ਖਿਡਾਰੀਆਂ ਨੂੰ ਅਲਾਟ ਸੈਂਟਰਾਂ ‘ਤੇ ਅਭਿਆਸ ਕਰਨਾ ਲਾਜ਼ਮੀ – ਡੀ.ਐਸ.ਓ ਰਿਆੜ
ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2020-21 ਦੇ ਸ਼ੈਸ਼ਨ ਲਈ ਸਪੋਰਟਸ ਵਿੰਗਜ ਸਕੂਲ ਡੇ-ਸਕਾਲਰ ਵਿੱਚ ਅੰਡਰ-14,17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਰੱਖੇ ਗਏ ਚੋਣ ਟਰਾਇਲ ਸਿਲਸਿਲੇ ਤਹਿਤ ਖੇਡ ਵਿਭਾਗ ਦੇ ਜ਼ਿਲ੍ਹਾ ਬਾਕਸਿੰਗ ਕੋਚ ਜੇ.ਪੀ. ਸਿੰਘ ਦੀ ਅਗੁਵਾਈ ਵਿੱਚ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਕਸਿੰਗ ਰਿੰਗ ਵਿਖੇ ਲੜਕੇ ਲੜਕੀਆਂ ਦੇ ਟਰਾਇਲ ਲਏ ਗਏ। ਸੈਂਟਰ ਇੰਚਾਰਜ ਕੋਚ ਬਲਜਿੰਦਰ ਸਿੰਘ ਤੇ ਕੋਚ ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ ਸੰਪੰਨ ਹੋਈ ਇਸ ਚੋਣ ਟਰਾਇਲ ਪ੍ਰਕਿਰਿਆ ਦੇ ਦੌਰਾਨ ਵੱਖ -ਵੱਖ ਸਕੂਲਾਂ ਤੋਂ ਵੱਖ-ਵੱਖ ਭਾਰ ਤੇ ਉਮਰ ਵਰਗ ਦੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਮਿਤੀ: 12-02-2020 ਤੋਂ 13-02-2020 ਤੱਕ ਇਹ ਪ੍ਰਕਿਰਿਆ ਪੂਰੀ ਕਰਵਾਉਣ ਦੇ ਸਰਕਾਰੀ ਆਦੇਸ਼ਾਂ ਦਾ ਪਾਲਣ ਕੀਤਾ ਗਿਆ।ਉਨ੍ਹਾ ਦੱਸਿਆ ਕਿ ਖਾਲਸਾ ਕਾਲਜੀਏਟ ਸੀ.ਸੈਕੰ. ਸਕੂਲ ਅੰਮ੍ਰਿਤਸਰ ਵਿਖੇ ਖੇਡ: ਐਥਲੈਟਿਕਸ, ਹੈੱਡਬਾਲ, ਫੁੱਟਬਾਲ ਅਤੇ ਬਾਕਸਿੰਗ, ਗੋਲ ਬਾਗ ਕੁਸ਼ਤੀ ਸਟੇਡੀਅਮ ਅੰਮ੍ਰਿਤਸਰ ਵਿਖੇ ਖੇਡ ਕੁਸਤੀ, ਜਿਮਨਾਸਟਿਕ, (ਲੜਕੇ-ਲੜਕੀਆਂ), ਗੁਰੂ ਅਮਰਦਾਸ ਸਕੂਲ ਅੰਮ੍ਰਿਤਸਰ ਵਿਖੇ ਖੇਡ ਜੂਡੋ ਅਤੇ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਖੇਡ ਹਾਕੀ ਦੇ ਟਰਾਇਲ ਲਏ ਗਏ ਜਦੋਂ ਕਿ ਤੈਰਾਕੀ ਪੁਲ ਅੰਮ੍ਰਿਤਸਰ ਵਿਖੇ ਖੇਡ ਤੈਰਾਕੀ ਦੇ ਟਰਾਇਲ ਮਿਤੀ: 6 ਅਪ੍ਰੈਲ ਨੂੰ ਲਏ ਜਾਣਗੇ।ਉਨ੍ਹਾਂ ਦੱਸਿਆ ਕਿ ਮਾਹਿਰ ਕੋਚਾਂ ਤੇ ਤਕਨੀਕਾਂ ਦੇ ਵੱਲੋਂ ਪੂਰੀ ਕੀਤੀ ਗਈ ਇਸ ਚੋਣ ਟਰਾਨਿ ਪ੍ਰਕਿਰਿਆ ਦੇ ਦੌਰਾਨ ਹਰੇਕ ਖਿਡਾਰੀ ਨੂੰ ਸਰਕਾਰ ਤੇ ਵਿਭਾਗੀ ਪੈਮਾਨੇ ਵਿੱਚ ਜਾਂਚਿਆ ਪਰਖਿਆ ਗਿਆ ਹੈ ਅਤੇ ਚੁਣੇ ਗਏ ਖਿਡਾਰੀਆਂ ਨੂੰ ਅਲਾਟ ਹੋਏ ਸੈਂਟਰਾਂ ਦੇ ਵਿੱਚ ਅਭਿਆਸ ਕਰਨਾ ਲਾਜ਼ਮੀ ਹੋਵੇਗਾ ਤਾਂ ਹੀ ਉਹ ਸਰਕਾਰ ਤੇ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਨਿੱਘ ਮਾਨ ਸਕਣਗੇ।ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਹਰੇਕ ਨਿਯਮਾਂਵਾਲੀ ਨੂੰ ਯਕੀਨੀ ਬਣਾਇਆ ਜਾਵੇਗਾ।ਉਨ੍ਹਾਂ ਸਮੂਹਿਕ ਖਿਡਾਰੀਆਂ ਅਤੇ ਕੋਚਾਂ ਦਾ ਧੰਨਵਾਦ ਕੀਤਾ ਹੈ।