Sunday, December 22, 2024

ਗੁਰੂ ਨਗਰੀ ਦਾ ਨਾਮਵਰ ਕੋਚ ਮੁੱਕੇਬਾਜ ਬਲਜਿੰਦਰ ਸਿੰਘ

Coach Baljinder Sਪੰਜਾਬ ਪੁਲਿਸ ਦੀ ਨੌਕਰੀ ਦੇ ਨਾਲ-ਨਾਲ ਖੇਡ ਖੇਤਰ ਵਿੱਚ ਨਾਮਨਾ ਖੱਟਣ ਵਾਲੇ ਗੁਰੂ ਨਗਰੀ ਦੇ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਦੀ ਰਹਿਨੁਮਾਈ `ਚ ਅਭਿਆਸ ਕਰਨ ਵਾਲੇ ਬੱਚੇ ਹੁਣ ਆਪਣੇ ਪੈਰਾਂ `ਤੇ ਖੜ੍ਹੇ ਹੋ ਕੇ ਸਰਕਾਰੀ/ ਗੈਰ ਸਰਕਾਰੀ ਮਹਿਕਮਿਆਂ `ਚ ਉਚ ਅਹੁੱਦਿਆਂ `ਤੇ ਬਿਰਾਜ਼ਮਾਨ ਹੋ ਕੇ ਆਪਣੇ ਸਕੂਲ, ਕਾਲਜ, ਸ਼ਹਿਰ, ਮਾਪਿਆਂ ਤੇ ਕੋਚ ਦਾ ਨਾਮ ਰੁਸ਼ਨਾ ਰਹੇ ਹਨ।।
ਸਵ: ਮਾਤਾ ਸੁਰਜੀਤ ਕੌਰ ਅਤੇ ਪਿਤਾ ਸਵ: ਅਜੀਤ ਸਿੰਘ ਦੇ ਗ੍ਰਹਿ ਪਿੰਡ ਕਾਲੇ ਜਿਲਾ ਅੰਮ੍ਰਿਤਸਰ ਵਿਖੇ ਜਨਮੇ ਬਲਜਿੰਦਰ ਸਿੰਘ ਦਾ ਖਾਲਸਾ ਕਾਲਜ ਸੀਨੀ: ਸੈਕੰ: ਸਕੂਲ `ਚ ਪੜ੍ਹਦਿਆਂ ਮੁੱਕੇਬਾਜ਼ੀ ਨਾਲ ਐਸਾ ਮੋਹ ਪਿਆ ਕਿ ਸਵੇਰੇ ਸ਼ਾਮ ਉਸ ਨੇ ਸਖ਼ਤ ਮਿਹਨਤ ਕੀਤੀ।1996 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਕੇ ਮਹਿਕਮੇ ਵਲੋਂ ਖੇਡਦਿਆਂ ਕਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਹਾਸਲ ਕੀਤੇ।ਉਸ ਨੇ 2004 ਤੋਂ ਖਿਡਾਰੀਆਂ ਨੂੰ ਖਾਲਸਾ ਕਾਲਜ ਸੀਨੀ. ਸੈਕੰ. ਸਕੂਲ ਬਾਕਸਿੰਗ ਸੈਂਟਰ ਵਿਚ ਕੋਚ ਵਜੋਂ ਮੁੱਕੇਬਾਜੀ ਦੀ ਸਿਖਲਾਈ ਦੇਣੀ ਅਰੰਭੀ।
ਕੋਚ ਬਲਜਿੰਦਰ ਸਿੰਘ ਦੀ ਸਿਖਲਾਈ ਹੇਠ ਚਾਰ ਅੰਤਰਰਾਸ਼ਟਰੀ ਖਿਡਾਰੀ, ਵਿੱਕੀ ਸਿੰਘ, ਜਗਰੂਪ ਸਿੰਘ, ਕੈਪਟਨ ਸਿੰਘ, ਦਲਜੀਤ ਕੌਰ ਅਤੇ ਸੈਂਕੜੇ ਰਾਸ਼ਟਰੀ ਤੇ ਰਾਜ ਪੱਧਰ ਦੇ ਮੁੱਕੇਬਾਜ ਖਿਡਾਰੀ ਤਿਆਰ ਹੋਏ।ਨੈਸ਼ਨਲ ਇੰਸਟੀਚਿਊਟ ਸਪੋਰਟਸ (ਐਨ.ਆਈ.ਐਸ) `ਚ ਪਹੁੰਚੇ ਅੰਮ੍ਰਿਤਸਰ ਦੇ ਪਹਿਲੇ ਤਿੰਨ ਖਿਡਾਰੀ ਵੀ ਉਸ ਦੇ ਸ਼ਾਗਿਰਦ ਹਨ।ਬਲਜਿੰਦਰ ਦਾ ਕਹਿਣਾ ਹੈ ਕਿ ਅਲ੍ਹੜ ਉਮਰ ਦੇ ਖਿਡਾਰੀਆਂ ਨੂੰ ਉਹਨਾਂ ਦੇ ਮਨ ਅਤੇ ਤਨ ਦੀ ਸ਼ਕਤੀ ਨੂੰ ਚੰਗੇ ਪਾਸੇ ਲਗਾਉਣ ਲਈ ਹਰ ਰੋਜ ਅਭਿਆਸ ਕਰਨ ਤੋਂ ਪਹਿਲਾਂ ਉਹਨਾਂ ਨਾਲ ਚੰਗੇ ਵਿਚਾਰਾਂ ਦੀ ਸਾਂਝ ਪਾਉਣੀ  ਜਰੂਰੀ ਹੈ।
