ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਖੇਤੀ ਅਪਣਾਉਣ ਦਾ ਸੱਦਾ, ਪਿੰਡ ਸੇਲਬਰਾਹ ਵਿੱਚ ਹੋਇਆ ਸਮਾਗਮ

ਬਠਿੰਡਾ, 04 ਅਕਤੂਬਰ (ਅਵਤਾਰ ਸਿੰਘ ਕੈਂਥ/ ਸੰਜੀਵ ਸਰਮਾਂ)-ਅੱਜ ਪਿੰਡ ਸੇਲਬਰਾਹ ਵਿਖੇ ਖੇਤੀ ਵਿਰਾਸਤ ਮਿਸ਼ਨ ਜੈਤੋ ਵਲੋਂ ਕਿਸਾਨਾਂ ਨੂੰ ਕੁਦਰਤੀ, ਖੇਤੀ ਲਈ ਉਤਸਾਹਿਤ ਕਰਨ ਲਈ ਪ੍ਰੋਗਰਾਮ ਕੀਤਾ ਗਿਆ ਇਸ ਵਿਚ ਲਗਭਗ 120 ਕਿਸਾਨਾਂ ਨੇ ਭਾਗ ਲਿਆ। ਪ੍ਰੋਗਰਾਮ ਦਾ ਪ੍ਰਬੰਧ ਸੇਵਾ ਮੁਕਤ ਹੈੱਡਮਾਸਟਰ ਹਰਭਜਨ ਸਿੰਘ ਸੇਲਬਰਾਹ ਨੇ ਕੀਤਾ । ਬੁਲਾਰਿਆਂ ਨੇ ਕਿਹਾ ਕਿ ਸਾਡੇ ਖਾਧ-ਪਦਾਰਥਾਂ ਵਿਚ ਖਤਰਨਾਕ ਜ਼ਹਿਰਾਂ ਕਾਫੀ ਵੱਧ ਮਾਤਰਾ ਵਿਚ ਪਾਈਆਂ ਜਾ ਰਹੀਆਂ ਹਨ ਜਿਸ ਦੇ ਚਲਦੇ ਕੈਂਸਰ, ਸ਼ੂਗਰ ਆਦਿ ਬਿਮਾਰੀਆਂ ਬਹੁਤ ਵੱਧ ਲੋਕਾਂ ਨੂੰ ਹੋ ਰਹੀਆਂ ਹਨ। ਕੁਦਰਤੀ ਖੇਤੀ ਕਰਨਾਂ ਹੀ ਖਾਧ- ਪਦਾਰਥਾਂ ਵਿਚਲੇ ਜ਼ਹਿਰ ਤੋਂ ਬਚਣ ਦਾ ਇਕੋ ਇੱਕ ਸਹੀ ਤੇ ਸਾਰਥਕ ਹੱਲ ਹੈ। ਅੱਜ ਦੇ ਸਮੇਂ ਭਾਰਤ ਦਾ ਸਿੱਕਮ ਰਾਜ ਪੂਰੀ ਤਰ੍ਹਾਂ ਕੀਟਨਾਸਕ ਜਹਿਰ ਮੁਕਤ ਖੇਤੀ ਕਰ ਰਿਹਾ ਹੈ। ਖੇਤੀ ਵਿਰਾਸਤ ਮਿਸ਼ਨ ਦੇ ਬੁਲਾਰੇ ਗੁਰਪ੍ਰੀਤ ਸਿੰਘ ਨੇ ਪ੍ਰੋਗਰਾਮ ਦੌਰਾਨ ਦੱਸਿਆ ਕਿ ਜ਼ਹਿਰੀਲੀ ਖੇਤੀ ਸਾਡੀ ਜਣਨ ਸਮਰਥਾਂ ਨੂੰ ਵੀ ਬਹੁਤ ਤੇਜ਼ੀ ਨਾਲ ਘਟਾ ਰਹੀ ਹੈ। ਉਹਨਾਂ ਦੱਸਿਆ ਕਿ ਜੇ ਪੂਰੀ ਕੁਦਰਤੀ ਖੇਤੀ ਕੀਤੀ ਜਾਵੇ ਤਾਂ ਕਿਸਾਨ ਦੀ ਬਜਾਰ ਉੱਤੇ ਨਿਰਭਰਤਾ ਬਿਲਕੁਲ ਖਤਮ ਹੋ ਜਾਂਦੀ ਹੈ। ਉਹਨਾਂ ਬੀਜ ਨੂੰ ਸੋਧਨ ਦਾ ਘਰੇਲੂ ਢੰਗ ਅਤੇ ਕਣਕਾਂ ਨੂੰ ਪਾਣੀ ਲਾਉਣ ਦਾ ਸਹੀ ਸਮਾਂ ਵੀ ਸਰੋਤਿਆਂ ਨੂੰ ਸਮਝਾਇਆ।ਕਿਸਾਨਾਂ ਦੁਆਰਾ ਕੀਟਨਾਸਕ ਜਹਿਰਾਂ ਦੀ ਵਰਤੋਂ ਦਾ ਮੁੱਖ ਕਾਰਨ ਉਹਨਾਂ ਨੇ ਖੇਤੀ ਦੇ ਗਲਤ ਢੰਗ ਤਰੀਕਿਆਂ ਦੀ ਵਰਤੋਂ ਅਤੇ ਕੀਟਨਾਸਕ ਜਹਿਰਾਂ ਦੇ ਗੁਮਰਾਹਕੁਨ ਪ੍ਰਚਾਰ ਨੂੰ ਦੱਸਿਆ । ਜਹਿਰਾਂ ਦੀ ਵਰਤੋਂ ਨਾਲ ਸਾਡੀ ਧਰਤੀ ਹਰ ਸਾਲ ਹੋਰ ਅਤੇ ਹੋਰ ਜਹਿਰੀਲੀ ਹੁੰਦੀ ਜਾ ਰਹੀ ਹੈ ਜਿਸ ਨਾਲ ਖਾਧ-ਪਦਾਰਥਾਂ ਵਿਚਲੇ ਜਹਿਰ ਵੀ ਸਾਲ ਦਰ ਸਾਲ ਵੱਧਦੇ ਜਾ ਰਹੇ ਹਨ। ਉਹਨਾਂ ਘਰ ਲਈ ਲੋਂੜੀਦੀ ਸਬਜ਼ੀ ਆਪਣੇ ਖੇਤ ਵਿਚ ਹੀ ਪੈਦਾ ਕਰਨ ਲਈ ਕਿਸਾਨਾਂ ਨੂੰ ਵਿਸ਼ੇਸ਼ ਤੋਰ ਤੇ ਉਤਸ਼ਾਹਿਤ ਕੀਤਾ। ਇਸ ਲਈ ਵੱਖਰੀ ਟਰੇਨਿੰਗ ਦਿੰਦੇ ਹੋਏ ਉਹਨਾਂ ਕਿਹਾ ਕਿ ਸਰਦੀਆਂ ਦੀਆਂ 25 ਤਰ੍ਹਾਂ ਦੀਆਂ ਸਬਜੀਆਂ ਨੂੰ ਸਿਰਫ 100 ਗਜ ਤੋਂ ਘੱਟ ਜਗਾ ਵਿਚ ਪੈਦਾ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਸਾਲ ਦਾ 40,000/-ਰੁਪੈ ਬਚਾਇਆ ਜਾ ਸਕਦਾ ਹੈ ਅਤੇ ਨਾਲ ਹੀ ਜਹਿਰੀਲੀਆਂ ਸਬਜੀਆਂ ਦੇ ਖਤਰਨਾਕ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਲਗਭਗ ਇਕ ਦਰਜਨ ਕਿਸਾਨਾਂ ਨੇ ਇਸ ਵਾਰੀ ਕਣਕ ਦੀ ਫਸਲ ਨੂੰ ਅੱਧੇ-ਅੱਧੇ ਕਿਲੇ ਵਿਚ ਕੁਦਰਤੀ ਖੇਤੀ ਦੇ ਢੰਗ ਨਾਲ ਕਰਕੇ ਵੇਖਣ ਦਾ ਫੈਸਲਾ ਕੀਤਾ। ਖੇਤੀ ਵਿਰਾਸਤ ਮਿਸ਼ਨ ਵਲੋਂ ਇਹਨਾਂ ਕਿਸਾਨਾਂ ਨੂੰ ