ਆਪਣੇ ਘਰਾਂ ਤੋਂ ਹੀ ਸ਼ੁਰੂ ਕਰੋ ਸਫਾਈ ਮੁਹਿੰਮ – ਬਰਾੜ
ਫਾਜਿਲਕਾ , 2 ਅਕਤੂਬਰ ( ਵਿਨੀਤ ਅਰੋੜਾ ): ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਦੇ ਸੱਦੇ ਅਨੁਸਾਰ ਅਤੇ ਪੰਜਾਬ ਸਰਕਾਰ ਵੱਲੋਂ ਸੂੁਬੇ ਨੂੰ ਸਾਫ ਸੁਥਰਾ ਕਰਨ ਦੇ ਸੰਕਲਪ ਤਹਿਤ ਮਹਾਤਮਾਂ ਗਾਂਧੀ ਦੇ ਜਨਮਦਿਨ ਮੌਕੇ ਜਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਦਾ ਆਯੋਜਨ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਐਸ.ਕੇ.ਬੀ. ਡੀ.ਏ. ਵੀ. ਸਕੂਲ ਫਾਜਿਲਕਾ ਵਿਖੇ ਆਯੋਜਿਤ ਕੀਤਾ ਗਿਆ । ਜਿਸ ਵਿਚ ਸਮੂੰਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਵੱਡੀ ਗਿਣਤੀ ਵਿਚ ਭਾਗ ਲਿਆ ।
ਇਸ ਮੌਕੇ ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਨੇ ਸਭ ਨੂੰ ਸਫਾਈ ਰੱਖਣ ਦਾ ਪ੍ਰਣ ਦਿਵਾਉਂਦਿਆਂ ਕਿਹਾ ਕਿ ਅੱਜ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਪੂਰੇ ਦੇਸ਼ ਵਿਚ ਇਕ ਸੰਕਲਪ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਹਾਜ਼ਰੀਨ ਨੂੰ ਸਵੱਛਤਾ ਸੁਗੰਧ ਚੁਕਾਈ ਕਿ ਅਸੀਂ ਸਾਫ ਸਫਾਈ ਲਈ ਹਰ ਸਾਲ 100 ਘੰਟੇ ਭਾਵ ਹਰ ਹਫਤੇ 2 ਘੰਟੇ ਸਾਫ ਸਫਾਈ ਕਰਕੇ ਸਫਾਈ ਦੇ ਪ੍ਰਣ ਨੂੰ ਪੂਰਾ ਕਰਾਂਗੇ ਅਤੇ ਦੇਸ਼ ਵਿਚ ਸਾਫ ਸਫਾਈ ਰੱਖਾਂਗੇ ਅਤੇ ਗੰਦਗੀ ਨਹੀਂ ਫੈਲਾਵਾਂਗੇ । ਅਸੀਂ ਸਭ ਤੋਂ ਪਹਿਲਾਂ ਆਪਣੇ ਆਪ ਤੋਂ,ਆਪਣੇ ਪਰਿਵਾਰ ਤੋਂ,ਆਪਣੇ ਮੁਹੱਲੇ ਤੋ ਅਤੇ ਆਪਣੇ ਕਾਰਜ ਸਥਾਨ ਤੋਂ ਸਫਾਈ ਦੀ ਸ਼ੁਰੂਆਤ ਕਰਾਂਗੇ ।ਉਨ੍ਹਾ ਕਿਹਾ ਕਿ ਅਸੀ ਸਾਰੇ ਜਾਣਦੇ ਕਿ ਦੁਨੀਆ ਦੇ ਉਹੀ ਦੇਸ਼ ਸਾਫ ਸੁਥਰੇ ਹਨ ਜਿਨ੍ਹਾਂ ਦੇ ਨਾਗਰਿਕ ਸਾਫ ਸਫਾਈ ਪਸੰਦ ਹਨ ਸੋ ਸਾਨੂੰ ਵੀ ਚਾਹੀਦਾ ਹੈ ਕਿ ਅਸੀ ਪਿੰਡ-ਪਿੰਡ ਗਲੀ-ਗਲੀ ਸਫਾਈ ਮੁਹਿੰਮ ਦਾ ਪ੍ਰਚਾਰ ਕਰੀਏ ਅਤੇ ਲਗਾਤਾਰ ਕਰਦੇ ਰਹੀਏ ।ਅਸੀ ਇਹ ਵੀ ਵਚਨ ਲੈਂਦੇ ਹਾਂ ਕਿ ਇਹ ਸਹੁੰ ਹੋਰ ਸੋ ਵਿਅਕਤੀਆਂ ਨੂੰ ਵੀ ਦਵਾਵਾਂਗੇ ਜਿਹੜੇ ਹਰ ਸਾਲ 100 ਘੰਟੇ ਸਾਫ ਸਫਾਈ ਦੇ ਕੰੰਮ ਵਿਚ ਲਗਾਉਣਾ ਯਕੀਨੀ ਬਣਾਉਣਗੇ।
ਉਨ੍ਹਾਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸਵੱਛ ਸ਼ਪਥ’ ਦਾ ਸ਼ਾਬਦਿਕ ਰੂਪ ਵਿੱਚ ਹੀ ਅਨੁਸਰਣ ਨਾ ਕੀਤਾ ਜਾਵੇ ਬਲਕਿ ਇਸ ਨੂੰ ਅਮਲੀ ਰੂਪ ਵਿੱਚ ਵੀ ਅਪਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਦੇਸ਼ ਵਾਸੀ ਇਸ ਮੁਹਿੰਮ ਵਿੱਚ ਆਪੋ-ਆਪਣਾ ਯੋਗਦਾਨ ਪਾਵਾਂਗੇ ਤਾਂ ਬਿਨਾਂ ਸ਼ੱਕ ਮਿੱਥੇ ਸਮੇਂ ਤੋਂ ਪਹਿਲਾਂ ਹੀ ਕਲਪਿਤ ਕੀਤੇ ‘ਸਵੱਛ ਭਾਰਤ’ ਦੀ ਤਸਵੀਰ ਸਾਡੇ ਸਾਹਮਣੇ ਸਾਕਾਰ ਰੂਪ ਵਿੱਚ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚਾਹੇ ਸਰਕਾਰੀ ਥਾਂ ਹੋਵੇ ਜਾਂ ਨਿੱਜੀ, ਹਰ ਵਿਅਕਤੀ ਨੂੰ ਆਪ-ਆਪਣੀ ਜ਼ਿੰਮੇਂਵਾਰੀ ਨਿਭਾਉਣੀ ਪਵੇਗੀ ਅਤੇ ਜਨਤਕ ਥਾਂਵਾਂ ‘ਤੇ ਕੂੜਾ-ਕਰਕਟ ਸੁੱਟਣ ਦੀਆਂ ਆਦਤਾਂ ਬਦਲਣੀਆਂ ਪੈਣਗੀਆਂ ਅਤੇ ਇਹ ਬਦਲੀਆਂ ਆਦਤਾਂ ਹੀ ਸਾਡੀ ਸੱਚੀ ਦੇਸ ਭਗਤੀ ਹੋਣਗੀਆਂ। ਉਨ੍ਹਾਂ ਕਿਹਾ ਕਿ ਸਫਾਈ ਦੀ ਸ਼ੁਰੂਆਤ ਸਾਡੇ ਘਰਾਂ ਤੋਂ ਹੀ ਹੁੰਦੀ ਹੈ ਤੇ ਸਾਨੂੰ ਆਪਣੇ ਘਰਾਂ, ਪਖਾਣੀਆਂ ਦੇ ਆਲੇ ਦੁਆਲੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਰੋਜਮਰਾਂ ਦੇ ਜੀਵਨ ਵਿਚ ਪ੍ਰਤੀਬੰਧਿਤ ਪੋਲੀਥੀਨ ਦੀ ਵਰਤੋਂ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੇ ਰਹਿਨ ਸਹਿਨ ਦਾ ਤਰੀਕਾ ਇਸ ਤਰਾਂ ਦਾ ਹੋਵੇ ਕਿ ਗੰਦਗੀ ਨਾ ਫੈਲੇ। ਉਨ੍ਹਾਂ ਨੇ ਕਚਰੇ ਦੇ ਨਿਪਟਾਰੇ ਲਈ ਕੁਦਰਤੀ ਅਤੇ ਵਿਗਿਆਨਕ ਤਰੀਕੇ ਇਸਤੇਮਾਲ ਕਰਨ ਦੀ ਸਲਾਹ ਦਿੰਦਿਆਂ ਸਭ ਨੂੰ ਇਸ ਅਭਿਆਨ ਵਿਚ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਸ: ਕੁਲਪ੍ਰੀਤ ਸਿੰਘ, ਸ਼੍ਰੀ ਸੁਭਾਸ਼ ਖਟਕ ਐਸ.ਡੀ.ਐਮ., ਸ੍ਰੀ ਗੁਰਮੀਤ ਸਿੰਘ ਐਸ.ਪੀ., ਡਾ. ਬਲਜੀਤ ਸਿੰਘ ਸਿਵਲ ਸਰਜਨ ਫਾਜਿਲਕਾ , ਸ਼੍ਰੀ ਪਰਮਜੀਤ ਸਿੰਘ ਸਹੋਤਾ ਡੀ.ਆਰ.ਓ. , ਸ਼੍ਰੀ ਗਗਨੇਸ਼ ਕੁਮਾਰ ਡੀ.ਐਸ.ਪੀ., ਸ਼੍ਰੀ ਡੀ.ਪੀ.ਪਾਂਡੇ ਤਹਿਸੀਲਦਾਰ ਫਾਜਿਲਕਾ, ਸ਼੍ਰੀ ਰਾਕੇਸ਼ ਸਹਿਗਲ, ਸ਼੍ਰੀ ਮਨੋਜ ਤ੍ਰਿਪਾਠੀ ਮੰਡਲ ਪ੍ਰਧਾਨ ਬੀ.ਜੇ.ਪੀ, ਸ਼੍ਰੀ ਰਾਜ ਕਿਸ਼ੋਰ ਕਾਲੜਾ ਅਤੇ ਸ. ਗੁਰਪ੍ਰੀਤ ਸਿੰਘ (ਲਵਲੀ ਕਾਠਪਾਲ) ਆਦਿ ਵੀ ਮੌਜੂਦ ਸਨ ।