ਕੋਚ ਬਲਜਿੰਦਰ ਸਿੰਘ ਦੀ ਛਤਰ ਛਾਇਆ ਹੇਠ ਪਿਛਲੇ 14 ਸਾਲਾਂ ਤੋਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਅੰਡਰ 19,17,14 (ਲੜਕੇ) ਖਿਡਾਰੀ ਜਿਲਾ ਪੱਧਰ `ਤੇ ਚੈਂਪੀਅਨ ਰਹੇ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਮੁੱਕੇਬਾਜ਼ੀ ਟੀਮ ਪਿਛਲੇ 9 ਸਾਲ ਤੋਂ ਹੁਣ ਤੱਕ ਇੰਟਰ ਕਾਲਜ ਚੈਂਪੀਅਨ ਬਣੀ ਆ ਰਹੀ ਹੈ।ਆਲ ਇੰਡੀਆ ਵਰਸਿਟੀ ਮੁਕਾਬਲਿਆਂ `ਚ ਅੰਮ੍ਰਿਤਸਰ ਜਿਲੇ ਦੇ ਮੁੱਕੇਬਾਜ ਹੁਣ ਤੱਕ 33 ਤਮਗੇ ਹਾਸਲ ਕੀਤੇ, ਜਿਨਾਂ ਵਿੱਚੋਂ 29, ਤਮਗੇ ਕੋਚ ਬਲਜਿੰਦਰ ਸਿੰਘ ਦੇ ਸ਼ਾਗਿਰਦਾਂ ਦੇ ਨਾਂ ਦਰਜ ਹਨ। 2011 ਅਤੇ 2012 ਵਿਚ ਲਗਾਤਾਰ ਦੋ ਸਾਲ 11 ਭਾਰ ਵਰਗ ਵਿੱਚ 11 ਗੋਲਡ ਮੈਡਲ ਹਾਸਲ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਿਕਾਰਡ ਬਣਾਇਆ ਜੋ ਅੱਜ ਤੱਕ ਕਾਇਮ ਹੈ।
ਕੋਚ ਬਲਜਿੰਦਰ ਸਿੰਘ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਫਰਵਰੀ 2012 ਨੂੰ ਖਾਲਸਾ ਕਾਲਜ ਅਤੇ 15 ਅਗਸਤ 2011 ਨੂੰ ਗੁਰੂ ਨਾਨਕ ਸਟੇਡੀਅਮ ਵਿਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸਰਵੋਤਮ ਕੋਚ ਦੇ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ।
ਕੋਚ ਬਲਜਿੰਦਰ ਸਿੰਘ ਅਨੁਸਾਰ ਉਸ ਦੀਆਂ ਪ੍ਰਾਪਤੀਆਂ `ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰਮੋਹਨ ਸਿੰਘ ਛੀਨਾ, ਖਾਲਸਾ ਕਾਲਜ  ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਖਾਲਸਾ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਸਾਬਕਾ ਪਿ੍ੰਸੀਪਲ ਨਿਰਮਲ ਸਿੰਘ ਭੰਗੂ, ਖੇਡ ਇੰਚਾਰਜ ਡਾ. ਦਲਜੀਤ ਸਿੰਘ, ਰਣਕੀਰਤ ਸਿੰਘ ਸੰਧੂ, ਕੋਚ ਬਚਨਪਾਲ ਸਿੰਘ, ਜੀ.ਐਸ ਭੱਲਾ, ਵੱਡੇ ਭਰਾ ਜਗੀਰ ਸਿੰਘ ਜੇ.ਈ ਅਤੇ ਜੀਵਨ ਸਾਥਣ ਬਲਜਿੰਦਰ ਕੌਰ ਦਾ ਵੱਡਾ ਸਹਿਯੋਗ ਰਿਹਾ ਹੈ।ਉਸ ਦੇ ਬੱਚੇ ਸਰਤਾਜ ਸਿੰਘ, ਪਰਨੀਤ ਕੌਰ, ਹਰਲੀਨ ਕੌਰ ਵੀ ਪ੍ਰਸਿੱਧ ਮੁੱਕੇਬਾਜ ਬਨਣ ਦੀ ਚਾਹ `ਚ ਆਪਣੇ ਪਿਤਾ ਦੇੇ ਨਕਸ਼ੇ ਕਦਮਾਂ `ਤੇ ਚੱਲ ਰਹੇ ਹਨ।
Sukhbir Khurmania

 

 

 

 

ਸੁਖਬੀਰ ਸਿੰਘ ਖੁਰਮਣੀਆਂ
477/21 ਕਿਰਨ ਕਲੋਨੀ ਗੁਮਟਾਲਾ,
ਅੰਮ੍ਰਿਤਸਰ- 143007
ਮੋਬਾ:9855512677

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply