Sunday, December 22, 2024

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਗਿਆਨਕ ਸੋਚ

Guru Nanakਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਹ ਜਨ ਕੀਅਉ ਪ੍ਰਗਾਸ ।।  (ਭੱਟ ਬਾਣੀ ਪੰਨਾ ੧੩੯੯)   
ਪੰਦਰਵੀਂ ਸਦੀ ਦੇ ਸਮੇਂ ਵਿਗੜੇ ਹੋਏ ਸਮਾਜਿਕ, ਨੈਤਿਕ, ਰਾਜਨੀਤਿਕ, ਸੱਭਿਆਚਾਰਕ, ਧਾਰ ਅਤੇ ਆਰਥਿਕ ਢਾਂਚੇ ਕਰਕੇ ਮਨੁੱਖਤਾ ਦੀ ਹੋ ਰਹੀ ਬਰਬਾਦੀ ਨੂੰ ਠੱਲ ਪਾਉਣ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾ ਰਹੀ ਮਨੁੱਖਤਾ ਨੂੰ ਜੀਵਨ-ਜਾਂਚ ਸਿਖਾਉਣ ਲਈ ਪ੍ਰਮਾਤਮਾ ਆਪ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਹੋਏ। ਉਹਨਾਂ ਦਾ ਜਨਮ 15 ਅਪ੍ਰੈਲ 1469 ਈ. ‘ਚ ਪਿਤਾ ਸ੍ਰੀ ਕਲਿਆਣ ਦਾਸ (ਮਹਿਤਾ ਕਾਲੂ) ਅਤੇ ਮਾਤਾ ਜੀ ਤ੍ਰਿਪਤਾ ਜੀ ਦੇ ਘਰ ਰਾਇ ਭੋਇ ਦੀ ਤਲਵੰਡੀ (ਅਜਕਲ ਨਨਕਾਣਾ ਸਾਹਿਬ) ਵਿਖੇ ਹੋਇਆ।ਉਸ ਸਮੇਂ ਵਿਗੜੇ ਹੋਏ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਕਰਕੇ ਪੂਰੇ ਦੇਸ਼ ਵਿੱਚ ਜੁਲਮਾਂ ਦੀ ਹਨੇਰੀ ਝੁੱਲ ਰਹੀ ਸੀ, ਅਜਿਹੇ ਸਮੇਂ ਗੁਰੂ ਜੀ ਦੀ ਸੋਚ ਇੱਕ ਚਾਨਣ ਮੁਨਾਰਾ ਬਣ ਕੇ ਆਈ। ਗੁਰੂ ਨਾਨਕ ਦੇਵ ਜੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ।ਉਹ ਮਹਾਨ ਚਿੰਤਕ, ਪ੍ਰਭਾਵਸ਼ਾਲੀ ਸਮਾਜਿਕ ਨੇਤਾ, ਨਿਡਰ ਦੇਸ਼ ਭਗਤ, ਸੁਹਿਰਦ ਉਪਦੇਸ਼ਕ, ਅਦੁੱਤੀ ਰਹੱਸਵਾਦੀ, ਅਣਥੱਕ ਸੈਲਾਨੀ, ਮਹਾਨ ਕਵੀ ਅਤੇ ਮਹਾਨ ਵਿਗਿਆਨੀ ਸਨ।
        ਜਦੋਂ ਗੁਰੂ ਸਾਹਿਬ ਜੀ ਦੀ ਵਿਗਿਆਨਕ ਸੋਚ ਵਹਿਮਾਂ-ਭਰਮਾਂ ਅਤੇ ਅਗਿਆਨਤਾ ਦੇ ਹਨੇਰੇ ਨਾਲ ਟਕਰਾਈ ਸਾਰੀ ਲੋਕਾਈ ਨੂੰ ਉਸ ਨੂਰਾਨੀ ਜੋਤ ਦੀਆਂ ਰਹਿਮਤਾਂ ਤੇ ਰੱਬੀ ਬਖਸ਼ਿਸ਼ਾਂ ਸਦਕਾ ਸੂਹੀ ਤੇ ਸੱਜ਼ਰੀ ਸਵੇਰ ਦੀ ਆਸ ਬੱਝਦੀ ਦਿਸਦੀ ਹੈ।ਉਹ ਭਾਰਤੀਆਂ ਨੂੰ ਇੱਕ ਲੰਮੀ ਨੀਂਦ ਤੋਂ ਜਗਾਉਣ ਵਾਲੇ `ਮਰਦ-ਏ-ਕਾਮਿਲ` ਸਨ।ਉਹਨਾਂ ਨੇ ਸਮੁੱਚੀ ਮਾਨਵਤਾ ਨੂੰ ਫੋਕੇ ਵਹਿਮਾਂ-ਭਰਮਾਂ ਅਤੇ ਅਗਿਆਨਤਾ ਦੇ ਹਨੇਰੇ `ਚੋਂ ਬਾਣੀ ਰੂਪੀ ਗਿਆਨ ਦੇ ਚਾਨਣ ਨਾਲ ਬਾਹਰ ਲਿਆਂਦਾ।
      ਬਚਪਨ ਸਮੇਂ  ਤੋਂ ਹੀ ਆਪ ਜੀ ਵਲੋਂ ਪਾਂਧੇ, ਪੰਡਿਤ, ਮੌਲਵੀ, ਵੈਦ ਅਤੇ ਜਨੇਊ ਧਾਰਨ ਕਰਨ ਸਮੇਂ ਮੰਗੇ ਤਰਕਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਆਪ ਇੱਕ ਤਰਕਵਾਦੀ ਵਿਗਿਆਨਿਕ ਸੋਚ ਦੇ ਮਾਲਕ ਸਨ।ਅਜਿਹੇ ਸਮੇਂ ਜਦੋਂ ਕਿ ਸਮਾਜ ਵਿੱਚ ਅਨੇਕਾਂ ਪ੍ਰਕਾਰ ਦੇ  ਪਾਖੰਡੀਆਂ ਤੇ ਭੇਖੀਆਂ ਨੇ ਧਰਮ ਨੂੰ ਜਿਆਦਾ ਗੁੰਝਲਦਾਰ ਅਤੇ ਸਿਰਫ ਕਰਮ ਕਾਂਡਾਂ ਤੱਕ ਹੀ ਸੀਮਿਤ ਰੱਖ ਦਿੱਤਾ ਸੀ।ਗੁਰੂ ਨਾਨਕ ਸਾਹਿਬ ਜੀ ਦੀ ਵਿਗਿਆਨਕ ਸੋਚ ਦੀ ਉਘੜਵੀਂ ਉਦਾਹਰਣ ਸਾਨੂੰ ਹਰਿਦੁਆਰ ਜਾਣ ਸਮੇਂ ਉਹਨਾਂ ਵਲੋਂ ਕਰਤਾਰਪੁਰ ਖੇਤਾਂ ਨੂੰ ਪਾਣੀ ਦੇਣ ਦੀ ਮਿਲਦੀ ਹੈ।ਪਾਂਡਿਆਂ ਵਲੋਂ ਦਿੱਤੇ ਗਏ ਪਿਤਰਾਂ ਨੂੰ ਕਰੋੜਾਂ ਕੋਹਾਂ ਦੂਰ ਪਾਣੀ ਦੀ ਅਗਿਆਨਤਾ ਨੂੰ ਆਪਣੇ ਤਿੰਨ ਸੌ ਕੋਹਾਂ ਦੂਰ ਖੇਤਾਂ ਨੂੰ ਪਾਣੀ ਪਹੁੰਚਾਉਣ ਦੀ ਵਿਗਿਆਨਕ ਤਰਕ ਪੇਸ਼ ਕਰਕੇ ਪ੍ਰਚੱਲਤ ਪਾਖੰਡ ਦਾ ਖੰਡਨ ਕੀਤਾ।ਉਸ ਸਮੇਂ ਗੁਰੂ ਸਾਹਿਬ ਦੁਆਰਾ ਧਰਤੀ ਤੋਂ ਸੂਰਜ ਦੀ ਦੂਰੀ ਅਤੇ ਮਨੁੱਖੀ ਅਪਹੁੰਚਤਾ ਦਾ ਵਿਸਥਾਰ ਇੱਕ ਤਰਕਪੂਰਵਕ ਵਿਗਿਆਨਕ ਸੋਚ ਹੀ ਸੀ।
ਧਰਤੀ ਦੀ ਹੋਂਦ ਬਾਰੇ ਵਿਚਾਰਦਿਆਂ ਗੁਰੂ ਜੀ ਜਪੁਜੀ ਸਾਹਿਬ (ਅੰਗ ੭) ਰਾਹੀਂ ਫਰਮਾਉਂਦੇ ਹਨ :-
         ਕਵਣੁ ਸੁ ਵੇਲਾ ਵਖਤੁ ਕਵਣੁ
         ਕਵਣਿ ਥਿਤਿ ਕਵਣੁ ਵਾਰੁ।।
         ਕਵਣਿ ਸਿ ਰੁਤੀ ਮਾਹੁ  ਕਵਣੁ
         ਜਿਤੁ ਹੋਆ ਆਕਾਰੁ।।
           ਭਾਵ  ਸ਼੍ਰਿਸ਼ਟੀ ਦੀ ਬਣਤਰ ਦੇ ਸਮੇਂ ਬਾਰੇ ਕੋਈ ਵੀ ਯਕੀਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬੇਤਹਾਸ਼ਾ ਧਰਤੀਆਂ, ਅਣਗਿਣਤ ਪਤਾਲ ਅਤੇ ਆਕਾਸ਼ ਹਨ।ਜਿਨਾਂ ਦੀ ਗਿਣਤੀ ਕਦੇ ਕੀਤੀ ਹੀ ਨਹੀਂ ਜਾ ਸਕਦੀ।
ਗੁਰੂ ਜੀ ਦੁਆਰਾ ਰਚਿਤ ਬਾਣੀ (,`ਗਗਨ ਮੈ ਥਾਲੁ`) ਆਰਤੀ ਨੂੰ ਵਿਸ਼ਵ ਪੱਧਰ `ਤੇ ਪ੍ਰਚਾਰਨ ਦੀ ਜਰੂਰਤ ਹੈ।
      “ਗਗਨ ਮੈ ਥਾਲੁ  ਰਾਵਿ ਚੰਦੁ ਦੀਪਕ ਬਨੇ ਤਰਿਕਾ ਮੰਡਲ ਜਨਕ ਮੋਤੀ।।

           ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ  ਬਨਰਾਇ ਫੂਲੰਤ ਜੋਤੀ।। ੧।।
           ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ।।…….. “
               ਇਸ ਰਾਹੀਂ ਗੁਰੂ ਸਾਹਿਬ ਨੇ ਸਾਰੇ ਬ੍ਰਹਿਮੰਡ ਦੇ ਅਲੌਕਿਕ ਅਤੇ ਰਹੱਸਮਈ ਵਰਤਾਰੇ ਨੂੰ ਵਿਗਿਆਨਕ ਅਤੇ ਤਰਕਪੂਰਨ ਢੰਗ ਨਾਲ ਪ੍ਰਗਟਾਇਆ ਹੈ।ਸ਼੍ਰਿਸ਼ਟੀ ਦੀ ਬਣਤਰ, ਪ੍ਰਕਿਰਿਆ ਅਤੇ ਕਾਰਜ ਦਾ ਬਖੂਬੀ ਉਲੇਖ ਕਰਦਿਆਂ ਉਹਨਾਂ ਸਾਰੇ ਆਕਾਸ਼ ਨੂੰ ਇੱਕ ਥਾਲੀ ਕਿਆਸਿਆ ਹੈ, ਜਿਸ ਵਿੱਚ ਕਿ ਚੰਨ, ਸੂਰਜ ਅਤੇ ਤਾਰੇ ਮੋਤੀਆਂ ਅਤੇ ਦੀਪਕ ਵਾਂਗ ਚਮਕਦੇ ਦਿਖਾਈ ਦੇ ਰਹੇ ਹਨ।ਇਹ ਸਭ ਇੱਕ ਨਿਯਮਤ ਢੰਗ ਨਾਲ ਕੁਦਰਤ ਦੀ ਉਸਤਤ ਦਾ ਗਾਇਨ ਹੋ ਰਿਹਾ ਹੈੈ।ਜੰਗਲਾਂ ਵਲੋਂ ਖੁਸ਼ਬੋ, ਹਵਾ ਦੁਆਰਾ ਚੌਰ ਅਤੇ ਬਨਸਪਤੀ ਫੁੱਲ ਬਰਸਾ ਰਹੀ ਹੈ, ਇਹ ਵਰਤਾਰਾ  ਚੱਲਦਾ ਹੀ ਰਹਿੰਦਾ ਹੈ, ਜੋ ਕਦੇ ਵੀ ਰੁਕਣ ਵਾਲਾ ਨਹੀਂ ਹੈ।
      ਇਸ ਤਰ੍ਹਾਂ ਗੁਰੂ ਨੇ ਇਸ ਵਿਗਿਆਨਕ ਸੋਚ ਰਾਹੀਂ ਦਿਨ ਤੇ ਰਾਤ ਦੇ ਕਦੇ ਨਾ ਰੁਕਣ ਬਾਰੇ ਪੂਰੀ ਦ੍ਰਿੜਤਾ ਨਾਲ ਕਿਹਾ। ਜਿਸ ਧਰਤੀ ਦੀ ਹੋਂਦ, ਬਣਤਰ ਅਤੇ ਪ੍ਰਕਾਰਜ ਬਾਰੇ ਜਾਣਕਾਰੀ ਇਕੱਤਰ ਕਰਨ ਦੀਆਂ ਕਈ ਖੋਜਾਂ ਅੱੱਜ ਵੀ ਜਾਰੀ ਹਨ ਪਰ ਉਹਨਾਂ ਨੇ ਸਮੁੱਚੀ ਕਾਇਨਾਤ ਦੀ ਬਣਤਰ ,ਪ੍ਰਕਾਰ ਬਾਰੇ 500 ਸਾਲ ਪਹਿਲਾਂ ਹੀ ਦੱਸ ਕੇ ਹਰ ਆਮ ਵਿਅਕਤੀ ਲਈ ਵਿਗਿਆਨ ਦੇ ਬੂਹੇ ਖੋਲ ਦਿੱਤੇ ਸਨ।ਜਿਸ ਸਦਕਾ ਮਨੁੱਖੀ ਮਨ ਦਾ ਕੁਦਰਤੀ ਭੈਅ ਦੂਰ ਹੋਣ ਲੱਗਾ।
       ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਇੱਕ ਵਿਲੱਖਣ ਪਹਿਲੂ ਇਹ ਸੀ ਕਿ ਉਹਨਾਂ ਨੇ ਪੂਰੇ ਜੀਵਨ ਵਿੱਚ ਕਰਮ-ਕਾਂਡ ਅਤੇ ਭੇਖ ਵਾਲੀ ਜੀਵਨ ਸ਼ੈਲੀ ਨੂੰ ਨਕਾਰਿਆ ਹੀ ਨਹੀਂ ਸਗੋਂ ਉਹਨਾਂ ਦੇ ਸਮਾਨਅੰਤਰ ਉਹਨਾਂ ਦਾ ਬਦਲਵਾ ਰੂਪ ਪੇਸ਼ ਕੀਤਾ।ਜਿਵੇਂ ਕਿ ਸਿੱਧਾਂ ਨਾਲ ਗੋਸ਼ਟਿ, ਸੂਰਜ ਨੂੰ ਪਾਣੀ ਦੇਣਾ, ਜਨੈਊ ਦਾ ਖੰਡਨ ਕੀਤਾ।ਗੁਰੂ ਜੀ ਨੇ ਫਰੇਬੀ ਅਤੇ ਕਰਮ-ਕਾਂਡੀ ਵਿਵਸਥਾ ਦਾ ਵਿਰੋਧ ਕਰਕੇ ਸੱਚ ਦੇ ਆਧਾਰਤ ਸੰਕਲਪ ਪੇਸ਼ ਕੀਤਾ।ਸੱਚੇ ਸੌਦੇ ਵਾਲੀ ਗਾਥਾ ਵੀ ਝੂਠੇ  ਸੌਦੇ ਦੀ ਨਖੇਧੀ ਦਾ ਪ੍ਰਮਾਣਿਕ ਰੂਪ ਹੈ।
        ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।।
        ਓੜਕ ਓੜਕ ਭਾਲਿ ਥਕੇ
         ਵੇਦ ਕਹਨਿ  ਇੱਕ ਵਾਤ।। (ਪਉੜੀ ੨੨ ਜਪੁਜੀ ਸਾਹਿਬ)
       ਕੁਦਰਤ ਦੀ ਉਹ ਵਿਗਿਆਨਕ ਵਿਸ਼ਾਲਤਾ ਜਿਸ ਲਈ ਪੂਰੀ ਦੁਨੀਆਂ ਦੀ ਸਾਇੰਸ ਵੱਖ-ਵੱਖ ਕਿਆਸੇ ਲਗਾ ਕੇ ਗਿਣਤੀਆਂ ਕਰ ਰਹੀ ਹੈ, ਜਦਕਿ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਹੀ ਬਾਣੀ ਰਾਹੀਂ ਬੇਅੰਤ ਆਕਾਸ਼ਾਂ ਅਤੇ ਅਨੰਤ ਪਾਤਾਲਾਂ ਦੀ ਹੋਂਦ ਦਾ ਵਿਗਿਆਨਕ ਤੱਥ ਪੇਸ਼ ਕੀਤਾ।ਉਹਨਾਂ ਅਨੁਸਾਰ ਕੁਦਰਤ ਦੀ ਬਣਤਰ ਤੇ ਰਚਨਾ ਦਾ ਲੇਖਾ ਜੋਖਾ
ਕੀਤਾ ਨਹੀਂ ਜਾ ਸਕਦਾ ਇਹ ਅਸੀਮਿਤ ਹੈ।
ਬਲਿਹਾਰੀ ਕੁਦਰਤਿ ਵਸਿਆ ।।ਤੇਰਾ ਅੰਤੁ ਨ ਜਾਈ ਲਖਿਆ।।੧।।
ਗੁਰੂ ਜੀ ਅਨੁਸਾਰ ਸਾਰੀ ਕਾਇਨਾਤ ਕਿਸੇ ਆਦਿੱਖ ਅਮੂਰਤ ਸ਼ਕਤੀ ਦੀ ਆਰਤੀ ਉਤਾਰਨ ਲਈ ਹਰ ਪਲ ਲੀਨ ਰਹਿੰਦੀ ਹੈ, ਇਸ ਲਈ ਥੋੜਚਿਰੀ ਦੁਨੀਆਵੀ ਆਰਤੀ ਨੂੰ ਛੱਡ ਕੇ ਉਸ ਸਦੀਵੀ ਸਥਿਰ ਅਤੇ ਕਾਇਨਾਤ ਆਰਤੀ ਬਾਰੇ ਚੇਤੰਨ ਹੋ ਕੇ ਉਸ ਵਿੱਚ ਲੀਨ ਹੋਣ ਦਾ ਸੰਦੇਸ਼ ਦਿੰਦੇ ਹਨ।ਜਿਸ ਲਈ ਉਹ ਪ੍ਰਕਿਰਤੀ ਜੀਵਨ ਜੀਣ ਤੇ ਜ਼ੋਰ ਦਿੰਦੇ ਹਨ।ਗੁਰੂ ਜੀ ਪ੍ਰਮਾਤਮਾ ਨੂੰ ਕੁਦਰਤ ਵਿਚ ਵੱਸਿਆ ਵੇਖਦੇ ਹਨ।ਜਿਸ ਕਰਕੇ ਹਵਾ, ਪਾਣੀ ਤੇ ਅਗਨੀ ਵੀ ਪ੍ਰਮਾਤਮਾ ਦੇ ਹੀ ਗੁਣ ਗਾਉਂਦੇ ਹਨ ,ਕੁਦਰਤ ਨੂੰ ਵੇਖ ਕੇ ਉਹ ਕਾਦਰ(ਕੁਦਰਤ ਨੂੰ ਰਚਣ ਵਾਲਾ) ਤੋਂ ਬਲਿਹਾਰ ਜਾਂਦੇ ਹਨ।ਧਰਤੀ ਨੂੰ ਉਹਨਾਂ ਇੱਕ ਧਰਮਸ਼ਾਲਾ ਹੀ ਆਖਿਆ ਹੈ।ਉਹ ਪਾਣੀ ਦੀ ਮਹੱਤਤਾ ਨੂੰ ਮੁੜ ਮੁੜ ਕੇ ਵਿਚਾਰਨ ਦਾ ਸੰਕੇਤ ਦਿੰਦੇ ਹਨ ਜਿਸ ਵੱਲ ਨਾ ਧਿਆਨ ਦੇਣ ਦੇ ਸਿੱਟੇ ਅੱਜ ਧਰਤੀ ਵਾਸੀਆ ਨੂੰ ਭੁਗਤਣੇ ਪੈ ਸਕਦੇ ਹਨ।ਉਹਨਾਂ ਸਾਰੀ ਬਾਣੀ ਵਿਵਹਾਰਿਕ ਅਤੇ ਤਰਕਪੂਰਵਕ ਹੈ।
       ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੂਰਨ ਸੱਚ ਦਾ ਗਿਆਨ ਸੰਸਾਰ ਨੂੰ ਦਿੱਤਾ।ਜਿਹੜਾ ਕਿ ਸਾਰੀ ਮਨੁੱਖਤਾ ਦੇ ਭਲੇ ਲਈ ਮਹੱਤਵਪੂਰਨ ਅਤੇ ਕੀਮਤੀ ਹੈ।ਉਹਨਾਂ ਦੀ ਉੱਚੀ ਸੁੱਚੀ ਵਿਚਾਰਧਾਰਾ ਦਾ ਪੱਧਰ ਅੱਜ ਵੀ ਮਨੁੱਖ ਲਈ ਅਪਹੁੰਚ ਹੈ।ਕਿਉਂਕਿ ਅੱਜ ਦਾ ਮਨੁੱਖ ਅਜੇ ਧਾਰਮਿਕ ਵੱਖਰਤਾ ਦੀ ਸੋਚ ਤੋਂ ਹੀ ਉੱਪਰ ਨਹੀਂ ਉਠ ਸਕਿਆ।
          ਯੂਰਪੀ ਦੇਸ਼ਾਂ ਵਿੱਚ ਬੇਸ਼ੱਕ ਧਰਮ ਅਤੇ ਵਿਗਿਆਨ ਦਰਮਿਆਨ ਝਗੜਾ ਹੀ ਰਿਹਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਚਲਾਏ ਗਏ ਧਰਮ ਪੰਥ ਦੇ ਸਿਧਾਂਤਾਂ ਨੂੰ ਅੱਜ ਸਮੁੱਚੇ ਵਿਸ਼ਵ ਦੇ ਵਿਗਿਆਨੀ ਕਬੂਲ ਰਹੇ ਹਨ। ਧਰਤੀ ਸੂਰਜ, ਸੌਰ ਮੰਡਲ, ਹਵਾ-ਪਾਣੀ ਦੀ ਉਤਪਤੀ ਬਾਰੇ ਜੋ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੇ ਅੱਜ ਤੋਂ 500ਸਾਲ ਪਹਿਲਾਂ ਸਪੱਸ਼ਟ ਕਰ ਦਿੱਤਾ, ਉਸ ਤੱਕ ਵਿਗਿਆਨ ਅੱਜ ਵੀ ਨਹੀਂ ਪਹੁੰਚ ਸਕਿਆ।ਜਿਸ ਸਮੇਂ ਉਹਨਾਂ  ਧਰਤੀ ਬਾਰੇ ਜਾਣਕਾਰੀ ਦਿੱਤੀ ਉਸ ਸਮੇਂ ਤਾਂ ਵਿਗਿਆਨਕ ਯੁੱਗ ਅਜੇ ਸ਼ੁਰੂ ਵੀ ਨਹੀਂ ਸੀ ਹੋਇਆ।
ਉਹਨਾਂ ਵਲੋਂ ਪ੍ਰਕਿਰਤਕ ਜੀਵਨ ਜਾਂਚ ਨੂੰ ਅਪਨਾਉਣ ਤੋਂ ਭਾਵ ਹੈ ਕੁਦਰਤ ਤੇ ਉਸ ਦੇ ਮੂਲ ਆਧਾਰਾਂ ਦੀ ਉਚਿਤ ਵਰਤੋਂ ਤੇ ਸੰਭਾਲ ਲਈ ਪ੍ਰੇਰਤ ਕਰਨਾ ਹੈ, ਤਾਂ ਜੋ ਇਸ ਧਰਤੀ ਨੂੰ ਸੁਥਰਾ ਬਣਾਇਆ ਜਾ ਸਕੇ।ਅੱਜ ਜਦ ਕਿ ਓਜੋਨ ਦਾ ਛਿਜਦਾ ਛਤਰ, ਗਲੋਬਲ ਵਾਰਮਿੰਗ, ਸਮੁੰਦਰੀ ਉਥਰ ਪੁਥਲ, ਵਧਦਾ ਤਾਪ, ਕੁਦਰਤੀ ਆਫਤਾਂ, ਹੜਾਂ ਅਤੇ ਸੋਕੇ ਦਾ ਕਾਰਨ ਵੀ ਧਰਤੀ ‘ਤੇ ਮੂਲ ਤੱਤਾਂ ਦੀ ਵਰਤੋਂ ਦੀ ਅਸਮਾਨਤਾ ਹੀ ਹੈ।ਜੇਕਰ ਗੁਰੂ ਸਾਹਿਬ ਜੀ ਦੀ ਵਿਗਿਆਨਕ ਸੋਚ ਰੂਪੀ ਬਾਣੀ ਨੂੰ ਸਮਝ ਕੇ ਅਪਨਾਉਣ ਨਾਲ ਮਨੁੱਖਤਾ ਦੇ ਕਲਿਆਣ ਲਈ ਹੱਲ ਲੱਭੇ ਜਾ ਸਕਦੇ ਹਨ।
 ਸੋ ਜਰੂਰਤ ਹੈ ਉਹਨਾਂ ਦੁਆਰਾ ਦੱਸੇ ਮਾਰਗ ਨੂੰ ਸਹੀ ਅਰਥਾਂ ਵਿੱਚ ਅਪਨਾਉਣ ਦੀ।ਗੁਰੂ ਸਾਹਿਬ ਜੀ ਦੇ ਮੂਲ ਸਿਧਾਂਤ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਵੀ ਕਿਸੇ ਨ ਕਿਸੇ ਤਰ੍ਹਾਂ ਵਿਗਿਆਨਕ ਸੋਚ ਦਾ ਹੀ ਮੁੱਢ ਹੈ।
ਕਿਰਤ ਕਰਨ ਨਾਲ ਮਾਨਸਿਕ ਠਹਿਰਾਅ ਅਤੇ ਸੰਜਮ ਬਣਿਆ ਰਹਿੰਦਾ ਹੈ, ਵੰਡ ਕੇ ਛਕਣ ਨਾਲ ਆਪਸੀ ਸਹਿਯੋਗ ਵਧਦਾ ਹੈ ਅਤੇ ਤਾਂ ਹੀ ਇਕਾਗਰ ਹੋ ਕੇ ਨਾਮ ਜਪਿਆ ਜਾ ਸਕਦਾ ਹੈ।ਸੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿਥੇ ਸਮਾਜ ਨੂੰ ਜੀਵਨ ਜਾਂਚ ਦੇ ਭੇਦਾਂ ਤੋਂ ਤੋਂ ਜਾਣੂ ਕਰਵਾਉਂਦੇ ਹਨ, ਉਥੇ ਨਾਲ ਦੀ ਨਾਲ ਉਹ ਵਿਗਿਆਨਕ ਤਰਕ ਆਧਾਰਿਤ ਤੱਤ ਵੀ ਪੇਸ਼ ਕਰਦੇ ਹਨ।ਉਹਨਾਂ ਦੀ ਆਮਦ ਹੀ ਵਿਗਿਆਨਕ ਯੁੱਗ ਦੀ ਸ਼ੁਰੂਆਤ ਹੈ।
      ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ।।
      ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ।।
         (ਬਾਣੀ ਸ੍ਰੀ ਗੁਰੂ ਅੰਗਦ ਦੇਵ ਜੀ ਪੰਨਾ ਨੰ. ੭੮੭)
Ranjit Bajwa 1

 

ਰਣਜੀਤ ਕੌਰ ਬਾਜਵਾ
ਪੰਜਾਬੀ ਅਧਿਆਪਕਾ
ਸ.ਮਿ ਸਕੂਲ, ਬਹਾਦੁਰ ਹੁਸੈਨ
ਗੁਰਦਾਸਪੁਰ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply