਜੀਤ ਸਿੰਘ ਅਰੋੜਾ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ ਅਤੇ ਮਾਨਵੀ ਕਦਰਾਂ ਕੀਮਤਾਂ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ। ਪ੍ਰੋਫੈਸਰ ਬਰਾੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜੇਕਰ ਦ੍ਰਿੜ ਇਰਾਦਾ ਅਤੇ ਸੱਚੀ ਲਗਨ ਹੋਏ ਤਾਂ ਕੋਈ ਵੀ ਕਾਰਜ ਮੁਸ਼ਕਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੰਪੀਟੀਟਿਵ ਪ੍ਰੀਖਿਆ ਵਿਚ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸਖਤ ਮਿਹਨਤ ਅਤੇ ਸਮਰਪਣ ਦੀ ਭਾਵਨਾ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾਂ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਅਧਿਆਪਕਾ ਤੇ ਮਾਪਿਆ ਦੀ ਇਜ਼ਤ ਕਰਨੀ ਚਾਹੀਦੀ ਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੀਖਿਆ ਦੀ ਤਿਆਰੀ ਲਈ ਗਿਆਨ ਦੇ ਨਾਲ ਨਾਲ ਵਿਸ਼ਵ ਵਿਚ ਜੋ ਕੁਝ ਵਾਪਰ ਰਿਹਾ ਹੈ, ਉਸ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅੱਜ ਦੇ ਦੌਰ ਵਿਚ ਪ੍ਰਮੁੱਖ ਸਮੱਸਿਆ ਹੈ ਅਤੇ ਮਾਨਵੀ ਕਦਰਾਂ-ਕੀਮਤਾਂ ਵਿਚ ਕਾਫੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਹੱਲ ਲਈ ਸਿਵਲ ਕਰਮੀਆਂ ਨੂੰ ਅੱਗੇ ਆਉਣ ਦੀ ਲੋੜ ਹੈ।
ਸ੍ਰੀ ਬਾਂਸਲ ਨੇ ਕਿਹਾ ਕਿ ਸਮਾਂ ਦਾ ਸਹੀ ਪ੍ਰਬੰਧਨ ਸਫਲਤਾ ਦੀ ਕੁੰਜੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪੜ੍ਹਨ ਦੇ ਤਰੀਕੇ ‘ਤੇ ਵੀ ਝਾਤੀ ਮਾਰਨ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕੈਰੀਅਰ ਦੀ ਚੋਣ ਕਰਨ ਤੋਂ ਪਹਿਲਾਂ ਆਤਮ ਪੜਚੋਲ ਕਰਨ ਲਈ ਪ੍ਰੇਰਿਆ। ਨਾਰਥ ਸੈਂਟਰਲ ਜੋਨ ਕਲਚਰਲ ਸੈਂਟਰ ਇਲਾਹਾਬਾਦ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਯੂਨੀਅਨ ਮਨਿਸਟਰੀ ਆਫ ਕਲਚਰ ਦੇ ਅਧੀਨ ਇਹ ਇਕ ਖੁਦਮੁਖਤਿਆਰ ਸੰਸਥਾ ਹੈ ਜਿਸ ਦਾ ਕੰਮ ਭਾਰਤੀ ਕਲਾ, ਅਤੇ ਸਭਿਆਚਾਰ ( ਮੁਖ ਤੌਰ ਤੇ ਲੋਕ ਅਤੇ ਕਬੀਲਾਈ) ਦੀ ਸਾਂਭ ਸੰਭਾਲ, ਵਿਕਾਸ, ਫੈਲਾਅ ਅਤੇ ਦਸਤਾਵੇਜ਼ਬੱਧ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਡੇ ਪੱਧਰ ਤੇ ਕੰਮ ਕਰਦੀ ਹੈ ਅਤੇ ਸਭਿਆਚਾਰ ਵਿਚ ਸ਼ਾਮਲ ਗੀਤਾਂ, ਨਾਚਾਂ, ਪੇਟਿੰਗ, ਸ਼ਿਲਪ, ਸਾਹਿਤ ਅਤੇ ਮੂਰਤੀਕਲਾ ਸਬੰਧੀ ਤੱਤਾ ਦਾ ਨਰੀਖਣ ਕਰਦੀ ਹੈ। 
ਪ੍ਰੋ. ਕੁਮਦ ਨੇ ਕਿਤਾਬੀ ਗਿਆਨ ਅਤੇ ਵਿਵਹਾਰਕ ਗਿਆਨ ਦੇ ਫਰਕ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਕ ਪ੍ਰਤੀਭਾਵਾਨ ਅਧਿਆਪਕ ਠੀਕ ਤਰੀਕੇ ਨਾਲ ਵਿਦਿਆਰਥੀਆਂ ਨੂੰ ਸੇਧ ਦੇ ਸਕਦਾ ਹੈ। ਸ੍ਰੀ ਪੁਨੀਤ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਹਰੇਕ ਪ੍ਰੀਖਿਆ ਵਿਚ ਆਮ ਤੌਰ ਤੇ ਜਨਰਲ ਨਾਲਿਜ, ਰੀਜ਼ਨਿੰਗ, ਆਮ ਜਾਣਕਾਰੀ ਅਤੇ ਗਣਿਤ ਵਿਸ਼ੇ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਹੀ ਯੋਜਨਾ, ਸਾਫ ਮੌਲਿਕਤਾ, ਨਿਸ਼ਾਨੇ ਦੀ ਸਹੀ ਚੋਣ, ਸਮੇਂ ਦਾ ਪ੍ਰਬੰਧਨ, ਹਾਂ ਪੱਖੀ ਹੋਣਾ, ਮੋਕ ਟੈਸਟ, ਅਤੇ ਅਹਿਮ ਮੈਂਗਜੀਨਾਂ ਦਾ ਪੜਨਾ ਆਦਿ ਇਨ੍ਹਾਂ ਕੰਪੀਟੀਟਿਵ ਪ੍ਰੀਖਿਆਵਾਂ ਨੂੰ ਪਾਸ ਕਰਨ  ਵਿਚ ਮਹੱਤਵਪੂਰਨ ਹੁੰਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply