Friday, September 20, 2024

ਪੰਜਾਬੀ ਨੂੰ ਲਾਜ਼ਮੀ ਭਾਸ਼ਾ ਬਣਾਉਣ ਲਈ ਪੰਜਾਬ ਸਰਕਾਰ ਲਿਆ ਰਹੀ ਨਵਾਂ ਕਾਨੂੰਨ – ਉਚੇਰੀ ਸਿਖਿਆ ਮੰਤਰੀ

ਸਾਹਿਤ ਜਗਤ ਦੀਆਂ 11 ਸਖਸ਼ੀਅਤਾਂ ਦਾ ਸਨਮਾਨ
ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਪੰਜਾਬ ਦੇ ਉਚੇਰੀ ਸਿਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੀ ਪੰਜਾਬੀ PPNJ1802202018ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਵੱਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ।
ਉਹ ਅੱਜ ਪੰਜਾਬ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬੀ ਬੋਲੀ ਅਤੇ ਸਭਿਆਚਾਰ ਉਤਸਵ ਦੇ ਹਿੱਸੇ ਵਜੋਂ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ : ਵਰਤਮਾਨ ਚੁਨੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ `ਤੇ ਕਰਵਾਏ ਇਕ-ਦਿਨਾ ਕੌਮਾਂਤਰੀ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿਚ ਪੰਜਾਬੀ ਚਿੰਤਨ ਅਤੇ ਸਾਹਿਤ ਜਗਤ ਦੀਆਂ ਪ੍ਰਸਿੱਧ 11 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਡਾ. ਕਰਨੈਲ ਸਿੰਘ ਥਿੰਦ, ਡਾ. ਗੁਰਬਖ਼ਸ਼ ਸਿੰਘ ਫ਼ਰੈਂਕ, ਡਾ. ਮਨਮੋਹਨ, ਡਾ. ਰਵੇਲ ਸਿੰਘ, ਡਾ. ਜੋਗਿੰਦਰ ਸਿੰਘ ਕੈਰੋਂ, ਪ੍ਰੋ. ਕਿਰਪਾਲ ਕਜ਼ਾਕ, ਸ੍ਰੀ ਬਲਬੀਰ ਮਾਧੋਪੁਰੀ, ਮਨਮੋਹਨ ਬਾਵਾ, ਨਿਰਮਲ ਅਰਪਣ, ਸ੍ਰੀਮਤੀ ਬਚਿੰਤ ਕੌਰ ਅਤੇ ਸ੍ਰੀਮਤੀ ਸੁਰਿੰਦਰ ਨੀਰ ਸ਼ਾਮਿਲ ਸਨ।
             ਉਨ੍ਹਾਂ ਦਾ ਇਥੇ ਪੁੱਜਣ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਜਿਥੇ ਨਿੱਘਾ ਸਵਾਗਤ ਕੀਤਾ ਗਿਆ ਉਥੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹੋਰ ਖੇਤਰਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਸਾਰ ਅਤੇ ਪ੍ਰਚਾਰ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ `ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਪੰਜਾਬੀ ਹਨ। ਹਮੇਸ਼ਾ ਹੀ ਉਨ੍ਹਾਂ ਨੂੰ ਬਤੌਰ ਪੰਜਾਬੀ ਮਾਣ ਪ੍ਰਾਪਤ ਹੁੰਦਾ ਰਿਹਾ ਹੈ। ਪੰਜਾਬੀ ਵਿਚ ਗੱਲ ਕਰਨ `ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਿੰਨੀ ਖ਼ੂਬਸੂਰਤੀ ਨਾਲ ਅਸੀਂ ਮਾਂ ਬੋਲੀ ਵਿਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹਾਂ ਓਨੀ ਕਿਸੇ ਹੋਰ ਭਾਸ਼ਾ ਵਿਚ ਨਹੀਂ।
              ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਮਾਂ ਬੋਲੀ ਹਫਤੇ ਦਾ ਮਕਸਦ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਸਵੈ ਨੂੰ ਪੰਜਾਬੀ ਬੋਲੀ ਉਤੇ ਮਾਣ ਮਹਿਸੂਸ ਕਰਵਾਉਣਾ ਦੱਸਦਿਆਂ ਕਿਹਾ ਕਿ ਇਸ ਮੌਕੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 12 ਕਰੋੜ ਦੇ ਕਰੀਬ ਹੈ, 8 ਕਰੋੜ ਲੋਕ ਪਾਕਿਸਤਾਨ ਵਿਚ ਪੰਜਾਬੀ ਬੋਲਦੇ ਹਨ। ਭਾਰਤ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕਰੀਬ 3 ਕਰੋੜ ਹੈ। ਬਾਹਰਲੇ ਮੁਲਕਾਂ ਵਿਚ 1 ਕਰੋੜ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ। ਪੰਜਾਬੀ ਬੋਲਣ ਵਾਲੇ ਲੋਕ ਇਸ ਵੇਲੇ ਦੁਨੀਆਂ ਵਿਚ ਦਸਵੇਂ ਸਥਾਨ `ਤੇ ਹਨ। ਉਨ੍ਹਾਂ ਨੇ ਇਕ ਮਹਾਨ ਚਿੰਤਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕੋ ਇਕ ਅਜਿਹਾ ਗ੍ਰੰਥ ਹੈ ਜਿਹੜਾ ਕਿਸੇ ਵੇਲੇ ਸਾਰੀਆਂ ਦੁਨੀਆਂ ਦਾ ਧਰਮ ਗ੍ਰੰਥ ਹੋ ਸਕਦਾ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਪ੍ਰਫੁਲਤ ਕਰਨ ਲਈ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਸਰਕਾਰ ਦੇ ਪੱਧਰ `ਤੇ ਹੋਣ ਵਾਲੇ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਹਰੇਕ ਪੰਜਾਬੀ ਨੂੰ ਹਰ ਪੱਧਰ `ਤੇ ਪੰਜਾਬੀ ਬੋਲਣੀ ਅਤੇ ਲਿਖਣੀ ਚਾਹੀਦੀ ਹੈ ਭਾਵੇਂ ਕਿ ਅੰਗਰੇਜ਼ੀ ਬੋਲਣ ਅਤੇ ਲਿਖਣ ਨੂੰ ਸਿਆਣਪ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ।
            ਪੰਜਾਬੀ ਭਾਸ਼ਾ ਦੇ ਵਿਉਂਤਬੱਧ ਵਿਕਾਸ ਲਈ ਵਿਦਵਾਨਾਂ ਦੇ ਸੁਝਾਵਾਂ ਦੀ ਮੰਗ ਕਰਦਿਆਂ ਉਹਨਾਂ ਇਹ ਵੀ ਕਿਹਾ ਕਿ ਜੇਕਰ ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਪੰਜਾਬੀ ਭਾਸ਼ਾ ਦਾ ਵਹਿਣ ਵੀ ਉਸੇ ਤਰ੍ਹਾਂ ਹੀ ਸੁੱਕ ਜਾਵੇਗਾ ਜਿਵੇਂ ਸਾਡੇ ਦਰਿਆ ਸੁੱਕ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਪੰਜਾਬੀ ਭਾਸ਼ਾ ਵਿਚ ਕੰਮ ਕਰਨ ਨੂੰ ਕਾਨੂੰਨ ਬਣਾਇਆ ਹੋਇਆ ਹੈ ਅਤੇ ਹਰ ਸਾਲ ਸ਼੍ਰੋਮਣੀ ਐਵਾਰਡ ਵੀ ਦਿੱਤੇ ਜਾਂਦੇ ਹਨ। ਪੰਜਾਬ ਸਰਕਾਰ ਦੇ ਉਸ ਫੈਸਲੇ ਤੋਂ ਵੀ ਉਨ੍ਹਾਂ ਨੇ ਜਾਣੂ ਕਰਵਾਇਆ ਜਿਸ ਵਿਚ ਹਰੇਕ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਸਾਨਿੲ ਬੋਰਡਾਂ ਉਤੇ ਪੰਜਾਬੀ ਵਿਚ ਲਿਖਿਆ ਜਾਣਾ ਲਾਜ਼ਮੀ ਹੋ ਜਾਣਾ ਹੈ।
              ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਅਤੇ ਸੰਭਾਵਨਾਵਾਂ ਦੇ ਹਵਾਲਿਆਂ ਨਾਲ ਕਿਹਾ ਕਿ ਪੰਜਾਬੀ ਦੇ ਭਵਿੱਖ ਪ੍ਰਤੀ ਕੋਈ ਵੀ ਨਿਰਾਸ਼ਾ ਵਾਲੀ ਗੱਲ ਨਹੀਂ ਹੈ ਸਿਰਫ ਸੁਹਿਰਦਤਾ ਦੇ ਨਾਲ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜਿਵੇਂ ਪਾਕਿਸਤਾਨ ਦੇ ਵਿਚ ਪੰਜਾਬੀ ਭਾਸ਼ਾ ਪ੍ਰਤੀ ਲਗਾਅ ਹੈ, ਨੂੰ ਹੋਰ ਪ੍ਰਫੁਲਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਸੁਝਾਵਾਂ ਦੇ ਵਿਚ ਕਿਹਾ ਕਿ ਸਕੂਲੀ ਪੱਧਰ ਦੀ ਸਿਖਿਆ ਵਿਚ ਪੰਜਾਬ ਦੇ ਸਾਰੇ ਸਕੂਲ ਜਿਥੇ ਪੰਜਾਬੀ ਭਾਸ਼ਾ ਪੜ੍ਹਾਉਣ ਲਈ ਪਾਬੰਦ ਹੋਣੇ ਚਾਹੀਦੇ ਹਨ ਉਥੇ ਪੁਸਤਕ ਸਭਿਆਚਾਰ ਪ੍ਰਫੁਲਤ ਕਰਨ ਅਤੇ ਪੰਜਾਬੀ ਭਾਸ਼ਾ ਨੂੰ ਰੁਜ਼ਗਾਰਮੁਖੀ ਬਣਾਉਣ ਦੇ ਉਪਰਾਲੇ ਵੀ ਆਰੰਭ ਹੋਣੇ ਚਾਹੀਦੇ ਹਨ।
              ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਜਸਵਿੰਦਰ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਅਦਾਲਤਾਂ ਵਿਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਭਾਰਤ ਦਾ ਬਹੁ ਭਾਸ਼ਾਈ, ਬਹੁ-ਸਭਿਆਚਾਰ, ਬਹੁ-ਧਾਰਮਿਕ ਆਦਿ ਵਿਂਿਭੰਨਤਾਵਾਂ ਵਾਲਾ ਸਮਾਜ ਹੈ ਅਤੇ ਇਸ ਵਿਚ ਇਕ ਨੁਕਾਤੀ ਪ੍ਰੋਗਰਾਮ ਨਹੀਂ ਚੱਲ ਸਕਦਾ। ਉਨ੍ਹਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮਹਾਨ ਵਿਰਾਸਤ ਦੇ ਇਤਿਹਾਸਕ ਪਹਿਲੂਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬੀ ਮਾਨਵਵਾਦੀ ਸੁਭਾਅ ਦਾ ਲਿਖਾਇਕ ਹੈ ਅਤੇ ਪੰਜਾਬੀ ਸੁਭਾਅ ਦੇ ਅਨੁਸਾਰ ਹੀ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕੀਤਾ ਜਾਣਾ ਚਾਹੀਦਾ ਹੈ ਭਾਂਵੇਂ ਕਿ ਇਸ ਸਮੇਂ ਖੇਤਰੀ ਭਾਸ਼ਾਵਾਂ ਅਤੇ ਸਭਿਆਚਾਰ ਦਬਾਅ ਦੇ ਹੇਠ ਹੈ।
             ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਐਡੀਸ਼ਨਲ ਡਾਇਰੈਕਟਰ, ਡਾ. ਮਨਮੋਹਨ ਜੋ ਕਿ ਉਦਘਾਟਨੀ ਸੈਸ਼ਨ ਵਿਚ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ, ਨੇ ਸਿਵਲ ਸੇਵਾਵਾਂ ਪ੍ਰੀਖਿਆਵਾਂ ਵਿਚ ਪੰਜਾਬ ਦੇ ਵਿਦਿਆਰਥੀਆਂ ਦੇ ਘੱਟ ਸਫਲ ਹੋਣ ਦੇ ਨੁਕਤੇ ਨੂੰ ਉਠਾਉਂਦਿਆਂ ਯੂਨੀਵਰਸਿਟੀਆਂ ਅਤੇ ਪੰਜਾਬ ਸਰਕਾਰ ਦੇ ਪੱਧਰ `ਤੇ ਕੀਤੇ ਜਾਣ ਵਾਲੇ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਸਮੇਂ ਸਰੋਤ ਸਮੱਗਰੀ, ਹਵਾਲਾ ਸਮੱਗਰੀ ਅਤੇ ਅਨੁਵਾਦ ਸਮੱਗਰੀ ਦੀ ਬਹੁਤ ਘਾਟ ਹੈ। ਇਸ ਨੂੰ ਵਿਦਿਆਰਥੀਆਂ ਲਈ ਆਸਾਨ ਪੰਜਾਬੀ ਭਾਸ਼ਾ ਵਿਚ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ।
ਡੀਨ ਵਿਦਿਅਕ ਮਾਮਲੇ, ਪ੍ਰੋ. ਐਸ.ਐਸ. ਬਹਿਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਿਦਵਾਨਾਂ ਵੱਲੋਂ ਜੋ ਵੀ ਸੁਝਾਅ ਦਿੱਤੇ ਗਏ ਹਨ, ਉਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਹਰ ਪੱਧਰ `ਤੇ ਕੋਸ਼ਿਸ ਕਰੇਗੀ। ਇਸ ਮੌਕੇ ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੋਂ ਇਲਾਵਾ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਉਦਘਾਟਨੀ ਸੈਸ਼ਨ ਵਿਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਦਰਿਆ ਨੇ ਕਾਨਫ਼ਰੰਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਇਸ ਸਮੇਂ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਉਹਨਾਂ ਕਿਹਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪੇਸ਼ ਚੁਨੌਤੀਆਂ ਦਾ ਹੱਲ ਕੱਢਣ ਲਈ ਹੀ ਇਹ ਕਾਨਫ਼ਰੰਸ ਆਯੋਜਿਤ ਕੀਤੀ ਗਈ ਹੈ। ਡਾ. ਮਨਜਿੰਦਰ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਸਨਮਾਨਿਤ ਹੋਣ ਵਾਲੀਆਂ ਸਖਸ਼ੀਅਤਾਂ ਦੇ ਜੀਵਨ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਯੋਗਦਾਨ ਬਾਰੇ ਦੱਸਿਆ।
                  ਕਾਨਫ਼ਰੰਸ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਪਰਮਜੀਤ ਸਿੰਘ ਸਿੱਧੂ (ਸਾਬਕਾ ਪ੍ਰੋਫ਼ੈਸਰ ਤੇ ਮੁਖੀ, ਪੰਜਾਬੀ ਅਧਿਐਨ ਸਕੂਲ) ਅਤੇ ਪ੍ਰੋਫ਼ੈਸਰ ਰਵੇਲ ਸਿੰਘ (ਦਿੱਲੀ ਯੂਨੀਵਰਸਿਟੀ, ਦਿੱਲੀ) ਨੇ ਕੀਤੀ। ਇਸ ਸੈਸ਼ਨ ਵਿਚ ਡਾ. ਸੁਰਜੀਤ ਸਿੰਘ, ਡਾ. ਕਰਮਜੀਤ ਸਿੰਘ, ਡਾ. ਪਰਮਜੀਤ ਸਿੰਘ ਢੀਂਗਰਾ ਅਤੇ ਡਾ. ਪਰਵੀਨ ਕੁਮਾਰ ਨੇ ਖੋਜ-ਪੱਤਰ ਪ੍ਰਸਤੁਤ ਕੀਤੇ।ਕਾਨਫ਼ਰੰਸ ਦੀ ਪੈਨਲ ਡਿਸਕਸ਼ਨ ਦੀ ਪ੍ਰਧਾਨਗੀ ਡਾ. ਧਨਵੰਤ ਕੌਰ ਅਤੇ ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ ਨੇ ਕੀਤੀ। ਵਿਚਾਰ ਚਰਚਾ ਵਿਚ ਡਾ. ਮਨਮੋਹਨ, ਡਾ. ਰਾਜ ਕੁਮਾਰ ਹੰਸ, ਬਲਜੀਤ ਰੈਣਾ, ਡਾ. ਰਵਿੰਦਰ ਸਿੰਘ ਅਤੇ ਸ. ਚਰਨ ਸਿੰਘ ਨੇ ਹਿੱਸਾ ਲਿਆ।ਡਾ. ਰਮਿੰਦਰ ਕੌਰ, ਡਾ. ਮੇਘਾ ਸਲਵਾਨ, ਪ੍ਰੋ. ਜਸਵੰਤ ਸਿੰਘ, ਮੁਖਤਾਰ ਗਿੱਲ, ਜਗਤਾਰ ਗਿੱਲ, ਡਾ. ਸੁਰਜੀਤ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੇ ਕਾਲਜਾਂ ਦੇ ਅਧਿਆਪਕ, ਅੰਮ੍ਰਿਤਸਰ ਦੇ ਪ੍ਰਮੁੱਖ ਸਾਹਿਤਕਾਰ, ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …