Thursday, November 21, 2024

ਸਾਂਝੀਵਾਲਤਾ ਦਾ ਪ੍ਰਤੀਕ – ਦੀਵਾਲੀ

ਸਾਡੇ ਦੇਸ਼ ਭਾਰਤ ਅੰਦਰ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ।ਜਿੰਨ੍ਹਾਂ ਵਿਚੋਂ ਪ੍ਰਮੁੱਖ ਤਿਉਹਾਰ ਹੈ ਦੀਵਾਲੀ।ਦੀਵਾਲੀ ਦਾ ਤਿਉਹਾਰ ਸਾਂਝੀਵਾਲਤਾ ਦਾ ਪ੍ਰਤੀਕ diwaliਹੈ।ਇਹ ਹਿੰਦੂ, ਸਿੱਖ ਅਤੇ ਹੋਰ ਬਹੁਤ ਸਾਰੇ ਧਰਮਾਂ ਦੁਆਰਾ ਦੇਸ਼ ਦੇ ਕੋਨੇ-ਕੋਨੇ ਵਿੱਚ ਰਲ-ਮਿਲ ਕੇ ਮਨਾਇਆ ਜਾਂਦਾ ਹੈ।ਦੀਵਾਲੀ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ।ਜਿੰਨ੍ਹਾਂ ਵਿੱਚ ਨੇਪਾਲ, ਸ੍ਰੀ ਲੰਕਾ, ਜਪਾਨ, ਥਾਈਲੈਂਡ, ਬਰਮਾ ਆਦਿ ਪ੍ਰਮੁੱਖ ਹਨ।ਸੰਸਕ੍ਰਿਤ ਭਾਸ਼ਾ ਅਨੁਸਾਰ ਦੀਵਾਲੀ ਦਾ ਮੁੱਢਲਾ ਨਾਮ ਦੀਪਾਵਾਲੀ ਸੀ ਭਾਵ ਦੀਪਾ ਦੀ ਕਤਾਰ।ਦੀਵਾਲੀ ਦਾ ਤਿਉਹਾਰ ਹਰ ਸਾਲ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ।ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਾਫ਼ ਸਫ਼ਾਈ ਦੇ ਨਾਲ-ਨਾਲ ਘਰਾਂ ਨੂੰ ਸਫ਼ੈਦੀ ਅਤੇ ਰੰਗ-ਰੋਗਨ ਕਰਾਉਂਦੇ ਹਨ।ਦੀਵਾਲੀ ਤੱਕ ਗਰਮੀ ਲਗਭਗ ਜਾ ਚੁੱਕੀ ਹੁੰਦੀ ਹੈ ਅਤੇ ਸਰਦੀ ਬੂਹੇ `ਤੇ ਦਸਤਕ ਦੇ ਰਹੀ ਹੁੰਦੀ ਹੈ।
ਦੀਵਾਲੀ ਵਾਲੇ ਦਿਨ ਬਜ਼ਾਰ ਨਵੀ ਨਵੇਲੀ ਦੁਲਹਨ ਵਾਂਗ ਸੱਜੇ ਹੁੰਦੇ ਹਨ।ਲੋਕ ਦੁਕਾਨਾਂ ਤੋਂ ਮਠਿਆਈਆਂ, ਆਤਿਸ਼ਬਾਜੀ ਅਤੇ ਘਰ ਦੀ ਸਜਾਵਟ ਦਾ ਸਮਾਨ ਖਰੀਦਦੇ ਨਜ਼ਰ ਆਉਂਦੇ ਹਨ।ਇਸ ਦਿਨ ਨਵੇਂ ਕੱਪੜੇ ਅਤੇ ਬਰਤਨ ਖਰੀਦਣ ਦੀ ਕਾਫ਼ੀ ਪੁਰਾਣੀ ਰਵਾਇਤ ਹੈ।ਰਾਤ ਦੇ ਸਮੇਂ ਘਰਾਂ ਨੂੰ ਲੜੀਆਂ ਨਾਲ ਸਜਾਇਆ ਜਾਂਦਾ ਹੈ।ਘਰਾਂ ਦੇ ਬਨੇਰਿਆਂ ਤੇ ਦੀਵਿਆਂ ਅਤੇ ਮੋਮਬੱਤੀਆਂ ਨਾਲ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਆਤਿਸ਼ਬਾਜੀ ਚਲਾਈ ਜਾਂਦੀ ਹੈ।ਬੱਚੇ ਪਟਾਖੇ ਚਲਾ ਕੇ ਅਤੇ ਮਠਿਆਈਆਂ ਖਾ ਕੇ ਬਹੁਤ ਖੁਸ਼ ਹੁੰਦੇ ਹਨ।ਹਿੰਦੂ ਲੋਕ ਇਸ ਰਾਤ ਲਕਸ਼ਮੀ ਮਾਤਾ ਦੀ ਪੂਜਾ ਕਰਦੇ ਹਨ ਅਤੇ ਘਰ ਦੇ ਦਵਾਰ ਖੁੱਲੇ ਛੱਡ ਕੇ ਸੌਂਦੇ ਹਨ।ਵਪਾਰੀ ਆਪਣੀਆਂ ਦੁਕਾਨਾਂ, ਕਾਰਖਾਨਿਆਂ ਅਤੇ ਦਫ਼ਤਰਾਂ ਵਿੱਚ ਲਕਸ਼ਮੀ ਪੂਜਾ ਕਰਦੇ ਹਨ ਅਤੇ ਲੈਣ ਦੇਣ ਦੇ ਨਵੇਂ ਖਾਤੇ ਚਾਲੂ ਕਰਦੇ ਹਨ।ਲੋਕ ਮੰਦਿਰਾਂ ਅਤੇ ਗੁਰਦੁਆਰਿਆਂ ਵਿੱਚ ਦੀਵੇ ਅਤੇ ਮੋਮਬੱਤੀਆਂ ਬੜੀ ਸ਼ਰਧਾ ਨਾਲ ਜਗਾਉਂਦੇ ਹਨ।ਕੁੱਝ ਲੋਕ ਇਸ ਰਾਤ ਜੂਆ ਖੇਡਦੇ ਹਨ, ਜੋ ਇੱਕ ਬੁਰੀ ਆਦਤ ਹੈ।
ਦੀਵਾਲੀ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਇਸ ਦਾ ਸਬੰਧ ਕਈ ਧਰਮਾਂ ਨਾਲ ਜੁੜਿਆਂ ਹੋਇਆ ਹੈ।ਹਿੰਦੂ ਧਰਮ ਅਨੁਸਾਰ ਭਗਵਾਨ ਸ੍ਰੀ ਰਾਮ ਚੰਦਰ ਜੀ ਆਪਣਾ 14 ਸਾਲਾਂ ਦਾ ਬਣਵਾਸ ਪੂਰਾ ਕਰਕੇ ਅੱਤਿਆਚਾਰੀ ਰਾਜਾ ਰਾਵਣ ਨੂੰ ਮਾਰ ਕੇ ਸੀਤਾ ਮਾਤਾ ਅਤੇ ਲਛਮਣ ਸਮੇਤ ਅਯੁੁੱਧਿਆਂ ਵਾਪਸ ਪਰਤੇ ਸਨ।ਇਸ ਦਿਨ ਅਯੁੱਧਿਆ ਨਿਵਾਸੀਆਂ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ ਸੀ।ਬੰਗਾਲ ਵਿਚ ਦੀਵਾਲੀ ਦਾ ਤਿਉਹਾਰ ਕਾਲੀ ਮਾਤਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।ਇਸ ਦਿਨ ਖੁੱਲੇ ਪੰਡਾਲ ਲਗਾ ਕੇ ਆਦਮ ਕੱਦ ਕਾਲੀ ਮਾਤਾ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ।ਇਹਨਾਂ ਨੂੰ ਸੁੰਦਰ ਜ਼ੇਵਰਾਂ ਅਤੇ ਵਸਤਰਾਂ ਨਾਲ ਸਜਾਇਆ ਜਾਂਦਾ ਹੈ।ਦੀਵਾਲੀ ਦੀ ਰਾਤ ਕਾਲੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ।ਬੁੱਧ ਧਰਮ ਅਨੁਸਾਰ ਬੁੱਧ ਧਰਮ ਦੇ ਬਾਨੀ ਭਗਵਾਨ ਗੌਤਮ ਬੁੱਧ ਦੇ ਸਵਾਗਤ ’ਚ ਦੀਵਾਲੀ ਦੇ ਦਿਨ ਹਜ਼ਾਰਾਂ ਦੀਵੇ ਬਾਲੇ ਸਨ।
ਸਿੱਖ ਧਰਮ ਵੱਲੋ ’ਦੀਵਾਲੀ ਨੂੰ ਬੰਦੀ ਛੋੜ ਦਿਵਸ’ ਵਜੋ ਮਨਾਇਆ ਜਾਂਦਾ ਹੈ।ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਾਂਹਗੀਰ ਦੀ ਨਜ਼ਰਬੰਦੀ ਤੋਂ ਰਿਹਾ ਹੋ ਗਵਾਲੀਅਰ ਦੇ ਕਿਲ੍ਹੇ ਵਿੱਚੋ ਬਾਈਧਾਰ ਦੇ 52 ਰਾਜਿਆਂ ਸਮੇਤ ਸ੍ਰੀ ਅੰਮਿਤਸਰ ਵਿੱਚ ਹਰਿਮੰਦਰ ਸਾਹਿਬ ਪੱੱਜੇ ਸਨ।ਜੀ ਦੇ ਦਰਸ਼ਨਾਂ ਨੂੰ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹੁਮ ਹੁਮਾ ਕੇ ਪਹੁੰਚੀਆਂ।ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਸਵਾਗਤ ਕੀਤਾ ਅਤੇ ਉਹਨਾਂ ਦੇ ਆਉਣ ਦੀ ਖੁਸ਼ੀ ਵਿਚ ਘਿਓ ਦੀ ਦੀਵੇ ਬਾਲ ਕੇ ਦੀਪਮਾਲਾ ਕੀਤੀ।ਅੱਜ ਵੀ ਸਿੱਖ ਸੰਗਤਾਂ ਦੂਰੋਂ-ਦੂਰੋਂ ਬੜੀ ਸ਼ਰਧਾ ਨਾਲ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਉਣ ਆਉਂਦੀਆਂ ਹਨ।ਦੀਪਮਾਲਾ ਅਤੇ ਆਤਿਸ਼ਬਾਜੀ ਦੇ ਅਲੌਕਿਕ ਦ੍ਰਿਸ਼ ਦਾ ਨਜ਼ਾਰਾ ਵੇਖਣਯੋਗ ਹੁੰਦਾ ਹੈ।ਇਸੇ ਲਈ ਕਿਹਾ ਜਾਂਦਾ ਹੈ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਮਿ੍ਰਤਸਰ ਦੀ ।
ਜਿੱਥੇ ਦੀਵਾਲੀ ਦਾ ਸਬੰੰਧ ਖੁਸ਼ੀ ਨਾਲ ਹੇ ਉਥੇ ਹੀ ਸਿੱਖ-ਇਤਿਹਾਸ ਨਾਲ ਸਬੰਧਿਤ ਇੱਕ ਦਰਦਨਾਕ ਘਟਨਾ ਵੀ ਇਸ ਨਾਲ ਜੁੜੀ ਹੈ।1733 ਈ. ਦੀ ਦੀਵਾਲੀ ਦੇ ਅਵਸਰ ਤੇ ਭਾਈ ਮਨੀ ਸਿੰਘ ਵੱਲੋਂ ਸਿੱਖ ਸੰਗਤਾਂ ਨੂੰ ਅੰਮਿ੍ਰਤਸਰ ਵਿਖੇ ਇੱਕਤਰ ਹੋ ਦੀਵਾਲੀ ਮਨਾਉਣ ਦਾ ਸੱਦਾ ਭੇਜਿਆ ਗਿਆ।ਜਿਸ ਦੀ ਮਨਜ਼ੂਰੀ ਮੌਕੇ ਦੇ ਨਵਾਬ ਜ਼ਕਰੀਆਂ ਖ਼ਾਨ ਕੋਲੋ ਵਿਸ਼ੇਸ਼ ਟੈਕਸ ਪੰਜ ਹਜ਼ਾਰ ਰੁਪਏ ਦੇਣਾ ਮੰਨ ਕੇ ਲਈ ਗਈ।ਪਰ ਜਦੋਂ ਭਾਈ ਮਨੀ ਸਿੰਘ ਨੂੰ ਜ਼ਕਰੀਆ ਖ਼ਾਨ ਦੀ ਕੋਝੀ ਨੀਅਤ ਦਾ ਪਤਾ ਲੱਗਾ ਕਿ ਉਹ ਸਿੱਖਾਂ ਨੂੰ ਇਕੱਠੇ ਕਰ ਕਤਲ ਕਰਨਾ ਚਾਹੁੰਦਾ ਹੈ ਤਾਂ ਭਾਈ ਮਨੀ ਸਿੰਘ ਨੇ ਸ਼ੰਦੇਸ਼ ਭੇਜ਼ ਇਹ ਇਕੱਠ ਰੋਕ ਦਿੱਤਾ।ਇਸ `ਤੇ ਜ਼ਕਰੀਆਂ ਖ਼ਾਨ ਰੋਹ ਵਿੱਚ ਆ ਗਿਆ ਅਤੇ ਭਾਈ ਮਨੀ ਸਿੰਘ ਨੂੰ ਲਹੌਰ ਸੱਦਿਆ ਗਿਆ।ਜਦੋਂ ਭਾਈ ਮਨੀ ਸਿੰਘ ਨੂੰ ਟੈਕਸ ਦੇਣ ਲਈ ਕਿਹਾ ਗਿਆ ਤਾਂ ਮਨੀ ਸਿੰਘ ਨੇ ਕਿਹਾ ਕਿ ਤੁਸੀਂ ਆਪਣੀ ਜੁਬਾਨ ਤੋਂ ਮੁਕਰ ਗਏ ਹੋ।ਮਨੀ ਸਿੰਘ ਨੇ ਟੈਕਸ ਭਰਨ ਤੋਂ ਇਨਕਾਰ ਕਰ ਦਿੱਤਾ।ਜ਼ਕਰੀਆਂ ਖ਼ਾਨ ਨੇ ਫ਼ਤਵਾ ਲਾ ਭਾਈ ਮਨੀ ਸਿੰਘ ਨੂੰ ਲਹੌਰ ਦੇ ਨਿਖਾਸ ਚੌਕ ਵਿੱਚ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ।ਜਿਥੇ ਕਿ ਅੱਜ ਕੱਲ੍ਹ ਗੁਰਦੁਆਰਾ ਸ਼ਹੀਦ ਗੰਜ ਸ਼ਸ਼ੋਭਿਤ ਹੈ।
ਦੀਵਾਲੀ ਦਾ ਤਿਉਹਾਰ ਬੇਸ਼ਕ ਖੁਸ਼ੀ ਦਾ ਤਿਉਹਾਰ ਹੈ।ਪਰ ਹਰ ਸਾਲ ਪਟਾਖਿਆ ਨਾਲ ਲਗਭਗ 13000 ਲੋਕ ਜਿੰਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਹੁੰਦੇ ਹਨ ਜੋ ਆਪਣੇ ਸਰੀਰ ਦੇ ਕੀਮਤੀ ਅੰਗ ਗੁਆ ਬੈਠਦੇ ਹਨ।ਦੀਵਾਲੀ ਤੇ ਹਰ ਸਾਲ ਭਾਰਤ ਵਿੱਚ 800 ਕਰੋੜ ਦੇ ਪਟਾਖੇ ਚਲਾ ਕੇ ਜਿਥੇ ਅਸੀ ਦੇਸ਼ ਨੂੰ ਮਾਲੀ ਨੁਕਸਾਨ ਪਹੁੰਚਾਉਂਦੇ ਹਾਂ ਉਥੇ ਜ਼ਹਿਰੀਲੀਆਂ ਗੈਸਾਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ।ਪਟਾਖੇ ਅਕਸਰ ਬੱਚਿਆ ਦੁਆਰਾ ਚਲਾਏ ਜਾਂਦੇ ਹਨ, ਜੋ ਨਾ ਸਮਝ ਹੁੰਦੇ ਹਨ ਅਜਿਹੇ ਵਿੱਚ ਵੱਡਿਆਂ ਦਾ ਫ਼ਰਜ ਬਣਦਾ ਹੈ ਕਿ ਉਹ ਬੱਚਿਆਂ ਦੇ ਨਾਲ ਰਹਿ ਕੇ ਆਤਿਸ਼ਬਾਜੀ ਚਲਾਉਣ।
ਦੀਵਾਲੀ ਇੱਕ ਖੁਸ਼ੀਆਂ ਭਰਿਆ ਤਿਉਹਾਰ ਹੈ।ਸਾਨੂੰ ਇਸ ਨੂੰ ਬੜੇ ਹਰਸ਼ੋ ਉਲਾਸ ਨਾਲ ਮਨਾਉਣਾ ਚਾਹੀਦਾ ਹੈ।ਜਿਥੇ ਅਸੀਂ ਘਰ ਵਿੱਚ ਦੀਪ ਜਲਾ ਰੌਸ਼ਨੀ ਕਰਦੇ ਹਾਂ, ਉਥੇ ਸਾਨੂੰ ਆਪਣੇ ਅੰਦਰੋਂ ਅਗਿਆਨਤਾ ਅਤੇ ਨਫ਼ਰਤ ਦਾ ਅੰਧੇਰਾ ਵੀ ਦੂਰ ਕਰਨਾ ਚਾਹੀਦਾ ਹੈ।ਤਦ ਹੀ ਅਸੀਂ ਦੀਵਾਲੀ ਮਨਾਉਣ ਦੇ ਮੁੱਖ ਮੰਤਵ ਵਿੱਚ ਕਾਮਜਾਬ ਹੋ ਪਾਵਾਂਗੇ। ਦੀਵਾਲੀ ਅਸਲ ਵਿੱਚ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ।ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ।
Kanwal Dhillon1

 

 

 

 

 

 
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ।
ਸੰਪਰਕ- 9478793231

Email : kanwaldhillon16@gmail.com

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply