ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਅੱਜ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਸਬੰਧੀ ਸਮਾਜ ਨੂੰ ਜਾਗ੍ਰਿਤ ਕਰਨ ਲਈ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ।ਜਿਸ ’ਚ ਜ਼ਿਲ੍ਹੇ ਤੋਂ ਕਰੀਬ 50 ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ।
ਗਲੋਬਲ ਇੰਸਟੀਚਿਊਟ ਆਫ਼ ਚਾਈਲਡਹੁਡ ਡਿਸਏਬਿਲਟੀ ਰੋਟਰੀ, ਅੰਮ੍ਰਿਤ ਪਰਿਵਾਰ ਪੈਰੇਂਟਸਸ ਐਸੋਸੀਏਸ਼ਨ, ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਸਰਵ ਸਿਖਸ਼ਾ ਅਭਿਆਨ ਅਤੇ ਡੀ.ਏ.ਵੀ ਰੈਡ ਕਰਾਂਸ ਸਕੂਲ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ, ਪਿੰਗਲਵਾੜਾ ਸੰਸਥਾ ਦੇ ਪ੍ਰਧਾਨ ਬੀਬੀ ਇੰਦਰਜੀਤ ਕੌਰ, ਪ੍ਰਸਿੱਧ ਮਨੋਰੋਗ ਮਾਹਿਰ ਡਾ. ਹਰਜੋਤ ਸਿੰਘ ਮੱਕੜ, ਸੁਮਿਤ ਮੱਕੜ ਸਿਵਲ ਜੱਜ ਅੰਮ੍ਰਿਤਸਰ, ਬਰਜੇਸ਼ ਸਿੰਗਲ, ਅਰੁਣ ਖੰਨਾ ਚੇਅਰਮੈਨ ਜੀ. ਆਈ.ਸੀ.ਡੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਛੀਨਾ ਨੇ ਆਪਣੇ ਸੰਬੋਧਨੀ ਭਾਸ਼ਣ ’ਚ ਕਿਹਾ ਕਿ ਮਾਨਸਿਕ ਤੌਰ ’ਤੇ ਕਮਜ਼ੋਰ ਬੱਚਿਆਂ ਨੂੰ ਸਮਾਜ ਦਾ ਹਿੱਸਾ ਨਹੀਂ ਹਨ’, ਕਹਿਣਾ ਉਚਿੱਤ ਨਹੀਂ ਹੈ।ਉਨ੍ਹਾਂ ਕਿਹਾ ਕਿ ਇਹ ਬੱਚੇ ਬਹੁਤ ਹੀ ਸਪੈਸ਼ਲ ਹੁੰਦੇ ਹਨ ਭਾਵੇਂ ਕਿ ਇਹ ਮਾਨਸਿਕ ਤੌਰ ’ਤੇ ਅਨਜਾਨ ਵਿਵਸਥਾ ’ਚ ਗ੍ਰਸਤ ਰਹਿੰਦੇ ਹਨ ਪਰ ਇਨ੍ਹਾਂ ਦਾ ਦਿਮਾਗੀ ਸੰਤੁਲਨ ਬਹੁਤ ਤੇਜ਼ ਤੇ ਅਗਾਂਹ ਚੱਲਣ ਦੀ ਸੋਚ ਰੱਖਦਾ ਹੈ।ਛੀਨਾ ਨੇ ਕਿਹਾ ਕਿ ਅਜਿਹੇ ਬੱਚਿਆਂ ਸਮਾਜ ਤੋਂ ਅਲੱਗ ਇਕਾਂਤ ’ਚ ਰਹਿਣਾ ਪਸੰਦ ਕਰਦੇ ਹਨ ਜਿਨ੍ਹਾਂ ਨੂੰ ਸਮਾਜ ’ਚ ਵਿਚਰਣ ਲਈ ਨਾਲ ਲੈ ਕੇ ਚੱਲਣਾ ਪੈਂਦਾ ਹੈ ਅਤੇ ਸਮਾਜ ਦੇ ਹਰੇਕ ਪਹਿਲੂਆਂ ਲਈ ਜਾਗਰੂਕ ਕਰਨਾ ਦਾ ਯਤਨ ਕਰਨਾ ਪੈਂਦਾ ਹੈ।
ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿੱਦਿਅਕ ਤੇ ਹੋਰ ਅਦਾਰੇ ਅਜਿਹੇ ਲੋਕ ਭਲਾਈ ਦੇ ਕਾਰਜਾਂ ਲਈ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਕਾਲਜ ਵੱਲੋਂ ਮਾਨਸਿਕ ਤੌਰ ’ਤੇ ਕਮਜ਼ੋਰ ਸਮਾਜ ਤੋਂ ਵੱਖਰੇ ਰਹਿਣ ਵਾਲੇ ਸਪੈਸ਼ਲ ਬੱਚਿਆਂ ਲਈ ਜੋ ਯਤਨ ਕਰਕੇ ਸਮਾਜ ਨੂੰ ਜਾਗ੍ਰਿਤ ਕਰਨ ਲਈ ਹੀਲਾ ਕੀਤਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਅਜਿਹੇ ਬੱਚਿਆਂ ਨੂੰ ਸਮਾਜ ਦੇ ਹਿੱਸੇ ਨਾਲ ਜੋੜਣ ਲਈ ਅਜਿਹੇ ਜਾਗਰੂਕਤਾ ਸੈਮੀਨਾਰ ਹਮੇਸ਼ਾਂ ਖ਼ਾਲਸਾ ਵਿੱਦਿਅਕ ਅਦਾਰਿਆਂ ’ਚ ਸਮੇਂ-ਸਮੇਂ ’ਤੇ ਜਾਰੀ ਰਹਿਣਗੇ।
ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਅਗਾਜ਼ ਕਾਲਜ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਛੀਨਾ ਨੇ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਹਰਮਿੰਦਰ ਸਿੰਘ ਫ਼ਰੀਡਮ, ਪ੍ਰਿੰ: ਡਾ. ਢਿੱਲੋਂ ਤੇ ਆਏ ਮਾਹਿਰਾਂ ਵੱਲੋਂ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ।ਉਪਰੰਤ ਸਮੂਹ ਮਹਿਮਾਨਾਂ ਦਾ ਸਵਾਗਤ ਕਾਲਜ ਪ੍ਰਿੰ: ਡਾ. ਢਿੱਲੋਂ ਵੱਲੋਂ ਬੁੱਕੇ ਭੇਟ ਕਰਕੇ ਕੀਤਾ ਗਿਆ।
ਸੁਮਿਤ ਮੱਕੜ ਨੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨਾਲ ਸਬੰਧਿਤ ਸੰਵਿਧਾਨਕ ਧਾਰਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਜਦ ਕਿ ਡਾ. ਹਰਜੋਤ ਸਿੰਘ ਮੱਕੜ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਗੁੱਸਾ ਨਾ ਕਰੋ, ਬਲਕਿ ਉਨ੍ਹਾਂ ਨੂੰ ਤਨਾਅ ਮੁਕਣ ਰੱਖਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ’ਤੇ ਹਮੇਸ਼ਾਂ ਨਿਗਾਹ ਰੱਖਣਾ ਬਹੁਤ ਜਰੂਰੀ ਹੈ ਤੇ ਇਨ੍ਹਾਂ ਨੂੰ ਕਦੇ-ਕਦੇ ਬਾਹਰ ਘੁੰਮਾਉਣ ਫ਼ਿਰਾਉਣ ਲਈ ਵੀ ਲੈ ਜਾਓ।ਡਾ. ਮੱਕੜ ਨੇ ਆਟਿਜ਼ਮ ’ਤੇ ਚਾਨਣਾ ਪਾਉਂਦਿਆ ਕਿਹਾ ਕਿ ਇਹ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਸ ਰੋਗ ਦੇ ਲੱਛਣ ਬਚਪਨ ’ਚ ਵਿਖਾਈ ਦੇਣ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਰੋਗ ਨਾਲ ਬੱਚੇ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ ਤੇ ਅਜਿਹੇ ਬੱਚਿਆਂ ਦਾ ਦਿਮਾਗੀ ਵਿਕਾਸ ਆਮ ਬੱਚਿਆਂ ਦੀ ਤੁਲਨਾ ’ਚ ਬਹੁਤ ਹੀ ਹੋਲੀ ਰਫ਼ਤਾਰ ਨਾਲ ਹੁੰਦਾ ਹੈ। ਇਸ ਮੌਕੇ ਡਾ. ਮੱਕੜ ਨੇ ਆਟਿਜ਼ਮ ਰੋਗ ਦੇ ਲੱਛਣ, ਕਾਰਨ, ਬਚਾਅ ਅਤੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਸ੍ਰੀਮਤੀ ਪ੍ਰੇਰਣਾ ਖੰਨਾ ਵਿਸ਼ੇਸ਼ ਅਧਿਆਪਕ ਸਪਰਿੰਗ ਡੇਲ, ਡਾ. ਕੇ. ਐਸ. ਮਨਚੰਦਾ ਐਮ. ਡੀ. ਚਾਈਲਿਡ ਸਪੈਸ਼ਲਿਸਟ, ਡਾ. ਸੰਦੀਪ ਅਗਰਵਾਲ ਅਤੇ ਸ੍ਰੀਮਤੀ ਨਿਸ਼ਾ ਟੁਟੇਜਾ ਵਿਸ਼ੇਸ਼ ਅਧਿਆਪਕ ਡੀ. ਏ. ਵੀ. ਸਕੂਲ ਮਾਹਿਰਾਂ ਵਜੋਂ ਪੁੱਜੇ ਜਿਨ੍ਹਾਂ ਨੇ ਸਾਂਝੇ ਤੌਰ ’ਤੇ ਸਰੋਤਿਆਂ ਨੂੰ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੇ ਸਹੀ ਪਾਲਣ ਪੋਸਣ ਅਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ।ਪਿੰਗਲਵਾੜਾ ਸੰਸਥਾ ਦੇ ਵਿਸ਼ੇਸ਼ ਬੱਚਿਆਂ ਵੱਲੋਂ ਗਰੁੱਪ ਡਾਂਸ ਦੀ ਬਹੁਤ ਹੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ।ਡਾ. ਢਿੱਲੋਂ ਨੇ ਇਸ ਮੌਕੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੇਜ਼ਮੈਂਟ ਦੇ ਸਹਿਯੋਗ ਨਾਲ ਅਜਿਹੇ ਜਾਗਰੂਕਤਾ ਸਮਾਗਮ ਹਮੇਸ਼ਾਂ ਜਾਰੀ ਰਹਿਣਗੇ। ਇਸ ਮੌਕੇ ਸ੍ਰੀ ਤਿਲਕ ਰਾਜ ਵਾਲੀਆ, ਸ੍ਰੀਮਤੀ ਅੰਜਨਾ ਸੇਠ ਡਾਇਰੈਕਟਰ ਹੋਲੀ ਹਾਰਟ ਸਕੂਲ, ਅਜੈਪਾਲ ਸਿੰਘ ਢਿੱਲੋਂ ਤੋਂ ਇਲਾਵਾ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …