ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ-ਸੁਖਬੀਰ ਸਿੰਘ ਖੁਰਮਣੀਆਂ) – ਬੀਤੇ ਦਿਨੀਂ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ 41 ਸੀ.ਆਰ.ਪੀ.ਐਫ਼ ਦੇ ਜਵਾਨਾਂ ਦੀ ਕੁਰਬਾਨੀ ਦੀ ਖਿਲੀ ਉਡਾਨ ਤੇ ਪਾਕਿਸਤਾਨ ਦੀ ਤਰਫ਼ਦਾਰੀ ਕਰਨ ਲਈ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ’ਤੇ ਤਿੱਖਾ ਵਾਰ ਕਰਦਿਆਂ ਭਾਜਪਾ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਨੇ ਉਸ ਨੂੰ ਕਪਿਲ ਸ਼ਰਮਾ ਸ਼ੋਅ ’ਚੋਂ ਬਾਹਰ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ।ਉਨ੍ਹਾਂ ਨੇ ਕਾਂਗਰਸ ਦੀ ਲੀਡਰਸ਼ਿਪ ਨੂੰ ਅਪੀਲ ਕਰਦਿਆਂ ਸਿੱਧੂ ਨੂੰ ਪੰਜਾਬ ਕੈਬਨਿਟ ’ਚੋਂ ਵੀ ਬਾਹਰ ਦਾ ਰਸਤਾ ਵਿਖਾਉਣ ਦੀ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ।
ਛੀਨਾ ਨੇ ਕਿਹਾ ਕਿ ਬੀਤੇ ਦਿਨੀਂ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਉਕਤ ਹਮਲੇ ਦੀ ਜ਼ਿੰਮੇਵਾਰੀ ਲੈਣ ਦੇ ਬਾਵਜੂਦ ਵੀ ਸਿੱਧੂ ਨੇ ਆਪਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਦੋਸਤੀ ਜਿਤਾਉਂਦਿਆ ਕਿਹਾ ਸੀ ਕਿ ਕਿਸੇ ਵੀ ਦੇਸ਼ ਨੂੰ ਕੁੱਝ ਵਿਅਕਤੀਆਂ ਦੁਆਰਾ ਕੀਤੇ ਇਸ ਕਾਰੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਛੀਨਾ ਨੇ ਕਿਹਾ ਕਿ ਇਹ ਸਰਾਸਰ ਦੇਸ਼ ਭਗਤੀ ਦੀ ਭਾਵਨਾ ਦੇ ਵਿਰੁੱਧ ਹੈ ਅਤੇ ਇਹ ਬਿਆਨ ਜਾਰੀ ਕਰਕੇ ਸਿੱਧੂ ਨੇ ਧ੍ਰੋਹ ਕਮਾਇਆ ਹੈ।ਜਿਸ ਲਈ ਦੇਸ਼ ਵਾਸੀ ਸਿੱਧੂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।
ਛੀਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਕਿ ਦੇਸ਼ ਨਾਲ ਗੱਦਾਰੀ ਕਰਨ ਵਾਲੇ ਇਹੋ ਜਿਹੇ ਵਿਅਕਤੀ ਦੀ ਕੈਬਨਿਟ ’ਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ।ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਉਹੀ ਵਿਅਕਤੀ ਸੀ, ਜਿਸ ਨੇ ਪਿਛਲੇ ਪਾਕਿਸਤਾਨ ਪਹੁੰਚ ਕੇ ਪਾਕਿ ਆਰਮੀ ਦੇ ਮੁੱਖੀ ਕਮਰ ਜਾਵੇਦ ਬਾਜਵਾ ਨਾਲ ਜੱਫ਼ੀਆਂ ਪਾਈਆਂ ਸਨ।ਉਨ੍ਹਾਂ ਕਿਹਾ ਕਿ ਬਾਜਵਾ ਤੇ ਉਸ ਦੀ ਆਈ.ਐਸ.ਆਈ ਨਿੱਤ ਦਿਨ ਭਾਰਤੀ ਜਵਾਨਾਂ ਦੇ ਜ਼ਿੰਦੜੀਆਂ ਨਾਲ ਖੇਡ ਰਹੇ ਹਨ।ਜਦ ਕਿ ਸਾਡੇ ਲੀਡਰ ਉਨ੍ਹਾਂ ਨਾਲ ‘ਜੱਫ਼ੀਆਂ ਤੇ ਪੱਪੀਆਂ’ ਪਾ ਰਹੇ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …