ਯੂਨੀਵਰਸਿਟੀ ਦਾ ਵਿਹੜਾ 72 ਕਿਸਮ ਦੀਆਂ ਗੁਲਦਾਉਦੀਆਂ ਨਾਲ ਭਰਿਆ
ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਵਾਈ.ਏ.ਐਸ-ਜੀ.ਐਨ.ਡੀ.ਯੂ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਦੇ ਡੀਨ ਅਤੇ ਮੁਖੀ, ਪ੍ਰੋ. ਸ਼ਵੇਤਾ ਸ਼ਿਨੋਏ ਨੇ ਕਿਹਾ ਹੈ ਕਿ ਫੁੱਲ ਧਰਤੀ `ਤੇ ਪ੍ਰਮਾਤਮਾ ਵੱਲੋਂ ਮਨੁੱਖਤਾ ਨੂੰ ਦਿੱਤਾ ਸਭ ਤੋਂ ਨਿਆਮ ਤੋਹਫਾ ਹੈ ਜਿਸ ਵਿਚ ਪ੍ਰਕ੍ਰਿਤੀ ਦੇ ਰਹੱਸ ਛੁਪੇ ਹੋਏ ਹਨ।ਪਰਮਾਤਮਾ ਨੂੰ ਨੇੜੇ ਤੋਂ ਵੇਖਣ ਲਈ ਫੁੱਲਾਂ ਨੂੰ ਪਿਆਰ ਕਰਨਾ ਚਾਹੀਦਾ ਹੈ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿਚ ਭਾਈ ਵੀਰ ਸਿੰਘ ਫਲਾਵਰ, ਪਲਾਂਟਸ ਅਤੇ ਰੰਗੋਲੀ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਰੋਹ ਸਮੇਂ ਸੰਬੋਧਨ ਕਰ ਰਹੇ ਸਨ।ਇਸ ਸਮੇਂ ਉਨ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਉਚ ਅਧਿਕਾਰੀ ਹਾਜ਼ਰ ਸਨ।ਫੁੱਲਾਂ ਦੇ ਇਸ ਮੇਲੇ ਦਾ ਅਨੰਦ ਲੈਣ ਲਈ ਦੂਜੇ ਦਿਨ ਜਿਥੇ ਵਿਦਿਆਰਥੀਆਂ ਅਤੇ ਸਟਾਫ ਡੂੰਘੀ ਦਿਲਚਸਪੀ ਵਿਖਾਈ ਗਈ ਉਥੇ ਫੁੱਲ ਪ੍ਰੇਮੀਆਂ ਵੱਲੋਂ ਵੀ ਵੱਡੀ ਸੰਖਿਆਂ ਵਿਚ ਹਿੱਸਾ ਲਿਆ ਗਿਆ।ਉਨਾਂ੍ਹ ਵੱਲੋਂ ਫੁੱਲਾਂ ਅਤੇ ਸਬਜ਼ੀਆਂ ਦੀਆਂ ਪਨੀਰੀਆਂ, ਬੀਜ, ਖਾਦਾਂ, ਖੇਤੀ ਸੰਦਾਂ, ਖੂਬਸੂਰਤ ਗਮਲਿਆਂ, ਆਰਗੈਨਿਕ ਵਸਤਾਂ ਜਿਵੇਂ ਗੁੜ, ਸ਼ੱਕਰ, ਸਹਿਰ, ਹਲਦੀ ਆਦਿ ਦੇ ਲੱਗੇ ਸਟਾਲਾਂ ਤੋਂ ਦਿਲ ਖੋਲ ਕੇ ਖਰੀਦੋ ਫਰੋਖਤ ਵੀ ਕੀਤੀ।
72 ਕਿਸਮ ਦੀਆਂ ਗੁਲਦਾਉਦੀਆਂ ਦੀ ਮਹਿਕ, ਆਭਾ ਅਤੇ ਖੁਸ਼ਬੋ ਨਾਲ ਖਿੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਦੀ ਖੂਬਸੂਰਤੀ ਵੇਖਿਆਂ ਹੀ ਬਣ ਰਹੀ ਸੀ।ਮਹਿਮਾਨਾਂ ਦੇ ਤੌਰ `ਤੇ ਪੁੱਜੇ ਉਚ ਅਧਿਕਾਰੀ ਵੀ ਫੁੱਲਾਂ ਦੇ ਨਾਲ ਗੱਲਾਂ ਕਰਦੇ ਪ੍ਰਤੀਤ ਹੋ ਰਹੇ ਸਨ।ਪ੍ਰੋ. ਸ਼ਵੇਤਾ ਸ਼ਿਨੋਏ ਨੇ ਯੂਨੀਵਰਸਿਟੀ ਵੱਲੋਂ ਫੁੱਲਾਂ ਦਾ ਮੇਲਾ ਲਾਉਣ ਦੇ ਕੀਤੇ ਗਏ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਫੁੱਲ ਹੀ ਸਾਨੂੰ ਖੇੜਾ ਦਿੰਦੇ ਹਨ।ਇਨ੍ਹਾਂ ਦੇ ਨਾਲ ਜੁੜਨਾ ਹੀ ਕਈ ਸਮਾਜਿਕ ਅਤੇ ਮਾਨਸਿਕ ਬੀਮਾਰੀਆਂ ਤੋਂ ਨਿਜਾਤ ਪਾਉਣਾ ਸੰਭਵ ਹੋ ਸਕਦਾ ਹੈ।ਉਨ੍ਹਾਂ ਨੇ ਫੁੱਲਾਂ ਦੇ ਇਸ ਮੇਲੇ ਦਾ ਆਨੰਦ ਲੈਣ ਲਈ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਘਰਾਂ ਅਤੇ ਚੌਗਿਰਦੇ ਨੂੰ ਹੋਰ ਖੂਬਸੂਰਤ ਬਣਾਉਣ ਲਈ ਫੁੱਲਦਾਰ, ਫਲਦਾਰ ਅਤੇ ਛਾਂਅਦਾਰ ਬੂਟਿਆਂ ਨਾਲ ਭਰ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿਥੇ ਆਲੇ ਦੁਆਲੇ ਨੂੰ ਪੌਦਿਆਂ ਦੇ ਨਾਲ ਭਰਨ ਨਾਲ ਖੂਬਸੂਰਤੀ ਵਧਦੀ ਹੈ ਉਥੇ ਆਕਸੀਜਨ ਦਾ ਪੱਧਰ ਵੀ ਉਚਾ ਹੁੰਦਾ ਹੈ।
ਇਸ ਵਾਰ ਫੁੱਲਾਂ ਦਾ ਮੇਲਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਸਭ ਤੋਂ ਵੱਧ ਸ਼੍ਰੇਣੀਆਂ ਵਿਚ ਪਹਿਲਾ ਸਥਾਨ ਹਾਸਲ ਕਰਦਿਆਂ ਲੁੱਟ ਕੇ ਲੈ ਗਿਆ ਜਦੋਂਕਿ ਵਿਅਕਤੀਗਤ ਤੌਰ `ਤੇ ਚਾਰ ਸ਼੍ਰੇਣੀਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਦੂਜੇ ਸਥਾਨ ਜੈ ਸਿੰਘ ਗਿੱਲ ਨੇ ਪ੍ਰਾਪਤ ਕੀਤਾ ਅਤੇ ਤੀਜੇ ਸਥਾਨ `ਤੇ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਰਿਹਾ।ਡਾ. ਅਵਿਨਾਸ਼ ਨਾਗਪਾਲ, ਡਾ. ਅਸ਼ਵਨੀ ਲੁਥਰਾ ਅਤੇ ਡਾ. ਮੋਹਨ ਭਾਰਦਵਾਜ ਜੋ ਕਿ ਜੱਜਾਂ ਦੀ ਮਾਹਿਰ ਟੀਮ ਵਿਚ ਸ਼ਾਮਿਲ ਸਨ।ਕਈ ਸ਼੍ਰੇਣੀਆਂ ਵਿਚ ਮੁਕਾਬਲਾ ਬਹੁਤ ਹੀ ਪੇਚੀਦਾ ਸੀ ਜੋ ਇਹ ਸਾਬਤ ਕਰਦਾ ਸੀ ਕਿ ਫੁੱਲਾਂ ਅਤੇ ਪੌਦਿਆਂ ਨੂੰ ਬਹੁਤ ਹੀ ਪਿਆਰ ਅਤੇ ਮਿਹਨਤ ਨਾਲ ਪਾਲਿਆ ਗਿਆ ਹੈ।ਪ੍ਰੋ. ਸਿਨੋਏ ਵੱਲੋਂ ਜੱਜਾਂ ਨੂੰ ਪੁਸਤਕਾਂ ਦੇ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਸ਼ਿਵੇਤਾ ਸ਼ਿਨੋਏ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਨ ਮੌਕੇ ਡਾ. ਜੇ.ਐਸ. ਬਿਲਗਾ, ਪ੍ਰੋ. ਅਵਿਨਾਸ਼ ਕੌਰ ਨਾਗਪਾਲ, ਪ੍ਰੋ. ਰੇਣੂ ਭਾਰਦਵਾਜ, ਪ੍ਰੋ. ਆਦਰਸ਼ਪਾਲ ਵਿਗ, ਡਾ. ਮਨਪ੍ਰੀਤ ਸਿੰਘ ਭੱਟੀ, ਡਾ. ਜਤਿੰਦਰ ਕੌਰ, ਡਾ. ਰਾਜਿੰਦਰ ਕੌਰ, ਡਾ. ਕੁਲਵੀਰ ਕੌਰ, ਪ੍ਰੋ. ਸਤਵਿੰਦਰ ਜੀਤ ਕੌਰ ਵੀ ਹਾਜ਼ਰ ਸਨ। ਡਾ. ਜੇ.ਐਸ. ਬਿਲਗਾ ਨੇ ਦੱਸਿਆ ਕਿ ਜੱਜਾਂ ਦੀ ਟੀਮ ਵੱਲੋਂ ਐਲ਼ਾਨੇ ਗਏ ਜੇਤੂਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਸ੍ਰੀ ਗੁਰੂ ਗੰਥ ਸਾਹਿਬ ਭਵਨ ਆਡੀਟੋਰੀਅਮ ਵਿਚ 10 ਦਸੰਬਰ ਨੂੰ ਹੋਣ ਵਾਲੇ ਰਾਸ਼ਟਰੀ ਸੈਮੀਨਾਰ ਮੌਕੇ ਉਚੇਚੇ ਤੌਰ `ਤੇ ਸਨਮਾਨਿਤ ਕਰਨ ਲਈ ਪੁੱਜ ਰਹੇ ਹਨ।ਉਹ ਸੈਮੀਨਾਰ ਦੀ ਪ੍ਰਧਾਨਗੀ ਵੀ ਕਰਨਗੇ ਅਤੇ ਇਸ ਮੌਕੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਕਾਲਜ ਆਫ ਹੌਰਟੀਕਲਚਰ ਦੇ ਡੀਨ, ਡਾ. ਵਾਈ.ਸੀ ਗੁਪਤਾ `ਫੁੱਲਾਂ ਦੀ ਵਪਾਰਕ ਪੈਦਾਵਾਰ ਦੀਆਂ ਸੰਭਾਵਨਾਵਾਂ` `ਤੇ ਆਪਣਾ ਮੁੱਖ ਭਾਸ਼ਣ ਦੇਣਗੇ, ਜਦੋਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਫਲੋਰੀਕਲਚਰ ਦੇ ਐਸੋਸੀਏਟ ਪ੍ਰੋਫੈਸਰ ਡਾ. ਪਰਮਿੰਦਰ ਸਿੰਘ `ਲੈਂਡਸਕੇਪਿੰਗ ਦੀ ਮਹੱਤਤਾ ਅਤੇ ਬਣਾਵਟ` ਵਿਸ਼ੇ ਉਪਰ ਭਾਸ਼ਣ ਦੇਣਗੇ।ਉਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਮਾਹਿਰ ਫੁੱਲਾਂ ਅਤੇ ਪੌਦਿਆਂ ਦੀ ਖੇਤੀ ਦੀ ਬਰੀਕੀਆਂ ਬਾਰੇ ਸਮਝਾਉਣਗੇ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …