Sunday, December 22, 2024

ਅਦੁੱਤੀ ਸ਼ਹਾਦਤ ਦਾ ਵਾਰਿਸ – ਸ਼ਹੀਦ ਉਧਮ ਸਿੰਘ

 Shaheed Udham S    ਆਜ਼ਾਦੀ ਦੀ ਲੜਾਈ ਵਿੱਚ ਸ਼਼ਹੀਦ ਉਧਮ ਸਿੰਘ ਅਤੇ ਸਕਾਟਲੈਂਡ ਦੇ ਸ਼ਹੀਦ ਵਿਲੀਅਮ ਵਾਲਜ਼ ਵਿੱਚ ਇਕੋ ਵੱਡੀ ਸਮਾਨਤਾ ਸੀ।ਆਜ਼ਾਦੀ ਲਈ ਜਨੂੰਨੀ ਸ਼ਹਾਦਤ।ਸਕਾਟਲੈਂਡ ਉਪਰ ਅੰਗਰੇਜ਼ੀ ਸਾਮਰਾਜ ਦੇ 1896 `ਚ ਹਮਲੇ ਨੂੰ ਜਾਂਬਾਜ਼ ਤਰੀਕੇ ਨਾਲ ਉਥੇ 1970 ਵਿੱਚ ਜਨਮੇ ਸਭ ਤੋ ਘੱਟ ਉਮਰ ਦੇ ਕਰਾਂਤੀਕਾਰੀ ਵਿਲੀਅਮ ਵਾਲਜ਼ ਨੇ ਆਪਣੇ ਲੋਕਾਂ ਦੀ ਇੱਛਾ ਸ਼ਕਤੀ ਅਨੁਸਾਰ ਅਤੇ ਫੌਜੀ ਕਮਾਂਡਰ ਦੇ ਤੌਰ `ਤੇ ਆਜ਼ਾਦੀ ਦੇ ਸੰਘਰਸ਼ ਦੀ ਅਗਵਾਈ ਕੀਤੀ।
                 ਅਜ਼ਾਦੀ ਲਈ ਚੇਤਨਾ ਦਾ ਬਹੁਤ ਘੱਟ ਉਮਰ ਵਿੱਚ ਪ੍ਰਬਲ ਹੋਣਾ ਅਤੇ ਉਸ ਨੂੰ ਸਿਖਰਾਂ ਉਪਰ ਲੈ ਜਾਣਾ ਜਿਥੇ ਆਪਣੇ ਸੰਕਲਪ ਲਈ ਕੌਮ ਕੋਲ ਮਰ ਮਿਟਣ ਤੋ ਇਲਾਵਾ ਵਿਕਲਪ ਨਾ ਰਹਿ ਜਾਏ ਤਾਂ ਉਥੇ ਸ਼ਹੀਦੀ ਦਾ ਮੁੱਲ ਸਿਰਫ ਤੇ  ਸਿਰਫ ਆਜ਼ਾਦੀ ਹੁੰਦਾ ਹੈ।ਸਾਮਰਾਜਾਂ ਲਈ ਵੱਡਾ ਡਰ ਬਗਾਵਤਾਂ ਹੁੰਦੀਆਂ ਹਨ।ਅੰਗਰੇਜ਼ਾਂ ਦੇ ਗੁਆਂਢ ਤੋ ਉੱਠੀ ਬਾਗੀ ਲਹਿਰ ਦਾ ਜਲਦੀ ਮਿਟਣਾ ਜਰੂਰੀ ਸੀ, ਨਹੀਂ ਤਾ ਦੁਨੀਆਂ ਉਪਰ ਰਾਜ ਕਰਨ ਦੇ ਸੁਪਨੇ, ਕੱਚੀ ਨੀਂਦਰ ਵਿਚੋਂ ਜਾਗਣ ਵਾਂਗ ਸਨ।ਅੰਗਰੇਜ਼ ਹਕੂਮਤ ਨੇ ਵਿਲੀਅਮ ਵਾਲਜ਼ ਨੂੰ ਮਹਿਜ 35 ਸਾਲ ਦੀ ਉਮਰ ਵਿੱਚ `ਚ ਦੇਸ਼ ਧਰੋਹੀ ਤੇ  ਅਸਥਿਰਤਾ ਫੈਲਾਉਣ ਦੇ ਇਲਜ਼ਾਮ ਲਾ ਕੇ ਫਾਂਸੀ ਦੇ ਦਿੱਤੀ।ਪਰ ਸਕਾਟਲੈਂਡ ਦੇ ਲੋਕਾਂ `ਚ ਅੱਜ ਵੀ ਆਜ਼ਾਦੀ ਦੀ ਲਹਿਰ ਪਹਿਲਾਂ ਵਾਂਗ ਹੀ ਪ੍ਰਬਲ ਹੈ।ਪਿਛਲੇ ਸਮਿਆਂ ਵਿੱਚ ਹੋਏ ਰੈਫਰੈਂਡਮ ਇਸ ਦੀ ਗਵਾਹੀ ਭਰਦੀਆਂ ਹਨ।ਜਰੂਰ ਆਪਣੇ ਮੁਲਕ ਦੀਆਂ ਸਰਹੱਦਾਂ ਬੰਨਣਗੇ।ਅਜਿਹੀ ਕੁੱਝ ਗਦਰੀ ਸੋਚ ਦੇ ਮਾਲਕ ਸ਼ਹੀਦ ਉਧਮ ਸਿੰਘ ਨੂੰ ਵੀ ਅੰਗਰੇਜ਼ਾਂ ਦਾ ਬਾਗੀ, ਕਾਤਲ ਕਹਿ ਕੇ 31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਗਈ।
                ਇਸ ਵਰ੍ਹੇ ਸੁਨਾਮ (ਜਿਲਾ ਸੰਗਰੂਰ) ਦੌਰਾਨ ਉਧਮ ਸਿੰਘ ਦਾ ਸੁਨਾਮ ਵੇਖਣ ਦੀ ਚਾਹਤ ਤਹਿਤ ਮੈਂ ਸੁਨਾਮ ਨੇੜਿਓਂ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਬਹੁਤਾ ਕੁੱਝ ਨਾ ਮਿਲਿਆ।ਉਧਮ ਸਿੰਘ ਤਾਂ ਆਪਣੀਆਂ ਗਲੀਆਂ ਵਿੱਚੋਂ ਵੀ ਬੇਪਛਾਣਿਆ ਲੱਗਾ।ਕੋਈ ਵੀ ਸਰਕਾਰ ਸ਼ਹੀਦ ਦੀ ਸ਼ਹੀਦੀ ਨਾਲ ਇਨਸਾਫ ਨਹੀਂ ਕਰ ਸਕੀ।ਪਿਛਲੀ ਸਰਕਾਰ ਦੇ ਵਲੋਂ ਕਈ ਸਾਲਾਂ ਤੋ ਇਕ ਸ਼ਹੀਦੀ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ।ਜਿਵੇਂ ਹਰ ਥਾਂ ਨੀਂਹ ਪੱਥਰ ਰੱਖਣ ਦਾ ਰਿਵਾਜ਼ ਹੈ, ਪਰ ਸਰਕਾਰ ਨੂੰ ਸ਼ਹੀਦਾਂ ਨਾਲ ਮਜ਼ਾਕ ਦਾ ਕੋਈ ਹੱਕ ਨਹੀ।ਸ਼ਹੀਦਾਂ ਦੇ ਨਾਂ `ਤੇ ਨੀਂਹ ਪੱਥਰ ਨਹੀ, ਸਗੋਂ ਸਮਾਰਕਾਂ ਉਸਾਰ ਕੇ, ਵੱਡੇ ਸੈਮੀਨਾਰ ਕਰਕੇ ਉਦਘਾਟਨ ਹੋਣੇ ਚਾਹੀਦੇ ਹਨ।
ਸ਼ਹੀਦਾਂ ਨਾਲ ਹੁੰਦੇ ਵਿਤਕਰੇ ਵੀ ਇਤਿਹਾਸਕ ਤੌਰ `ਤੇ ਬਹੁਤ ਝੋਬ ਦਿੰਦੇ ਹਨ।ਸ਼ਹੀਦਾਂ ਦਾ ਕੋਈ ਮਜ਼ਹਬ ਨਹੀਂ ਹੁੰਦਾ।ਦੁਨੀਆਂ ਦੇ ਸਭ ਤੋਂ ਵੱਡੇ ਅੰਗਰੇਜ਼ੀ ਸਾਮਰਾਜ ਦੇ, ਗੁਲਾਮ ਮੁਲਕਾਂ ਉਪਰ ਰਾਜ ਕਰਨ ਦੀ ਮਨਸ਼ਾ ਨੇ ਦੇਸ਼ ਵਿੱਚ ਵੱਸਦੇ ਬਾਸਿੰਦਿਆਂ `ਤੇ ਅਤਿਆਚਾਰ ਨੂੰ ਨਾ ਸਹਾਰਦੇ ਹੋਏ ਵਕਤੀ ਹਾਲਤਾਂ ਵਿੱਚ ਜੋ ਵੀ ਤਰੀਕੇ ਵਰਤ ਕੇ ਜ਼ਾਲਮ ਦੇ ਜ਼ੁਲਮ ਨੂੰ ਠੱਲ ਪਾਈ ਹੋਵੇ, ਉਹ ਉਤਮ ਅਤੇ ਨਿਰਵੈਰ ਸਨ।ਪੜ੍ਹਾਈ ਦੇ ਸਿਲੇਬਸਾਂ ਵਿਚੋਂ ਹੋਰ ਸ਼ਹੀਦਾਂ ਦੀ ਨਿਸਬਤ ਉਧਮ ਸਿੰਘ ਨੂੰ ਕਿਉਂ ਵਿਸਾਰਿਆ ਗਿਆ ? ਜਿਲ੍ਹੇ ਨੂੰ ਸ਼ਹੀਦ ਦੇ ਨਾਂ ਦਾ ਦਰਜਾ ਹਾਸਲ ਨਹੀ। ਜਦ ਕਿ ਯੂ.ਪੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਆਪਣੇ ਸੁਬੇ ਵਿੱਚ ਜਿਲੇ ਦਾ ਨਾਂ ਬਦਲ ਕੇ ਸ਼ਹੀਦ ਉਧਮ ਸਿੰਘ ਨਗਰ ਰੱਖਿਆ ਹੈ।ਲੋਕਾਂ ਦੇ ਸ਼ਹੀਦਾਂ ਪ੍ਰਤੀ ਜ਼ਜਬਾਤਾਂ ਨੂੰ ਸਤਿਕਾਰ ਨਹੀਂ ਦਿੱਤਾ ਜਾਂਦਾ। ਅਸਲ ਸ਼ਰਧਾਂਜਲੀ ਦੇ ਮਾਅਨੇ ਫਿੱਕੇ ਹੁੰਦੇ ਜਾਦੇ ਹਨ।ਸੁਹਿਰਦ ਅਤੇ ਸੱਚੀਆਂ ਕੋਸਿਸ਼ਾਂ ਨਾਲ ਸਮਾਰਕ ਭਾਵੇਂ ਛੋਟੇ ਹੋਣ,  ਪਰ ਪੈਗਾਮ ਸਾਰੀ ਦੁਨੀਆਂ `ਚ ਫੈਲਣਾ ਚਾਹੀਦਾ ਹੈ।
            ਸ਼ਹੀਦ ਉਧਮ ਸਿੰਘ ਦਾ ਜਨਮ 26 ਦਸੰਬਰ 1899 ਵਿੱਚ ਸੁਨਾਮ ਵਿੱਚ ਹੋਇਆ।1907 ਵਿੱਚ ਆਪਣੇ ਮਾਤਾ ਪਿਤਾ ਦੀ ਮੌਤ ਤੋ ਬਾਅਦ ਆਪਣੇ ਭਰਾ ਮੁਕਤ ਸਿੰਘ ਨਾਲ ਚੀਫ ਖਾਲਸਾ ਦੀਵਾਨ ਯਤੀਮਖਾਨਾ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਿਆ।ਪੈਦਾਇਸ਼ੀ ਨਾਂ ਸ਼ੇਰ ਸਿੰਘ ਤੋਂ ਉਧਮ ਸਿੰਘ ਰੱਖਿਆ ਗਿਆ।1918 ਵਿੱਚ ਦਸਵੀਂ ਪਾਸ ਕਰਕੇ 1919 ਵਿੱਚ ਯਤੀਮਖਾਨੇ ਨੂੰ ਛੱਡ ਦਿੱਤਾ।13 ਅਪਰੈਲ 1919 ਵਿੱਚ ਜਲਿਆਂ ਵਾਲਾ ਬਾਗ ਵਿੱਚ ਵਿਸਾਖੀ ਦੇ ਵੱਡੇ ਤਿਉਹਾਰ ਮੌਕੇ ਭਾਰਤ ਦੀ ਆਜ਼ਾਦੀ ਲਈ 10 ਹਜਾਰ ਦੇ ਸ਼ਾਂਤਮਈ ਨਿਹੱਥੇ ਵੱਡੇ ਇਕੱਠ `ਤੇ ਅੰਗਰੇਜ਼ੀ ਹਾਕਮਾਂ ਨੇ ਗੋਲੀਆਂ ਚਲਾ ਕੇ ਤਕਰੀਬਨ ਦੋ ਹਜਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਉਧਮ ਸਿੰਘ ਨੂੰ ਗੋਰਿਆਂ ਪ੍ਰਤੀ ਨਫਰਤ ਹੋ ਗਈ।ਉਧਮ ਸਿੰਘ ਦੀ ਮੌਜੂਦਗੀ ਨੇ ਅੱਖੀਂ ਵੇਖੇ ਸਾਰੇ ਮੰਜ਼ਰ, ਆਪਣਿਆਂ ਦੇ ਡੁੱਲੇ ਖੂਨ ਨੇ 21 ਸਾਲ ਚੈਨ ਨਾਲ ਨਾ ਬੈਠਣ ਦਿੱਤਾ। ਵੱਖ-ਵੱਖ ਥਾਵਾਂ `ਤੇ ਨੌਕਰੀਆਂ ਕੀਤੀਆਂ।ਫੋਜ ਦੀ ਨੌਕਰੀ ਵੀ ਰਾਸ ਨਾ ਆਈ।ਲੰਡਨ, ਮੈਕਸੀਕੋ ਹੁੰਦਾ ਹੋਇਆ ਅਮਰੀਕਾ ਪਹੁੰਚ ਗਿਆ।1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਮੈਂਬਰ ਰਿਹਾ। ਭਗਤ ਸਿੰਘ ਨਾਲ ਕਾਫ਼ੀ ਨੇੜਲੇ ਸਬੰਧ ਸਨ ਅਤੇ ਉਹ ਉਸ ਦੇ ਖਿਆਲਾਂ ਤੋਂ ਕਾਫ਼ੀ ਪ੍ਰਭਾਵਿਤ ਸੀ।ਉਹ ਭਗਤ ਸਿੰਘ ਦੇ ਕਹਿਣ `ਤੇ 27 ਜੁਲਾਈ 1927 ਨੂੰ ਭਾਰਤ ਵਾਪਸ ਪਰਤ ਆਇਆ ਸੀ ਅਤੇ ਆਪਣੇ ਨਾਲ ਹੋਰ ਸਾਥੀ ਸਮੇਤ ਕੁੱਝ ਗੋਲੀ-ਸਿੱਕਾ ਅਤੇ ਅਸਲਾ ਲਿਆਉਣ ’ਚ ਵੀ ਕਾਮਯਾਬ ਹੋ ਗਿਆ ਸੀ।30 ਅਗਸਤ 1927 ਨੂੰ ਉਸ ਨੂੰ ਪੁਲੀਸ ਵਲੋਂ ਗ਼ੈਰ-ਕਾਨੂੰਨੀ ਅਸਲਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।ਉਹ ਸ਼ਹੀਦ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਫ਼ਾਂਸੀ ਲੱਗਣ ਵੇਲੇ ਤੱਕ ਜੇਲ੍ਹ ਵਿੱਚ ਹੀ ਸੀ।
             13 ਮਾਰਚ 1940 ਨੂੰ ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿਥੇ ਬੁਲਾਰੇ ਵਜੋਂ ਭਾਸ਼ਣ ਦੇ ਰਹੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦੇ ਦੋਸ਼ੀ ਮਾਈਕਲ ਉਡਵਾਇਰ ਨੂੰ ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਲਿਆਂਦੀ ਰਿਵਾਲਵਰ ਨਾਲ ਮਾਰ ਮੁਕਾਇਆ।ਸ਼ਹੀਦ ਊਧਮ ਸਿੰਘ ਵਲੋਂ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ `ਚ ਛਾਪਿਆ।ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ।ਜਰਮਨ ਰੇਡੀਓ ਤੋਂ ਲਗਾਤਾਰ ਇਹ ਨਸ਼ਰ ਹੁੰਦਾ ਰਿਹਾ ਕਿ , ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ।ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਹਨਾਂ ਨੂੰ ਮਾਰ ਮੁਕਾਉਂਦੇ ਹਨ।’’ ਹਾਲਾਂਕਿ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ। ਕੇਵਲ ਸੁਭਾਸ਼ ਚੰਦਰ ਬੋਸ ਨੇ ਹੀ ਇਸ ਕਾਰਨਾਮੇ ਦੀ ਪ੍ਰਸ਼ੰਸ਼ਾ ਕੀਤੀ।ਪਹਿਲੀ ਅਪਰੈਲ 1940 ਨੂੰ ਉਨ੍ਹਾਂ `ਤੇ ਕਤਲ ਦੇ ਦੋਸ਼ ਲਾਏ ਗਏ ਅਤੇ 4 ਜੂਨ 1940 ਨੂੰ ਸੈਂਟਰਲ ਕਰਿਮੀਨਲ ਕੋਰਟ, ਓਲਡ ਬੈਲੇ ਵਿੱਚ ਜਸਟਿਸ ਐਟਕਿਨਸਨ ਦੇ ਸਾਹਮਣੇ ਉਨ੍ਹਾਂ ਆਪਣੇ ਜੁਰਮ-ਏ-ਇਕਬਾਲ ਕੀਤਾ ਤੇ ਜੱਜ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ।

             31 ਜੁਲਾਈ 1940 ਨੂੰ ਉਨ੍ਹਾਂ ਨੂੰ ਲੰਡਨ ਦੀ ਪੈਂਟਨਵਿਲੇ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ।ਉਸੇ ਜੇਲ੍ਹ ਵਿੱਚ ਹੀ ਉਸ ਨੂੰ ਦਫਨਾ ਦਿੱਤਾ ਗਿਆ। ਗਿਆਨੀ ਜੇਲ੍ਹ ਸਿੰਘ ਨੇ ਆਪਣੇ ਮੁੱਖ ਮੰਤਰੀ ਕਾਲ ਦੋਰਾਨ 31 ਜੁਲਾਈ 1974 `ਚ ਸ਼ਹੀਦ ਦੀਆਂ ਅਸਥੀਆਂ ਮੰਗਵਾ ਕੇ ਸੁਨਾਮ ਸ਼ਹਿਰ ਵਿਖੇ ਸੰਸਕਾਰ ਕੀਤਾ।ਜਦੋਂ ਅੱਜ ਭਾਰਤ ਵਿੱਚ ਆਜ਼ਾਦੀ ਲਈ ਜੋ ਲੜੇ ਜਾਂ ਮਰੇ ਸਨ, ਉਨਾਂ ਦੇ ਪਰਿਵਾਰਾਂ ਨੂੰ ਬਣਦੇ ਹੱਕ ਦੇ ਕੇ ਮਾਨ-ਸਨਮਾਨ, ਸਤਿਕਾਰ ਦਿੱਤਾ ਗਏ ਹਨ।ਪਰ ਇਥੇ ਸ਼ਹੀਦ ਉਧਮ ਸਿੰਘ ਅਤੇ ਉਸ ਦਾ ਪਰਿਵਾਰ ਵਿਤਕਰੇ ਦਾ ਸ਼ਿਕਾਰ ਹੋਇਆ ਸਭ ਕਾਸੇ ਤੋ ਵਾਂਝਾ ਤੇ ਸੱਖਣਾ ਨਜ਼ਰ ਆਉਂਦਾ ਹੈ।

Dalwinder Ghuman

 

 

 

ਦਲਵਿੰਦਰ ਸਿੰਘ ਘੁੰਮਣ
ਮੋ – 0033630073111
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply