Monday, December 23, 2024

ਕੈਪਟਨ ਅਮਰਿੰਦਰ ਨੇ ਕਾਰਗਿਲ ਜੰਗ ਦੇ ਜਾਂਬਾਜ਼ ਸੈਨਿਕ ਨੂੰ ਸੀਨੀਅਰ ਕਾਂਸਟੇਬਲ ਤੋਂ ਏ.ਐਸ.ਆਈ ਬਣਾਇਆ

ਚੰਡੀਗੜ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਕਾਰਗਿਲ ਜੰਗ ਦੇ ਇਕ ਨਾਇਕ ਸਤਪਾਲ ਸਿੰਘ ਵਲੋਂ ਮਹਿਜ਼ ਸੀਨੀਅਰ ਕਾਂਸਟੇਬਲ ਦੇ ਤੌਰ `ਤੇ ਡਿਊਟੀ Captain Amrinderਨਿਭਾਉਣ ਦਾ ਪਤਾ ਲੱਗਣ ਦੇ ਚੰਦ ਘੰਟਿਆਂ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੀਰ ਚੱਕਰ ਐਵਾਰਡੀ ਨੂੰ ਅੱਜ ਦੂਹਰੀ ਤਰੱਕੀ ਦੇਣ ਦੇ ਹੁਕਮ ਦਿੱਤੇ ਹਨ। ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਸਾਲ 2010 ਵਿੱਚ ਉਸ ਦੀ ਭਰਤੀ ਮੌਕੇ ਉਸ ਦੇ ਯੋਗਦਾਨ ਨੂੰ ਪੂਰੀ ਤਰਾਂ ਅਣਦੇਖਿਆ ਕਰ ਦਿੱਤਾ ਸੀ।
     ਸਤਪਾਲ ਸਿੰਘ ਦੀ ਹਾਲਤ `ਤੇ ਮੁੱਖ ਮੰਤਰੀ ਨੂੰ ਧੱਕਾ ਲੱਗਾ ਅਤੇ ਉਨਾਂ ਨੇ ਦੁੱਖ ਜ਼ਾਹਰ ਕਰਦਿਆਂ ਆਖਿਆ ਕਿ ਕਾਰਗਿਲ ਜੰਗ ਦੌਰਾਨ ਮਿਸਾਲੀ ਬਹਾਦਰੀ ਦਿਖਾਉਣ ਤੋਂ ਬਾਅਦ ਇਕ ਸੀਨੀਅਰ ਕਾਂਸਟੇਬਲ ਵਜੋਂ ਡਿਊਟੀ ਨਿਭਾਉਂਦਿਆਂ ਸਤਪਾਲ ਸਿੰਘ ਨੂੰ ਨਮੋਸ਼ੀ ਸਹਿਣੀ ਪਈ ਜੋ ਕਿ ਅਕਾਲੀਆਂ ਵੱਲੋਂ ਉਸ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਬਣਦਾ ਸਤਿਕਾਰ ਨਾ ਦੇਣ ਦਾ ਨਤੀਜਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਵੇਰੇ ਸਤਪਾਲ ਸਿੰਘ ਜੋ ਉਨਾਂ ਦੀ ਹੀ ਬਟਾਲੀਅਨ ਨਾਲ ਸਬੰਧਤ ਹੈ, ਬਾਰੇ ਰਿਪੋਰਟ ਪੜਣ ਤੋਂ ਬਾਅਦ ਉਸ ਦੀ ਸਥਿਤੀ ਦਾ ਪਤਾ ਲੱਗਾ ਹੈ ਅਤੇ ਉਨਾਂ ਨੇ ਇਸ ਬਹਾਦਰ ਸੈਨਿਕ ਬਾਰੇ ਹੋਈ ਭੁੱਲ ਨੂੰ ਤੁਰੰਤ ਸੁਧਾਰਨ ਦਾ ਫੈਸਲਾ ਕੀਤਾ।
       ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਪੁਲਿਸ ਵਿੱਚ ਭਰਤੀ ਹੋਇਆ ਸਤਪਾਲ ਸਿੰਘ ਨੰਬਰ 2116/ਐਸ.ਜੀ.ਆਰ ਦੇ ਕਾਰਗਿਲ ਜੰਗ ਦੌਰਾਨ ਸ਼ਾਨਦਾਰ ਯੋਗਦਾਨ ਦੇ ਸਤਿਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਹੁਕਮਾਂ `ਤੇ ਉਸ ਨੂੰ ਅਸਿਸਟੈਂਟ ਸਬ-ਇੰਸਪੈਕਟਰ ਦੇ ਤੌਰ `ਤੇ ਦੂਹਰੀ ਤਰੱਕੀ ਦਿੱਤੀ ਗਈ ਹੈ।   
      ਬੁਲਾਰੇ ਨੇ ਦੱਸਿਆ ਕਿ ਸਪੈਸ਼ਲ ਕੇਸ ਵਜੋਂ ਸਤਪਾਲ ਸਿੰਘ ਨੂੰ ਡੀ.ਜੀ.ਪੀ ਵੱਲੋਂ ਪੰਜਾਬ ਪੁਲਿਸ ਰੂਲਜ਼ ਦੇ ਰੂਲ ਨੰ:12.3 ਵਿੱਚ ਢਿੱਲ ਦੇ ਕੇ ਏ.ਐਸ.ਆਈ ਵਜੋਂ ਭਰਤੀ ਕੀਤਾ ਜਾਵੇਗਾ।ਇਸ ਸਬੰਧ ਵਿੱਚ ਢਿੱਲ ਦੇਣ ਲਈ ਮੁੱਖ ਮੰਤਰੀ ਨੇ ਡੀ.ਜੀ.ਪੀ ਨੂੰ ਅਧਿਕਾਰਿਤ ਕੀਤਾ ਹੋਇਆ ਹੈ।ਮੁੱਖ ਮੰਤਰੀ ਨੇ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਏ.ਐਸ.ਆਈ ਭਰਤੀ ਕਰਨ ਲਈ ਉਸ ਦੀ ਉਮਰ (ਜਨਮ ਮਿਤੀ 7.11.1973) ਦੀ ਉਮਰ ਵਿੱਚ ਢਿੱਲ ਦੇਣ ਲਈ ਵੀ ਡੀ.ਜੀ.ਪੀ ਨੂੰ ਅਧਿਕਾਰਿਤ ਕੀਤਾ ਹੈ।
     ਵਿਜੈ ਓਪਰੇਸ਼ਨ ਦੌਰਾਨ ਸਤਪਾਲ ਦਰਾਸ ਸੈਕਟਰ ਵਿੱਚ ਤਾਇਨਾਤ ਸੀ।ਟਾਈਗਰ ਹਿੱਲ `ਤੇ ਕਬਜ਼ਾ ਕਰਨ ਵਾਲੀ ਭਾਰਤੀ ਫੌਜ ਦੀ ਮਦਦ ਕਰਨ ਵਾਲੀ ਟੀਮ ਦੇ ਮੈਂਬਰ ਵਜੋਂ ਸਤਪਾਲ ਨੇ ਨਾਰਦਨ ਲਾਈਟ ਇਨਫੈਂਟਰੀ ਦੇ ਕੈਪਟਨ ਕਰਨਲ ਸ਼ੇਰ ਖਾਂ ਅਤੇ ਤਿੰਨ ਹੋਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।ਇਸ ਤੋਂ ਬਾਅਦ ਸ਼ੇਰ ਖਾਂ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਨਿਸ਼ਾਨ-ਏ-ਹੈਦਰ ਨਾਲ ਸਨਮਾਨਿਆ ਗਿਆ ਅਤੇ ਇਹ ਪੁਰਸਕਾਰ ਭਾਰਤੀ ਬ੍ਰਿਗੇਡ ਕਮਾਂਡਰ ਦੀ ਸਿਫ਼ਾਰਸ਼ `ਤੇ ਦਿੱਤਾ ਗਿਆ ਸੀ, ਜਿਸ ਨੇ ਬਰਫੀਲੀ ਚੋਟੀਆਂ `ਤੇ ਉਸ ਵੱਲੋਂ ਦਿਖਾਈ ਬਹਾਦਰੀ ਦੀ ਪ੍ਰੋੜਤਾ ਕੀਤੀ ਸੀ।
     ਇਸੇ ਤੋਂ ਬਾਅਦ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਅਤੇ ਡੀ.ਜੀ.ਪੀ ਦਿਨਕਰ ਗੁਪਤਾ ਮੁਤਾਬਕ ਇਸ ਵੇਲੇ ਉਹ ਸੰਗਰੂਰ ਜ਼ਿਲੇ ਵਿੱਚ ਸ਼ਾਨਦਾਰ ਢੰਗ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ। ਡੀ.ਜੀ.ਪੀ. ਨੇ ਇਹ ਵੀ ਦੱਸਿਆ ਕਿ ਉਸ ਦੀ ਤਰੱਕੀ ਸਬੰਧੀ ਰੂਲਾਂ ਵਿੱਚ ਦਿੱਤੀ ਜਾਣ ਵਾਲੀ ਢਿੱਲ ਬਾਰੇ ਮੰਤਰੀ ਮੰਡਲ ਤੋਂ ਕਾਰਜ ਬਾਅਦ ਪ੍ਰਵਾਨਗੀ ਲੈ ਲਈ ਜਾਵੇਗੀ।
      ਡੀ.ਜੀ.ਪੀ ਨੇ ਖੁਲਾਸਾ ਕੀਤਾ ਕਿ ਸਤਪਾਲ ਦੀ ਡਿਊਟੀ ਸੰਗਰੂਰ ਵਿੱਚ ਸੀ ਪਰ ਉਸ ਨੇ 6 ਮਹੀਨੇ ਪਹਿਲਾਂ ਟ੍ਰੈਫਿਕ ਪੁਲਿਸ ਭਵਾਨੀਗੜ ਵਿੱਚ ਬਦਲੀ ਦੀ ਮੰਗ ਕੀਤੀ ਸੀ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply