Sunday, December 22, 2024

ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਵਲੋਂ ਖੇਡ ਮੰਤਰੀ ਰਾਣਾ ਸੋਢੀ ਨਾਲ ਮੁਲਾਕਾਤ

ਚੰਡੀਗੜ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਇਕਲੌਤੇ ਓਲੰਪਿਕ ਸੋਨ ਤਮਗਾ ਜੇਤੂ ਖਿਡਾਰੀ ਅਭਿਨਵ ਬਿੰਦਰਾ ਵੱਲੋਂ ਅਪਣਾਈ ਗਈ ਤਕਨੀਕ PUNJ2607201904ਅਤੇ ਉਸ ਦੀ ਨਿਸ਼ਾਨੇਬਾਜ਼ੀ ਖੇਡ ਵਿੱਚ ਹਾਸਲ ਕੀਤੀ ਮੁਹਾਰਤ ਨੂੰ ਪੰਜਾਬ ਦਾ ਖੇਡ ਵਿਭਾਗ ਵਰਤੋਂ ਵਿੱਚ ਲਿਆਵੇਗਾ ਤਾਂ ਜੋ ਸੂਬੇ ਵਿੱਚੋਂ ਵੱਧ ਤੋਂ ਵੱਧ ਖਿਡਾਰੀ ਕੌਮਾਂਤਰੀ ਪੱਧਰ ਦੇ ਤਿਆਰ ਹੋ ਸਕਣ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨਾਲ ਖਾਸ ਮੁਲਾਕਾਤ ਉਪਰੰਤ ਕੀਤਾ।ਪਦਮ ਭੂਸ਼ਣ ਅਤੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਜੇਤੂ ਅਭਿਨਵ ਬਿੰਦਰਾ ਅੱਜ ਪੰਜਾਬ ਸਿਵਲ ਸਕੱਤਰੇਤ ਸਥਿਤ ਖੇਡ ਮੰਤਰੀ ਦੇ ਦਫਤਰ ਵਿਖੇ ਉਨਾਂ ਨੂੰ ਉਚੇਚੇ ਤੌਰ `ਤੇ ਮਿਲਣ ਆਏ ਸਨ।
ਰਾਣਾ ਸੋਢੀ ਨੇ ਕਿਹਾ ਕਿ ਅਭਿਨਵ ਬਿੰਦਰਾ ਵੱਲੋਂ ਖੇਡ ਵਿਗਿਆਨ ਅਤੇ ਤਕਨਾਲੋਜੀ ਨਾਲ ਲੈਸ ਚਲਾਏ ਜਾ ਰਹੇ ਭਾਰਤ ਦੇ ਅਹਿਮ ਉਚ ਕਾਰਗੁਜ਼ਾਰੀ ਵਾਲੇ ਕੇਂਦਰ `ਅਭਿਨਵ ਬਿੰਦਰਾ ਟਾਰਗੇਟਿੰਗ ਪਰਫਾਰਮੈਂਸ` ਦੀ ਮੁਹਾਰਤ ਦਾ ਫਾਇਦਾ ਪੰਜਾਬ ਦਾ ਖੇਡ ਵਿਭਾਗ ਵੀ ਲਵੇਗਾ ਜਿਹੜਾ ਕਿ ਖੇਡਾਂ ਦੇ ਖੇਤਰ ਵਿੱਚ ਨਵੀਂ ਪਹਿਲਕਦਮੀ ਤੇ ਬਦਲਾਅ ਲਿਆ ਰਿਹਾ ਹੈ।ਇਹ ਬ੍ਰਾਂਡ ਉਸ ਤਕਨਾਲੋਜੀ ਦੀ ਵਰਤੋਂ ਕਰੇਗਾ ਜੋ ਅਭਿਨਵ ਬਿੰਦਰਾ ਨੇ ਆਪਣੀ ਸਿਖਲਾਈ ਦੌਰਾਨ ਵਰਤੀ ਸੀ ਤੇ ਜਿਸ ਸਦਕਾ 2008 ਵਿੱਚ ਬੀਜਿੰਗ ਓਲਪਿੰਕ ਖੇਡਾਂ `ਚ 10 ਮੀਟਰ ਏਅਰ ਰਾਈਫਲ ਈਵੈਂਟ ਦਾ ਸੋਨ ਤਗਮਾ ਜਿੱਤਿਆ ਸੀ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲੇ ਵਿਖੇ ਸਥਾਪਤ ਹੋਣ ਵਾਲੀ ਨਵੀਂ ਖੇਡ ਯੂਨੀਵਰਸਿਟੀ ਵਿੱਚ ਨਵੇਂ ਉੱਭਰ ਰਹੇ ਖਿਡਾਰੀਆਂ ਨੂੰ ਅਭਿਨਵ ਬਿੰਦਰਾ ਦੇ ਤਜ਼ਰਬੇ ਤੇ ਮੁਹਾਰਤ ਨਾਲ ਸਿਖਲਾਈ ਦੇਣ ਵਿੱਚ ਵੀ ਸਹਾਇਤਾ ਮਿਲੇਗੀ।
`ਅਭਿਨਵ ਬਿੰਦਰਾ ਟਾਰਗੇਟਿੰਗ ਪਰਫਾਰਮੈਂਸ` ਦੇ ਪ੍ਰਬੰਧਾਂ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਖੇਡ ਮੰਤਰੀ ਨੇ ਦੱਸਿਆ ਕਿ ਇਸ ਨਵੇਂ ਉੱਚ-ਪ੍ਰਦਰਸ਼ਨ ਕੇਂਦਰ ਨੂੰ ਸਥਾਪਤ ਕਰਨ ਲਈ ਪ੍ਰਸਤਾਵ ਤਿਆਰ ਕੀਤੇ ਜਾ ਚੁੱਕੇ ਹਨ ਜੋ ਡਾਟਾ ਅਤੇ ਰੀਅਲ-ਟਾਈਮ ਵਿਜ਼ੂਅਲ ਫੀਡਬੈਕ ਦੀ ਵਰਤੋਂ ਕਰਕੇ ਅਥਲੀਟ ਦੇ ਸਰੀਰਕ ਮਾਪਦੰਡਾਂ ਦਾ ਮੁਲਾਂਕਣ ਕਰਨਗੇ ਅਤੇ ਉਨਾਂ ਨੂੰ ਸਿਖਲਾਈ ਦੇਣਗੇ।ਇਹ ਤਕਨਾਲੋਜੀ ਅਥਲੀਟਾਂ ਨੂੰ ਸਿਖਲਾਈ ਦੇਣ ਵਾਲੇ ਸਪੋਰਟਸ ਮੈਡੀਸਨ ਦੇ ਮਾਹਿਰਾਂ, ਫਿਜ਼ੀਓਥੈਰੇਪਿਸਟ, ਖੇਡ ਵਿਗਿਆਨ ਅਤੇ ਅੰਕੜਾ ਵਿਸ਼ਲੇਸ਼ਕਾਂ ਦੇ ਬੇਹੱਦ ਕੰਮ ਆਵੇਗੀ। ਉਨਾਂ ਕਿਹਾ ਕਿ ਸੂਬਾ ਸਰਕਾਰ ਕਾਰਪੋਰੇਟ ਸਪਾਂਸਰਾਂ ਦੀ ਸਹਾਇਤਾ ਨਾਲ ਇਸ ਯੋਜਨਾ ਦਾ ਸਮਰਥਨ ਕਰੇਗੀ।ਉਨਾਂ ਕਿਹਾ ਕਿ ਅਜਿਹੀ ਪਹਿਲਕਦਮੀ ਨਿਸ਼ਚਿਤ ਤੌਰ `ਤੇ ਖੇਡ ਦੇ ਖੇਤਰ ਵਿੱਚ ਪੰਜਾਬ ਦਾ ਮਾਰਗ ਦਰਸ਼ਨ ਕਰੇਗੀ।
ਅਭਿਨਵ ਬਿੰਦਰਾ ਨੇ ਇਸ ਮੌਕੇ ਖੇਡ ਮੰਤਰੀ ਦੇ ਦਫਤਰ ਵਿੱਚ ਦੇਸ਼ ਦੇ ਨਾਮੀ ਖਿਡਾਰੀਆਂ ਦੀਆਂ ਤਸਵੀਰਾਂ ਵੀ ਦੇਖੀਆ ਜਿਸ ਵਿੱਚ ਖੁਦ ਉਸ ਨੇ ਆਪਣੀ ਵੀ ਤਸਵੀਰ ਦੇਖੀ।ਅਭਿਨਵ ਨੇ ਖੇਡ ਮੰਤਰੀ ਵਲੋਂ ਭਾਰਤੀ ਖੇਡਾਂ ਦੇ ਸੁਨਹਿਰੀ ਪਲਾਂ ਨੂੰ ਸਾਂਭਣ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ।ਰਾਣਾ ਸੋਢੀ ਨੇ ਵੀ ਅਭਿਨਵ ਬਿੰਦਰਾ ਨਾਲ ਜੁੜੀਆਂ ਦੂਨ ਸਕੂਲ ਤੋਂ ਉਸ ਦੇ ਓਲੰਪਿਕ ਚੈਂਪੀਅਨ ਬਣਨ ਤੱਕ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ।ਬਿੰਦਰਾ ਨੇ ਵੀ ਉਸ ਪਲ ਨੂੰ ਯਾਦ ਕੀਤਾ ਜਦੋਂ ਉਸ ਨੇ ਬੀਜਿੰਗ ਵਿਖੇ ਸੋਨ ਤਮਗਾ ਜਿੱਤਿਆ ਸੀ ਅਤੇ ਰਾਣਾ ਸੋਢੀ ਉਸ ਵੇਲੇ ਉਸ ਦੇ ਨਾਲ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply