ਕਿਸਾਨ ਸੰਜੀਵ ਨਾਗਪਾਲ ਵੱਲੋਂ ਕਿਸਾਨਾਂ ਨੂੰ ਇਸ ਪਾਸੇ ਮੁੜਨ ਦਾ ਸੱਦਾ
ਮੱਛੀ ਪਾਲਣ ਧੰਦਾ ਦੀ ਜਾਣਕਾਰੀ ਦਿੰਦੇ ਸੰਜੀਵ ਨਾਗਪਾਲ
ਫਾਜਿਲਕਾ, 3 ਅਕਤੂਬਰ (ਵਿਨੀਤ ਅਰੋੜਾ) – ਰਾਜ ਦੇ ਦੱਖਣੀ-ਪੱਛਮੀ ਹਿੱਸੇ ਦੇ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ, ਫਰੀਦਕੋਟ ਵਿਚ ਖੇਤੀ ਲਈ ਸਰਹੰਦ ਨਹਿਰ ਦਾ ਪਾਣੀ ਵਰਤਿਆ ਜਾਂਦਾ ਹੈ। ਜਿਸ ਕਰਕੇ ਇਸ ਇਲਾਕੇ ਦੇ ਕਈ ਹਿੱਸਿਆਂ ਵਿਚ ਪਾਣੀ ਕਾਫ਼ੀ ਮਾਤਰਾ ਵਿਚ ਇੱਕਠਾ ਹੋ ਜਾਂਦਾ ਹੈ ਅਤੇ ਇਸ ਪਾਣੀ ਵਿਚ ਨਮਕ ਅਤੇ ਮਿੱਟੀ ਵਿਚ ਨਮਕ ਹੋਣ ਕਾਰਨ ਜ਼ਮੀਨਾਂ ਖਾਰੀਆਂ ਹੋ ਜਾਂਦੀਆਂ ਹਨ। ਜਿਸ ਕਰਕੇ ਇਲਾਕੇ ਵਿਚੋਂ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਹੋ ਰਿਹਾ। ਜਿਸ ਕਾਰਨ ਮਿੱਟੀ ਵਿਚ ਨਮਕ ਦੀ ਮਾਤਰਾ ਵੱਧ ਜਾਂਦੀ ਹੈ। ਜਿਸ ਦੇ ਨਾਲ ਖੇਤਾਂ ਵਿਚ ਫ਼ਸਲਾਂ ਨੂੰ ਵੱਡੀ ਮਾਤਰਾ ਵਿਚ ਨੁਕਸਾਨ ਹੁੰਦਾ ਹੈ। ਲਗਭਗ ਦੋ ਲੱਖ ਤੋਂ ਵੱਧ ਕਿਸਾਨ ਜ਼ਮੀਨਾਂ ਖਾਰੀਆਂ ਹੋਣ ਕਾਰਨ ਆਪਣੀ ਰੋਜੀ ਰੋਟੀ ਲਈ ਦਿਹਾੜੀ ਕਰਨ ਲਈ ਮਜ਼ਬੂਰ ਹਨ। ਵਾਤਾਵਰਣ ਵਿਚ ਬਦਲਾਅ ਅਤੇ ਤਾਪਮਾਨ ਦੇ ਵਾਧੇ ਕਾਰਨ ਪਾਣੀ ਦੀ ਸਮੱਸਿਆ ਹੋਰ ਵੱਧ ਗਈ ਹੈ। ਜਿਸ ਕਰਕੇ ਪੰਜਾਬ ਦੇ ਸੈਂਕੜੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜਮੀਨਾਂ ਸੇਮ ਦੀ ਮਾਰ ਹੇਠ ਆ ਗਈਆਂ ਹਨ। ਪਰ ਪੰਜਾਬ ਸਰਕਾਰ ਵੱਲੋਂ ਸੇਮ ਦੇ ਖਾਤਮੇ ਲਈ ਕੋਈ ਮੁਕੰਮਲ ਪ੍ਰਬੰਧ ਨਹੀਂ ਕੀਤੇ ਜਾ ਰਹੇ। ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ ਅਤੇ ਫਰੀਦਕੋਟ ਦੀ ਲਗਭਗ 5 ਹਜ਼ਾਰ ਹੈਕਟੇਅਰ ਤੇ ਸੇਮ ਦਾ ਪਾਣੀ ਭਰ ਚੁੱਕਾ ਹੈ ਅਤੇ ਇਸ ਤੋਂ ਇਲਾਵਾ 50 ਹਜ਼ਾਰ ਹੈਕਟੇਅਰ ਕਲੱਰ ਦੀ ਮਾਰ ਹੇਠ ਆ ਚੁੱਕੀ ਹੈ। ਸੇਮ ਦੀ ਵੱਧ ਰਹੀ ਮਾਰ ਨੂੰ ਰੋਕਣ ਲਈ ਗੁਰੂ ਅਗੰਦ ਦੇਵ ਵੈਟਰਨਰੀ ਅਤੇ ਐਨੀਮਨ ਸਾਇੰਸ ਯੂਨੀਵਰਸਿਟੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਫਾਜ਼ਿਲਕਾ ਦੇ ਕਿਸਾਨ ਸੰਜੀਵ ਨਾਗਪਾਲ ਵੱਲੋਂ 2011 ਵਿਚ ਖਾਰੇ ਪਾਣੀ ਵਿਚ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਗਿਆ ਜਿਹੜਾ ਕਿ ਅੱਜ ਕਾਮਯਾਬ ਹੋ ਕੇ ਬੁਲੰਦੀਆਂ ਛੂਹ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਡਵਾਸੂ ਤੋਂ ਆਏ ਡਾ. ਪ੍ਰਭਜੀਤ ਸਿੰਘ ਅਤੇ ਡਾ. ਸ਼ਾਤਾਂ ਗੌੜਾ ਨੇ ਦੱਸਿਆ ਕਿ ਜ਼ਮੀਨ ਹੇਠਲੇ ਖਾਰੇ ਪਾਣੀ ਨੂੰ ਇੱਕਠਾ ਕਰਕੇ ਤਿੰਨ ਫੁੱਟ ਡੂੰਘੇ ਅਤੇ ਦੋ ਫੁੱਟ ਉੱਚ ਮੱਛੀ ਫਾਰਮ ਬਣਾਏ ਗਏ ਸਨ। ਜਿਸ ਵਿਚ ਵਿਨਾਮੀ ਅਤੇ ਪੰਗਾਸ ਮੱਛੀਆਂ ਛੱਡੀਆਂ ਗਈਆਂ ਜੋ ਕਿ ਖਾਰੇ ਪਾਣੀ ਵਿਚ ਰਹਿੰਦੀਆਂ ਹੋਈਆਂ ਆਪਣੇ ਉਪਰੋਂ ਕੈਲਸ਼ੀਅਮ ਸੈੱਲ ਛੱਡਦੀਆਂ ਹਨ। ਜਿਸ ਨਾਲ ਖਾਰਾ ਪਾਣੀ ਹਲਕਾ ਹੋ ਜਾਂਦਾ ਹੈ। ਜੋ ਉਪਰ ਆ ਜਾਂਦਾ ਹੈ। ਇਸ ਖਾਰੇ ਪਾਣੀ ਨੂੰ ਮਸ਼ੀਨਾ ਰਾਹੀਂ ਚੁੱਕ ਲਿਆ ਜਾਂਦਾ ਹੈ ਜਿਸ ਨੂੰ ਕਿਸਾਨਾਂ ਕੋਲੋਂ ਖਰੀਦ ਕੇ ਇੱਕਠੀ ਕੀਤੀ ਪਰਾਲੀ ਵਿਚ ਮਿਲਾਇਆ ਜਾਂਦਾ ਹੈ। ਮੱਛੀ ਫਾਰਮ ਵਿਚੋਂ ਕੱਢੇ ਪਾਣੀ ਵਿਚ ਨਾਈਟ੍ਰੋਜਨ ਦੀ ਮਾਤਰਾ ਵੱਧ ਹੋਣ ਕਾਰਨ ਪਰਾਲੀ ਨੂੰ ਗਾਲਣ ਦਾ ਕੰਮ ਕੀਤਾ ਜਾਂਦਾ ਹੈ, ਜਿਸ ਨਾਲ ਖਾਸ ਕਿਸਮ ਦੀ ਦੇਸੀ ਕੰਪੋਸਟ ਖਾਦ ਤਿਆਰ ਹੁੰਦੀ ਹੈ। ਜੋ ਕਿ ਫ਼ਸਲਾਂ ਵਿਚ ਵਰਤੀ ਜਾਂਦੀ ਹੈ। ਜਿਸ ਨਾਲ ਫ਼ਸਲਾਂ ਦਾ ਝਾੜ ਵੱਧ ਜਾਂਦਾ ਹੈ ਅਤੇ ਫ਼ਸਲਾਂ ਵੀ ਵਧੀਆ ਮਾਤਰਾ ਵਿਚ ਤਿਆਰ ਹੁੰਦੀਆਂ ਹਨ ਉਨ੍ਹਾਂ ਦੱਸਿਆ ਕਿ ਇਸ ਦੁਆਰਾ ਤਿਆਰ ਹੋਈ ਆਰਗੈਨਿਕ ਖਾਦ ਨੂੰ ਮਸ਼ਰੂਮ ਦੀ ਖੇਤੀ ਲਈ ਵਰਤਿਆ ਜਾਂਦਾ ਹੈ। ਜਿਸ ਨਾਲ ਵੱਡੀ ਮਾਤਰਾ ਵਿਚ ਕੀਟਨਾਸ਼ਕ ਤੋਂ ਬਚਾਅ ਹੁੰਦਾ ਹੈ। ਝਾੜ ਵੀ ਵੀ ਵੱਧ ਹੁੰਦਾ ਹੈ। ਖਾਰੇ ਪਾਣੀ ਅਤੇ ਖਾਦ ਨੂੰ ਮਿਕਸ ਦੌਰਾਨ ਤਿਆਰ ਹੀ ਗੈਸ ਤੋਂ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜੋ ਕਿ ਪਾਵਰ ਕਾਰਪੋਰੇਸ਼ਨ ਨੂੰ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਿਰਲੋਸਕਰ ਦੀ ਮਦਦ ਨਾਲ ਇਸ ਗੈਸ ਨਾਲ ਟਰੈਕਟਰ ਅਤੇ ਕਾਰਾਂ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖਾਰੇ ਪਾਣੀ ਨਾਲ ਬਣਾਏ ਮੱਛੀ ਫਾਰਮਾਂ ਨਾਲ ਜਿੱਥੇ ਜ਼ਮੀਨ ਵਿਚ ਸੇਮ ਖਤਮ ਹੁੰਦੀ ਹੈ। ਉੱਥੇ ਨਾਲ ਹੀ ਇਕ ਕਿਸਾਨ ਨੂੰ ਇਕ ਕਿੱਲੇ ਵਿਚ ਮੱਛੀ ਫਾਰਮ ਤੋਂ ਲਗਭਗ 3 ਲੱਖ ਰੁਪਇਆ ਸਾਲ ਦਾ ਸਲਾਨਾਂ ਮੁਨਾਫ਼ਾ ਹੋਵੇਗਾ। ਉਨ੍ਹਾਂ ਨਾਲ ਹੀ ਮਾਲਵੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਰੇਕ ਪਿੰਡ ਵਿਚ ਦੋ ਤੋਂ ਤਿੰਨ ਮੱਛੀ ਫਾਰਮ ਬਣਾਉਣ ਤਾਂ ਜੋ ਕਿ ਸੂਬੇ ਵਿਚ ਸੇਮ ਦਾ ਖਾਤਮੇ ਨਾਲ ਨਾਲ ਆਰਥਿਕ ਤੰਗੀ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਫਾਜ਼ਿਲਕਾ ਵਿਚ ਲੱਗਿਆ ਇਹ ਸਪੂਰਨ ਐਗਰੀ ਐਂਡਵੈਂਚਰ ਪਲਾਂਟ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਗਿਆ ਹੈ। ਜਿਸ ਵਿਚ ਤਿਆਰ ਕੀਤੀ ਗਈ ਮੱਛੀਆਂ ਦੀ ਪਹਿਲੀ ਖੇਪ ਅੱਜ ਦੁਬਈ ਲਈ ਰਵਾਨਾ ਕੀਤੀ ਜਾ ਰਹੀ ਹੈ। ਇਸ ਮੌਕੇ ਸਪੂਰਨ ਐਗਰੀਐਂਡਵਚਰ ਦੇ ਐਮਡੀ ਸੰਜੀਵ ਨਾਗਪਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਿੱਤੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹੱਈਆ ਕਰਵਾਵੇ ਤਾਂ ਕਿ ਇਹ ਪਲਾਂਟ ਹਰੇਕ ਪਿੰਡ ਲੱਗ ਸਕਣ। ਉਨ੍ਹਾਂ ਦੱਸਿਆ ਕਿ ਇਹ ਹਿੰਦੁਸਤਾਨ ਦਾ ਪਹਿਲਾ ਅਤੇ ਦੁਨੀਆਂ ਦਾ ਦੂਜਾ ਪ੍ਰਾਜੈਕਟ ਹੈ। ਪਹਿਲਾ ਇੰਜਰਾਇਲ ਅਤੇ ਹੁਣ ਪੰਜਾਬ ਵਿਚ ਸ਼ੁਰੂ ਕੀਤਾ ਗਿਆ ਹੈ।
ਕੈਪਸ਼ਨ : ਮੱਛੀ ਪਾਲਣ ਧੰਦਾ ਦੀ ਜਾਣਕਾਰੀ ਦਿੰਦੇ ਸੰਜੀਵ ਨਾਗਪਾਲ