ਬਾਰਡਰ ਏਰੀਏ ਵਿੱਚ ਬਣਾਏ ਜਾਣਗੇ 100 ਮਾਡਲ ਸਕੂਲ
ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਵੱਲੋਂ ਅਧਿਆਪਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਓਮ ਪ੍ਰਕਾਸ਼ ਸੋਨੀ ਸਿਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਸ਼ਾਮਲ ਹੋਏ ਅਤੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਸਨਮਾਨ ਸਮਾਰੋਹ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਿਖਿਆ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਸਿਖਿਆ ਨੂੰ ਉਚਾ ਚੁੱਕਣ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਯੂਨੀਅਨਾਂ ਦੇ ਪਿਛੇ ਨਾ ਲੱਗਣ ਅਤੇ ਜੋ ਵੀ ਉਨ੍ਹਾਂ ਦੀ ਕੋਈ ਮੰਗ ਹੈ ਉਹ ਟੇਬਲ ਤੇ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਕਰਨ ਨਾ ਕਿ ਧਰਨੇ ਲਗਾਉਣ।ਸੋਨੀ ਨੇ ਕਿਹਾ ਕਿ ਲੋਕਤੰਤਰੀ ਦੇਸ਼ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਜੇਕਰ ਅਧਿਆਪਕਾਂ ਨੇ ਧਰਨੇ ਹੀ ਲਗਾਉਣੇ ਹਨ ਤਾਂ ਉਹ ਸਕੂਲ ਦੀ ਛੁੱਟੀ ਸਮੇਂ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਲਗਾ ਸਕਦੇ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਹਰਜਾ ਨਾ ਹੋਵੇ।ਸੋਨੀ ਨੇ ਕਿਹਾ ਕਿ ਅਧਿਆਪਕਾਂ ਦੇ ਸਹਿਯੋਗ ਨਾਲ ਪੜ੍ਹੇ ਪੰਜਾਬ ਪੜ੍ਹਾਓ ਪੰਜਾਬ ਚੰਗੀ ਤਰ੍ਹਾਂ ਲਾਗੂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਹਰ ਜਾਇਜ ਮੰਗ ਨੂੰ ਪੂਰਾ ਕੀਤਾ ਜਾਵੇਗਾ ਅਤੇ ਜਿਹੜੇ ਅਧਿਆਪਕ ਕੱਚੇ ਤੌਰ ਤੇ ਡਿਊਟੀ ਕਰ ਰਹੇ ਹਨ ਉਨ੍ਹਾਂ ਨੂੰ ਵੀ ਪੱਕਾ ਕੀਤਾ ਜਾਵੇਗਾ।
ਸਿਖਿਆ ਮੰਤਰੀ ਨੇ ਕਿਹਾ ਕਿ ਬਾਰਡਰ ਜਿਲੇ੍ਹ ਵਿੱਚ 100 ਮਾਡਲ ਸਕੂਲ ਬਣਾਏ ਜਾਣਗੇ ਅਤੇ ਮਾਲ ਰੋਡ ਸਕੂਲ ਨੂੰ ਸ਼ਹਿਰ ਦਾ ਸਭ ਤੋਂ ਵਧੀਆ ਸਕੂਲ ਬਣਾਇਆ ਜਾਵੇਗਾ।ਇਸ ਸਮਾਗਮ ਵਿੱਚ ਸੋਨੀ ਵੱਲੋਂ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਦੇ 17 ਬਲਾਕਾਂ ਦੇ ਹਰ ਬਲਾਕ ਵਿਚੋਂ 2-2 ਅਤੇ ਜਿਲ੍ਹਾ ਪੱਧਰ ਤੇ 4 ਅਧਿਆਪਕਾਂ ਨੂੰ ਵਧੀਆ ਕਾਰਗੁਜਾਰੀ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਦੱਸਣਯੋਗ ਹੈ ਕਿ ਮੰਤਰੀ ਸੋਨੀ ਵੱਲੋਂ ਉਨ੍ਹਾਂ ਸਰਕਾਰੀ ਅਧਿਆਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿੰਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਤੇ ਵਧੀਆ ਸਿਖਿਆ ਹਾਸਲ ਕਰ ਰਹੇ ਹਨ।ਛੁੱਟੀਆਂ ਦੌਰਾਨ ਸਕੂਲਾਂ ਵਿੱਚ ਸਮਰ ਕੈਂਪ ਲਗਾਉਣ ਵਾਲੇ ਅਧਿਆਪਕ ਵੀ ਸਨਮਾਨੇ ਗਏ।
ਸਿਖਿਆ ਮੰਤਰੀ ਸੋਨੀ ਨੇ ਸਭ ਤੋਂ ਪਹਿਲਾਂ ਸਕੂਲ ਵਿਖੇ ਬੱਚਿਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਵੇਖੀ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ।ਸਕੂਲੀ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਰੱਖੜੀਆਂ ਦੇਖ ਕੇ ਉਨ੍ਹਾਂ ਨੂੰ 1000 ਰੁਪਏ ਨਕਦ ਇਨਾਮ ਵੀ ਦਿੱਤਾ। ਸੋਨੀ ਨੇ ਕਿਹਾ ਕਿ ਜਿਹੜੇ ਅਧਿਆਪਕਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ, ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੋਰਨਾਂ ਅਧਿਆਪਕਾਂ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਪੜ੍ਹਾਉਣ ਦੀ ਸੇਧ ਲੈਣੀ ਚਾਹੀਦੀ ਹੈ।ਸਕੂਲੀ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਸਮਾਗਮ ਵਿੱਚ ਸ਼ਿਸ਼ੂਪਾਲ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ, ਸ੍ਰੀਮਤੀ ਸੁਨੀਤਾ ਕਿਰਨ ਜਿਲ੍ਹਾ ਸਿਖਿਆ ਅਫਸਰ ਸਕੈਂਡਰੀ, ਸ੍ਰੀਮਤੀ ਭੂਪਿੰਦਰ ਕੌਰ ਉਪ ਜਿਲ੍ਹਾ ਸਿਖਿਆ ਅਫਸਰ, ਸ੍ਰੀਮਤੀ ਮਨਦੀਪ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀ.ਪੀ.ਈ.ਓ ਅਤੇ ਅਧਿਆਪਕ ਵੀ ਹਾਜ਼ਰ ਸਨ।ਇਸ ਸਮੇਂ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਤੇ ਸੈਕੰਡਰੀ ਵੱਲੋਂ ਸਿਖਿਆ ਮੰਤਰੀ ਨੂੰ ਵੀ ਸਨਮਾਨਤ ਕੀਤਾ ਗਿਆ।