ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ ਬਿਊਰੋ) – ਪੁਰਾਤਨ ਰਵਾਇਤ ਅਨੁਸਾਰ ਗੁਰੂ ਕੀਆਂ ਲਾਡਲੀਆਂ ਫੌਜਾਂ ਸਮੁੱਚੇ ਨਿਹੰਗ ਸਿੰਘ ਦਲਾਂ ਵੱਲੋਂ ਪੂਰਨਮਾਸ਼ੀ ਤੋਂ ਇੱਕ ਦਿਨ ਬਾਅਦ 22 ਮਾਰਚ ਨੂੰ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂ ਕਾ ਬਾਗ ਤੇ ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਤੋਂ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਪੁਰਾਤਨ ਪ੍ਰੰਪਰਾ ਅਨੁਸਾਰ ਮਹੱਲਾ ਅਰੰਭ ਹੋਵੇਗਾ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਉਪ ਦਫਤਰ ਤੋਂ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁੱਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96ਵੇਂ ਕਰੋੜੀ ਦੀ ਅਗਵਾਈ ਵਿਚ ਦਲ ਪੰਥ ਬਾਬਾ ਬਕਾਲਾ ਦੇ ਮੁੱਖੀ ਜਥੇਦਾਰ ਬਾਬਾ ਗੱਜਣ ਸਿੰਘ, ਦਲ ਪੰਥ ਬਾਬਾ ਬਿਧੀ ਚੰਦ ਸੰਪਰਦਾ ਦੇ ਮੁੱਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਤਰਨਾ ਦਲ ਹਰੀਆਂਵੇਲਾਂ ਦੇ ਮੁੱਖੀ ਜਥੇਦਾਰ ਬਾਬਾ ਨਿਹਾਲ ਸਿੰਘ ਜ਼ਿੰਦਾ ਸ਼ਹੀਦ, ਗੁਰੂ ਨਾਨਕ ਦਲ ਮੜ੍ਹੀਆਂਵਾਲਾ ਦੇ ਮੁੱਖੀ ਬਾਬਾ ਮਾਨ ਸਿੰਘ ਨੇ ਪੂਰਣ ਵਿਚਾਰ ਚਰਚਾ ਉਪਰੰਤ ਗੁਰਮਤਾ ਕੀਤਾ ਹੈ ਕਿ ਪੁਰਾਤਨ ਰਿਵਾਇਤ ਨੂੰ ਕਾਇਮ ਰੱਖਦਿਆਂ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ 22 ਮਾਰਚ ਨੂੰ ਗੁਰਦੁਆਰਾ ਗੁਰੂ ਕਾ ਬਾਗ ਅਤੇ ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਤੋਂ ਖ਼ਾਲਸਾਈ ਮਹੱਲਾ ਕੱਢਿਆ ਜਾਵੇਗਾ।ਉਨ੍ਹਾਂ ਦਸਿਆ ਕਿ ਗੁਰੂ ਸਾਹਿਬ ਦੀ ਬਖਸ਼ਸ ਨਿਸ਼ਾਨ ਸਾਹਿਬਾਨ ਦੀ ਤਾਬਿਆ ਵਿਚ ਅਤੇ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96ਵੇਂ ਕਰੋੜੀ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਦਲ ਪੰਥ ਪੁਰਾਤਨ ਚੱਲੀ ਆਉਂਦੀ ਰਵਾਇਤ ਅਨੁਸਾਰ ਸਮੂਹ ਗੁਰ ਅਸਥਾਨਾਂ ਨੂੰ ਨਤਮਸਤਕ ਹੁੰਦੇ ਹੋਏ ਚਰਨ ਗੰਗਾ ਸਟੇਡੀਅਮ ਵਿਖੇ ਪੁੱਜਣਗੇ ਜਿਥੇ ਸਾਰੇ ਨਿਹੰਗ ਸਿੰਘ ਦਲਾਂ ਦੀਆਂ ਫੌਜਾਂ ਘੋੜ ਸਵਾਰੀ, ਨੇਜਾ ਬਾਜੀ, ਕਿੱਲ੍ਹਾ ਪੁਟਣਾ ਸਮੇਤ ਜੰਗਜੂ ਸ਼ਸਤਰ ਵਿਦਿਆ ਦੇ ਜੌਹਰ ਦਿਖਾਉਣਗੇ। ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਪੁਰਾਤਨ ਖਾਲਸਾਈ ਮਹੱਲੇ ਦੀ ਸੋਭਾ ਵਧਾਉਣ ਲਈ 21 ਦੀ ਬਜਾਏ 22 ਮਾਰਚ ਨੂੰ ਇਸ ਮੌਕੇ ਪਰਿਵਾਰਾਂ ਸਮੇਤ ਸ਼ਾਮਲ ਹੋਣ।
ਇਸ ਮੌਕੇ ਜਥੇਦਾਰ ਬਾਬਾ ਤਰਲੋਕ ਸਿੰਘ ਮੁਖੀ ਤਰਨਾ ਦਲ ਖਿਆਲੇਵਾਲੇ, ਬਾਬਾ ਰਘਬੀਰ ਸਿੰਘ ਖਿਆਲੇ ਵਾਲੇ, ਜਥੇਦਾਰ ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਮੇਜਰ ਸਿੰਘ ਦਸ਼ਮੇਸ ਤਰਨਾ ਦਲ ਲੁਧਿਆਣਾ, ਬਾਬਾ ਪ੍ਰਤਾਪ ਸਿੰਘ ਦਲ ਪੰਥ ਭਾਈ ਮਨੀ ਸਿੰਘ ਪਟਿਆਲਾ, ਬਾਬਾ ਸ਼ਿੰਦਾ ਸਿੰਘ ਭਿਖੀਵਿੰਡ ਵਾਲੇ, ਜਥੇਦਾਰ ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਜਥੇਦਾਰ ਬਾਬਾ ਲਾਲ ਸਿੰਘ ਰਾਮਪੁਰਾ ਫੂਲ, ਜਥੇਦਾਰ ਬਾਬਾ ਬਲਦੇਵ ਸਿੰਘ ਤਰਨਾ ਦਲ ਵੱਲਾ, ਜਥੇਦਾਰ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਭਾਈ ਸੁਖਜੀਤ ਸਿੰਘ ਕਨ੍ਹਈਆ, ਜਥੇਦਾਰ ਬਾਬਾ ਭਗਤ ਸਿੰਘ ਆਦਿ ਵੀ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …