ਛੋਟੇ ਭਰਾਵਾਂ ਵਰਗੇ ਦੋਸਤ ਮਨਦੀਪ ਯਕੀਨ ਨਹੀਂ ਆਉਂਦਾ ਕਿ ਤੰੂ ਐਡੀ ਛੇਤੀ ਵਿਛੋੜਾ ਦੇ ਗਿਆ ਏਂ। ਤੇਰੇ ਪਰਿਵਾਰ ਨਾਲ ਸਾਡੀ ਸਾਂਝ ਕਾਫ਼ੀ ਪੁਰਾਣੀ ਹੈ, ਤੇਰੇ ਪਿਤਾ ਸਵਰਗਵਾਸੀ ਹਰਨੇਕ ਸੋਹੀ ਪੰਜਾਬੀ ਸਾਹਿਤ ਸਭਾ ਧੂਰੀ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਸਨ।ਉਹ ਅਧਿਆਪਕ ਆਗੂ ਦੇ ਨਾਲ ਨਾਲ ਚੰਗੇ ਗੀਤਕਾਰ ਸਨ ਅਤੇ ਅਸੀਂ ਉਹਨਾਂ ਦੇ ਲਿਖੇ ਨਰਿੰਦਰ ਬੀਬਾ, ਕਰਮਜੀਤ ਧੂਰੀ ਤੇ ਗੁਰਦਿਆਲ ਨਿਰਮਾਣ ਵਲੋਂ ਗਾਏ ਗੀਤਾਂ ਦੇ ਸ਼ੈਦਾਈ ਸਾਂ।ਮੈਨੂੰ ਤਾਂ ਸਾਹਿਤ ਅਤੇ ਸਾਹਿਤ ਸਭਾ ਨਾਲ ਜੋੜਿਆ ਵੀ ਉਹਨਾਂ ਨੇ ਹੀ ਸੀ ।
ਮੈਨੂੰ ਯਾਦ ਹੈ ਤੇਰੀ ਮਾਤਾ ਜੀ ਦੀ ਮੌਤ ਵੇਲੇ ਤੂੰ 13 ਸਾਲ ਦਾ ਬਾਲ ਸੀ, ਤੇਰੇ ਪਿਤਾ ਜੀ ਨੇ ਤੈਨੂੰ ਮਾਪਿਆਂ ਵਾਲਾ ਦੂਹਰਾ ਪਿਆਰ ਦੇਣ ਦੇ ਨਾਲ ਨਾਲ ਪੜਾ੍ ਲਿਖਾ ਕੇ ਅਧਿਆਪਕ ਬਣਾਇਆ ਅਤੇ ਜ਼ਿੰਦਗੀ ਜਿਊਣ ਦਾ ਵੱਲ ਸਮਝਾਇਆ । ਤੈਨੂੰ ਵੀ ਸਾਹਿਤ ਪੜ੍ਨ ਤੇ ਲਿਖਣ ਦੀ ਚੇਟਕ ਸੀ ਭਾਵੇਂ ਉਹ ਤੇਰੀਆਂ ਡਾਇਰੀਆਂ ਤੱਕ ਹੀ ਸੀਮਤ ਰਹੀ। ਤੂੰ ਹਸਮੁੱਖ ਸੁਭਾਅ ਦੇ ਨਾਲ ਨਾਲ ਯਾਰਾਂ ਦਾ ਯਾਰ ਸੀ।ਅਧਿਆਪਕਾਂ ਦੀ ਯੂਨੀਅਨ ਲਈ ਕੰਮ ਕਰਨਾ ਤਾਂ ਤੈਨੂੰ ਵਿਰਾਸਤ ਵਿੱਚ ਮਿਲਿਆ ਸੀ ।
ਤੂੰ ਕੁਦਰਤ, ਸਮਾਜ ਅਤੇ ਪੁਰਖਿਆਂ ਵਲੋਂ ਲਗਾਈਆਂ ਜਿੰਮੇਵਾਰੀਆਂ ਤਾਂ ਨਿਭਾਅ ਹੀ ਰਿਹਾ ਸੀ, ਨਾਲ ਆਪਣੇ ਵਿਦਿਆਰਥੀਆਂ ਨੂੰ ਸਰੀਰਕ ਸਿੱਖਿਆ ਅਤੇ ਖੇਡਾਂ ਦੀ ਸਿੱਖਿਆ ਵੀ ਦੇ ਰਿਹਾ ਸੀ ਕਿ ਅਚਾਨਕ ਹੀ ਸਕੂਲ ਦੀ ਪ੍ਰਾਰਥਨਾ ਸਭਾ ਵਿਚੋਂ ਹੀ ਤੈਨੂੰ ਅਣਹੋਣੀ ਨੇ ਆ ਦਬੋਚਿਆ।ਤੇਰੇ ਸਾਥੀ ਅਧਿਆਪਕਾਂ ਅਤੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਵੀ ਤੈਨੂੰ ਬਚਾਅ ਨਾ ਸਕੀਆਂ, 22 ਅਗਸਤ ਦੀ ਉਹ ਸਵੇਰ ਸਾਡੇ ਸਭ ਲਈ ਬਹੁਤ ਦੁੱਖਦਾਈ ਹੋ ਨਿੱਬੜੀ ।
ਤੇਰੀ ਮਿੱਠੀ ਯਾਦ ਤੇਰੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਨਾਲ-ਨਾਲ ਸਾਡੀ ਜ਼ਿੰਦਗੀ ਦਾ ਵੀ ਸਦੀਵੀ ਹਿੱਸਾ ਬਣ ਕੇ ਰਹੇਗੀ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ, ਧੂਰੀ (ਸੰਗਰੂਰ)