ਅੱਜ ਦੇ ਇਸ ਆਧੁਨਿਕ ਅਤੇ ਤਕਨੀਕੀ ਯੁੱਗ ਦੇ ਵਿਚ ਸਾਨੂੰ ਇਕ ਦੂਜੇ ਤੋਂ ਅੱਗੇ ਨਿਕਲ ਜਾਣ ਦੀ ਏਨੀ ਕੁ ਕਾਹਲ ਹੈ ਕਿ ਅਸੀਂ ਮੁਸਕੁਰਾਉਣਾ ਹੀ ਭੁੱਲ ਗਏ ਹਾਂ।ਕਦੀ-ਕਦੀ ਲੱਗਦਾ ਹੈ ਕਿ ਜਿਵੇਂ ਰੋਜ਼ ਦੀ ਭੱਜ ਦੌੜ ਵਿਚ ਮੁਸਕਰਾਹਟ ਸਾਡੇ ਪੈਰਾਂ ਹੇਠ ਆ ਕੇ ਲਤਾੜੀ ਗਈ ਹੋਵੇ ਅਤੇ ਮਨੁੱਖ ਜਿਵੇਂ ਹੱਸਣਾ ਹੀ ਭੁੱਲ ਗਿਆ ਹੋਵੇ, ਹੱਸਣਾ ਸਾਡੇ ਸਿਹਤ ਲਈ ਇਕ ਦਵਾਈ ਹੈ।ਮੁਸਕਰਾਹਟ ਇਕ ਐਸੀ ਚਾਬੀ ਹੈ, ਜੋ ਸਾਰਿਆਂ ਦੇ ਦਿਲਾਂ ਦਾ ਤਾਲਾ ਖੋਲ੍ਹਦੀ ਹੈ।ਸ਼ਾਇਦ ਮੁਸਕਰਾਹਟ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਹੀ ਹਾਰਵੇ ਬਾਲ ਨੇ ਅਕਤੂਬਰ ਮਹੀਨੇ ਦੇ ਪਹਿਲੇ ਸੁੱਕਰਵਾਰ ਨੂੰ ਮੁਸਕਰਾਹਟ ਦੇ ਨਾਂਅ ਕਰ ਦਿੱਤਾ।ਇਸ ਤਰ੍ਹਾਂ 1999 ਵਿਚ ਅਕਤੂਬਰ ਮਹੀਨੇ ਦੇ ਪਹਿਲੇ ਸੁੱਕਰਵਾਰ ਤੋਂ ਵਿਸ਼ਵ ਮੁਸਕਰਾਹਟ ਦਿਵਸ ਮਨਾਉਣ ਦੀ ਸੁੁਰੂਆਤ ਹੋਈ।ਹਾਰਵੇ ਬਾਲ ਸਮਾਈਲ ਫੇਸ ਦਾ ਨਿਰਮਾਤਾ ਸੀ, ਜਿਨ੍ਹਾਂ ਦੀ ਵਰਤੋਂ ਅੱਜ ਕੱਲ੍ਹ ਸੋਸ਼ਲ ਮੀਡੀਆ ਨਾਲ ਜੁੜਿਆ ਹਰ ਵਿਅਕਤੀ ਕਰ ਰਿਹਾ ਹੈ।
ਜ਼ਿੰਦਗੀ ਵਿਚ ਇਕ ਖੁਸ਼ੀ ਤੁਹਾਡੀ ਮੁਸਕਰਾਹਟ ਦਾ ਕਾਰਨ ਬਣਦੀ ਹੈ, ਪਰ ਕਦੀ-ਕਦੀ ਇਕ ਮੁਸਕਰਾਹਟ ਹੀ ਤੁਹਾਡੀ ਖੁਸ਼ੀ ਦਾ ਸਰੋਤ ਹੋ ਸਕਦੀ ਹੈ।ਚਿਹਰੇ `ਤੇ ਆਈ ਇਕ ਹਲਕੀ ਜਿਹੀ ਮੁਸਕੁਰਾਹਟ ਇਕ ਆਮ ਚਿਹਰੇ ਨੂੰ ਵੀ ਆਕਰਸ਼ਿਤ ਬਣਾ ਦਿੰਦੀ ਹੈ।ਮੁਸਕਰਾਹਟ ਜਿਥੇ ਚਿਹਰੇ ਦੀ ਸੁੰਦਰਤਾ ਵਿਚ ਚਾਰ ਚੰਨ੍ਹ ਲਗਾਉਂਦੀ ਹੈ, ਉਥੇ ਹੀ ਬਹੁਤ ਸਾਰੇ ਦੁੱਖਾਂ ਦੀ ਦਵਾ ਵੀ ਬਣ ਜਾਂਦੀ ਹੈ।ਦਫ਼ਤਰ ਤੋਂ ਥੱਕ ਹਾਰ ਕੇ ਆਏ ਪਤੀ ਦਾ ਸਵਾਗਤ ਜੇ ਪਤਨੀ ਵਲੋਂ ਮੁਸਕਰਾ ਕੇ ਕੀਤਾ ਜਾਵੇ ਤਾਂ ਉਸ ਦੀ ਦਿਨ ਭਰ ਦੀ ਥਕਾਵਟ ਪਲਾਂ ਵਿਚ ਹੀ ਗਾਇਬ ਹੋ ਜਾਂਦੀ ਹੈ।ਆਪਣੇ ਬੱਚਿਆਂ ਨੂੰ ਮੁਸਕਰਾਉਂਦਿਆਂ ਦੇਖ ਕੇ ਇਕ ਮਾਂ ਆਪਣੇ ਸਾਰੇ ਦੁੱਖ ਭੁੱਲ ਜਾਂਦੀ ਹੈ।ਹੱਸਦੇ ਮੁਸਕਰਾਉਂਦੇ ਚਿਹਰੇ ਜਿਥੇ ਆਕਰਸ਼ਣ ਦਾ ਕੇਂਦਰ ਹੁੰਦੇ ਹਨ, ਉਥੇ ਅਜਿਹੇ ਇਨਸਾਨਾਂ ਨਾਲ ਹਰ ਕੋਈ ਆਪਣਾ ਰਿਸ਼ਤਾ ਬਣਾਉਣਾ ਚਾਹੁੰਦਾ ਹੈ।ਬੁੱਲਾਂ `ਤੇ ਆਈ ਮੁਸਕਰਾਹਟ ਕਈ ਵਾਰੀ ਤੁਹਾਡੇ ਵਿਰੋਧੀ ਨੂੰ ਤੁਹਾਡੇ ਹੱਕ ਵਿੱਚ ਕਰ ਦਿੰਦੀ ਹੈ।
ਜੇ ਤੁਸੀਂ ਕਿਸੇ ਦੀਆਂ ਅੱਖਾਂ ਵਿਚ ਦਰਦ ਦੇਖੋ ਤਾਂ ਉਸ ਦੇ ਹੰਝੂ ਵੰਡਾਓ ਅਤੇ ਜੇਕਰ ਤੁਸੀਂ ਖੁਸ਼ੀਆਂ ਵੇਖੋ ਤਾਂ ਉਸ ਨਾਲ ਉਸ ਦੀ ਮੁਸਕਰਾਹਟ ਵੰਡਾਓ।ਮੁਸਕਰਾਹਟ ਇਕ ਅਜਿਹੀ ਦਵਾ ਹੈ, ਜੋ ਤੁਹਾਡੀ ਸਿਹਤ ਦੇ ਨਾਲ-ਨਾਲ ਤੁਹਾਡੇ ਸੁਭਾਅ ਨੂੰ ਵੀ ਸੁਧਾਰਦੀ ਹੈ।ਇਕ ਮੁੁਸਕੁਰਾਹਟ ਹੀ ਤੁਹਾਡੀ ਉਮਰ ਨੂੰ ਵਧਾਉਂਦੀ ਹੈ ਅਤੇ ਤੁਹਾਡੀ ਜਿੰਦਗੀ ਨੂੰ ਤਨਾਅ ਮੁਕਤ ਕਰਦੀ ਹੈ।ਸਿਆਣੇ ਡਾਕਟਰ ਵੀ ਅਕਸਰ ਸਾਨੂੰ ਦਵਾਈ ਦੇਣ ਦੇ ਨਾਲ-ਨਾਲ ਖੁਸ਼ ਅਤੇ ਮੁਸਕਰਾਉਂਦੇ ਰਹਿਣ ਦੀ ਸਲਾਹ ਦਿੰਦੇ ਹਨ।ਕਈ ਵਾਰੀ ਮਰੀਜ ਨੂੰ ਡਾਕਟਰ ਵੱਲੋਂ ਮੁਸਕੁਰਾ ਕੇ ਦਿੱਤਾ ਗਿਆ ਹੌਂਸਲਾ ਉਸ ਉਪਰ ਦਵਾ ਵਾਂਗ ਕੰਮ ਕਰਦਾ ਹੈ।ਮੁਸਕਰਾਉਣ ਦੇ ਨਾਲ ਅਜਿਹੇ ਹਾਰਮੋਨ ਪੈਦਾ ਹੁੰਦੇ ਹਨ, ਜੋ ਸਾਡੀ ਜਿੰਦਗੀ `ਚੋਂ ਤਨਾਅ ਨੂੰ ਦੂਰ ਕਰਨ ਵਿਚ ਸਹਾਈ ਹੁੰਦੇ ਹਨ।ਤੁਹਾਡੇ ਬੁੱਲ੍ਹਾਂ ਦੀ ਮੁਸਕਰਾਹਟ ਤੁਹਾਡੇ ਅੰਦਰ ਦੀਆਂ ਭਾਵਨਾਵਾਂ ਨੂੰ ਦੂਸਰਿਆਂ ਤੱਕ ਵਿਅਕਤ ਕਰਦੀ ਹੈ।
ਅੱਜ ਕੱਲ੍ਹ ਹਰ ਪਾਸੇ ਗਲੈਮਰ ਦਾ ਬੋਲਬਾਲਾ ਹੈ।ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ `ਚ ਸੁੰਦਰੀਆਂ ਆਪਣੀ ਮੁਸਕਰਾਹਟ ਦਾ ਜਾਦੂ ਖਿਲਾਰਦੀਆਂ ਅਕਸਰ ਨਜ਼ਰ ਆ ਜਾਂਦੀਆਂ ਹਨ।ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ “ਮਧੂ ਬਾਲਾ” ਦੀ ਮੁਸਕੁਰਾਹਟ ਨੂੰ ਅੱਜ ਤੱਕ ਅਸੀਂ ਭੁਲਾ ਨਹੀਂ ਸਕੇ।ਇਕ ਮੁਸਕੁਰਾਉਂਦਾ ਚਿਹਰਾ ਵਹਿੰਦੇ ਹੋਏ ਪਾਣੇ ਦੇ ਝਰਨੇ ਵਾਂਗ ਹੈ, ਜਿਸ ਨਾਲ ਤੁਹਾਡੇ ਆਸ-ਪਾਸ ਦਾ ਵਾਤਾਵਰਨ ਮੁਸਕਰਾਉਂਦਾ ਹੋਇਆ ਨਜ਼ਰ ਆਵੇਗਾ।
ਹਮੇਸ਼ਾਂ ਖੁਸ਼ ਰਹਿਣ ਅਤੇ ਮੁਸਕਰਾਹਟਾਂ ਵੰਡਣ ਦੀ ਕੋਸਿ਼ਸ਼ ਕਰੋ।ਇਕ ਮੁਸਕਾਨ ਹੀ ਐਸਾ ਗਹਿਣਾ ਹੈ, ਜਿਸ ਨੂੰ ਤੁਸੀਂ ਪਹਿਨੋਗੇ ਤਾਂ ਤੁਹਾਡੇ ਚੰਗੇ ਦੋਸਤ ਬਣਨਗੇ।ਹਮੇਸ਼ਾਂ ਮੁਸਕਰਾਉਂਦੇ ਰਹੋ, ਕਿਉਂਕਿ ਤੁਸੀਂ ਇਸ ਗੱਲ ਤੋਂ ਹਮੇਸ਼ਾਂ ਅਨਜਾਣ ਹੋ ਕਿ ਕੋਈ ਤੁਹਾਨੂੰ ਦੇਖ ਰਿਹਾ ਹੈ ਅਤੇ ਇਹ ਯਾਦ ਰੱਖੋ ਕਿ ਮੁਸਕਰਾਉਣਾ ਵੀ ਇਕ ਅਦਾ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਲੋਕਾਂ ਦੇ ਦਿਲਾਂ `ਤੇ ਰਾਜ ਕਰ ਸਕਦੇ ਹਾਂ।
-ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231