ਅਥਲੈਟਿਕਸ ਮੁਕਾਬਲਿਆਂ ‘ਚ ਪਟਿਆਲਵੀ ਛਾਏ, ਕੈਬਨਿਟ ਮੰਤਰੀ ਸੋਨੀ ਨੇ ਵੰਡੇ ਇਨਾਮ
ਬਟਾਲਾ/ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਐਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਵਲੋਂ 54ਵੀਂ ਪੰਜਾਬ ਕਰਾਸ-ਕੰਟਰੀ ਚੈਂਪੀਅਨਸ਼ਿਪ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਕਰਵਾਈ ਗਈ।ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ 500 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਪੁਰਸ਼ 10 ਕਿਲੋਮੀਟਰ ਓਪਨ ਵਿਚ ਰੇਲ ਕੋਚ ਫੈਕਟਰੀ ਦੇ ਖਿਡਾਰੀ ਵਿਸ਼ਨੂਵੀਰ ਸਿੰਘ ਨੇ ਪਹਿਲਾ, ਅਰੁਨ ਕੁਮਾਰ ਨੇ ਦੂਜਾ ਤੇ ਹੁਸ਼ਿਆਰਪੁਰ ਦੇ ਸੁਖਦੇਵ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਔਰਤਾਂ ਦੇ ਵਰਗ ਵਿਚ 10 ਕਿਲੋਮੀਟਰ ਦੌੜ ਵਿਚ ਪਟਿਆਲਾ ਦੀ ਸੀਮਾ ਦੇਵੀ ਨੇ ਪਹਿਲਾ, ਰੀਮਾ ਪਟੇਲ ਪਟਿਆਲਾ ਨੇ ਦੂਜਾ ਅਤੇ ਪਟਿਆਲਾ ਦੀ ਹੀ ਪਰਮਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 20 ਸਾਲ ਲੜਕੇ ਦੌੜ ਵਿਚ ਪਟਿਆਲੇ ਦੇ ਦੀਪਇੰਦਰ ਨੇ ਪਹਿਲਾ, ਹਰਸ਼ਦੀਪ ਨੇ ਦੂਜਾ ਅਤੇ ਰਾਜ ਕੁਮਾਰ ਮਾਨਸਾ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ 20 ਸਾਲ ਲੜਕੀਆਂ ਦੀ ਦੌੜ ਵਿਚ ਸ਼ੈਲੀ ਕੋਹਲੀ ਨੇ ਪਹਿਲਾ, ਹੁਸਿਆਰਪੁਰ ਦੀ ਏਕਤਾ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ।ਅੰਡਰ 18 ਸਾਲ ਲੜਕੇ ਵਿੱਚ ਹੁਸ਼ਿਆਰਪੁਰ ਦੇ ਲਕਸ਼ਦੀਪ ਨੇ ਪਹਿਲਾ, ਪਟਿਆਲਾ ਦੇ ਨਵਦੀਪ ਨੇ ਦੂਜਾ ਸਥਾਨ ਹਾਸਲ ਕੀਤਾ।ਅੰਡਰ 18 ਲੜਕੀਆਂ ਦੇ ਮੁਕਾਬਲੇ ਵਿੱਚ ਫਰੀਦਕੋਟ ਦੀ ਰਮਨਦੀਪ ਕੌਰ ਪਹਿਲੇ ਸਥਾਨ ‘ਤੇ ਰਹੀ ਜਦਕਿ ਪਟਿਆਲਾ ਦੀ ਮਧੂ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 16 ਲੜਕੇ ਵਿੱਚ ਪਟਿਆਲਾ ਦਾ ਗੁਰਪ੍ਰੀਤ ਸਿੰਘ ਪਹਿਲੇ ਸਥਾਨ ਅਤੇ ਹੁਸ਼ਿਆਰਪੁਰ ਦਾ ਸੋਨੂੰ ਸਿੰਘ ਦੂਜੇ ਸਥਾਨ ‘ਤੇ ਰਿਹਾ। ਅੰਡਰ 16 ਲੜਕੀਆਂ ਦੇ ਮੁਕਾਬਲੇ ਵਿੱਚ ਨਵਾਂ ਸ਼ਹਿਰ ਦੀ ਬ੍ਰਹਮਜੋਤ ਕੌਰ ਪਹਿਲੇ ਅਤੇ ਇੰਦਰਜੀਤ ਕੌਰ ਦੂਜੇ ਸਥਾਨ ‘ਤੇ ਰਹੀ।ਟੀਮ ਚੈਂਪੀਅਨਸ਼ਿਪ ਵਿੱਚ ਪੰਜਾਬ ਪੁਲਿਸ ਪਹਿਲੇ ਸਥਾਨ ‘ਤੇ ਰਹੀ ਜਦਕਿ ਰੇਲ ਕੋਚ ਫੈਕਟਰੀ ਕਪੂਰਥਲਾ ਦੂਜੇ ਸਥਾਨ ‘ਤੇ ਰਹੀ।ਅੰਡਰ 20 ਸਾਲ ਲੜਕੇ ਵਿੱਚ ਪਟਿਆਲੇ ਦੇ ਖਿਡਾਰੀ ਪਹਿਲੇ ਅਤੇ ਤਰਨਤਾਰਨ ਦੇ ਨੌਜਵਾਨ ਦੁਜੇ ਸਥਾਨ ‘ਤੇ ਰਹੇ।
ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸੂਬੇ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤੀ। ਉਨਾਂ ਨਾਲ ਹਲਕਾ ਕਾਦੀਆਂ ਦੇ ਵਿਧਾਇਕ ਅਤੇ ਜ਼ਿਲਾ ਅਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਐੱਸ.ਡੀ.ਐਮ ਬਟਾਲਾ ਬਲਵਿੰਦਰ ਸਿੰਘ, ਏ.ਆਰ ਸ਼ਰਮਾ, ਰਾਮ ਪ੍ਰਤਾਪ ਸਿੰਘ, ਗੁਰਸ਼ਰਨ ਸਿੰਘ ਅਤੇ ਰਛਪਾਲ ਸਿੰਘ ਵੀ ਹਾਜ਼ਰ ਸਨ।