Sunday, December 22, 2024

‘ਗਰੈਫ਼ਿਟੀ’ ਕਲਾ ਦੇ ਰਾਹੀਂ ਬੇਟੀਆਂ ਨੂੰ ਅੱਗੇ ਵਧਣ ਲਈ ਕੀਤਾ ਪ੍ਰੇਰਿਤ

ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਆਪਣੀ ਹਿੰਮਤ ਸਦਕਾ ਦੂਰ ਕਰਨ ਦੇ ਸਮਰੱਥ ਹਨ ਧੀਆਂ -ਘਨਸ਼ਿਆਮ ਥੋਰੀ
ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਗਰੈਫ਼ਿਟੀ ਕਲਾ ਰਾਹੀਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਨੂੰ ਲੋਕ ਲਹਿਰ ਦੇ ਰੂਪ ਵਜੋਂ Beti Padaoਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵਿਸ਼ੇਸ਼ ਉਦਮ ਕੀਤਾ ਹੈ।ਨੈਸ਼ਨਲ ਹਾਈਵੇ 7 ’ਤੇ ਭਵਾਨੀਗੜ੍ਹ ਦੇ ਪੁੱਲ ਨੂੰ ਵੱਡ-ਅਕਾਰੀ ਗਰੈਫ਼ਿਟੀ ਰਾਹੀਂ ਇਸ ਤਰ੍ਹਾਂ ਸ਼ਿੰਗਾਰਿਆ ਗਿਆ ਹੈ ਕਿ ਇਹ ਪੁਲ ਹਰੇਕ ਰਾਹਗੀਰ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ।ਇਸ ਪੁਲ ’ਤੇ ਵੱਖ-ਵੱਖ ਰੰਗਾਂ ਦੀਆਂ ਛੋਹਾਂ ਨਾਲ ਭਵਿੱਖ ’ਚ ਬੇਟੀਆਂ ਦੁਆਰਾ ਬੁਲੰਦੀ ’ਤੇ ਪੁੱਜਣ ਦੀਆਂ ਤਸਵੀਰਾਂ ਨੂੰ ਰੂਪਮਾਨ ਕੀਤਾ ਗਿਆ ਹੈ।ਉਚੇਰੀ ਪੜ੍ਹਾਈ ਦਿਵਾ ਕੇ ਬੱਚੀਆਂ ਨੂੰ ਆਸਮਾਨ ਨੂੰ ਛੂਹਣ ਦੇ ਸਮਰੱਥ ਬਣਾਉਣ ਦੇ ਸੰਦੇਸ਼ ਦਿੱਤੇ ਗਏ ਹਨ। ਧੀਆਂ ਨੂੰ ਸਮਾਜ ਵਿੱਚ ਪੁੱਤਰਾਂ ਦੇ ਬਰਾਬਰ ਅਧਿਕਾਰ ਦੇਣ ਅਤੇ ਹਰੇਕ ਖੇਤਰ ਵਿੱਚ ਮੋਹਰੀ ਬਣਨ ਲਈ ਪੇ੍ਰਰਿਤ ਕੀਤਾ ਗਿਆ ਹੈ।ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਆਪਣੀ ਮੁਸਕੁਰਾਹਟ ਅਤੇ ਹਿੰਮਤ ਸਦਕਾ ਦੂਰ ਕਰਨ ਵਾਲੀਆਂ ਧੀਆਂ ’ਤੇ ਆਧਾਰਿਤ ਗਰੈਫ਼ਿਟੀ ਰਾਹੀਂ ‘ਬੇਟੀ ਨੂੰ ਪੜ੍ਹਾਉਣ ਵਿੱਚ ਸ਼ਾਨ ਹੈ’, ‘ਮੈਂ ਪੜ੍ਹਨਾ ਸਿੱਖ ਰਹੀ ਹਾਂ ਤਾਂ ਕਿ ਆਪਣੀ ਕਿਸਮਤ ਖੁਦ ਲਿਖ ਸਕਾਂ’, ‘ਮੈਂ ਵੀ ਛੂਹ ਸਕਦੀ ਹਾਂ ਆਕਾਸ਼, ਮੌਕੇ ਦੀ ਹੈ ਮੈਨੂੰ ਤਲਾਸ਼’ ਆਦਿ ਵੰਨ-ਸੁਵੰਨੇ ਹੌਂਸਲਾ ਅਫ਼ਜਾਈ ਵਾਲੇ ਨਾਅਰਿਆਂ ਰਾਹੀਂ ਆਪਣੀ ਕਹਾਣੀ ਆਪ ਬਿਆਨ ਕਰ ਰਹੀਆਂ ਹਨ। ਇਨ੍ਹਾਂ ਗਰੈਫ਼ਿਟੀਆਂ ਦੇ ਰਾਹੀਂ ਬੇਟੀਆਂ ਦੇ ਬਚਪਨ ਤੋ ਲੈ ਕੇ ਜ਼ਿੰਦਗੀ ਵਿੱਚ ਚੋਟੀ ’ਤੇ ਪੁੱਜਣ ਤੱਕ ਦੇ ਸੰਘਰਸ਼ਮਈ ਸਫ਼ਰ ਨੂੰ ਹੱਸਦੇ ਹੋਏ ਪੂਰਾ ਕਰਦਾ ਦਿਖਾਇਆ ਗਿਆ ਹੈ ਤਾਂ ਜੋ ਮਾਪੇ ਵੀ ਇਨ੍ਹਾਂ ਤਸਵੀਰਾਂ ਅਤੇ ਪੇ੍ਰਰਨਾਦਾਇਕ ਸ਼ਬਦਾਂ ਤੋਂ ਸੇਧ ਲੈ ਸਕਣ ਅਤੇ ਆਪਣੀਆਂ ਬੇਟੀਆਂ ਨੂੰ ਸਕੂਲਾਂ ਦੀ ਮੁਢਲੀ ਵਿਦਿਆ ਤੋਂ ਬਾਅਦ ਉਚੇਰੀ ਸਿੱਖਿਆ ਜ਼ਰੂਰ ਦਿਵਾਉਣ।
    ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਤਹਿਤ ਜਿਥੇ ਸ਼ਹਿਰ ਦੇ ਪੁਲਾਂ ’ਤੇ ਵੋਟਰਾਂ ਨੂੰ ਪ੍ਰ੍ਰਰਿਤ ਕਰਨ ਲਈ ਵੱਖ-ਵੱਖ ਗਰੈਫ਼ਿਟੀਆਂ ਰਾਹੀਂ ਅਪੀਲ ਕੀਤੀ ਗਈ ਉਥੇ ਭਵਾਨੀਗੜ੍ਹ ਨੇੜਲੇ ਇਸ ਪੁਲ ਦੇ ਨੇੜਿਓਂ ਰੋਜ਼ਾਨਾ ਹਜ਼ਾਰਾਂ ਰਾਹਗੀਰ ਲੰਘਦੇ ਹੋਣ ਕਾਰਨ ਇਸ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਸੰਦੇਸ਼ ਤਹਿਤ ਸ਼ਿੰਗਾਰਿਆ ਗਿਆ ਹੈ।ਉਨ੍ਹਾਂ ਕਿਹਾ ਕਿ ਸਮਾਜ ਵਿੱਚ ਬੇਟੀਆਂ ਨੂੰ ਸਨਮਾਨਯੋਗ ਸਥਾਨ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹਰੇਕ ਨਾਗਰਿਕ ਦਾ ਮੁੱਢਲਾ ਫਰਜ਼ ਹੈ ਅਤੇ ‘ਗਰੈਫ਼ਿਟੀ’ ਕਲਾ ਦੇ ਰਾਹੀਂ ਬੇਟੀਆਂ ਨੂੰ ਮਿਹਨਤ, ਲਗਨ ਅਤੇ ਦਿਲਚਸਪੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply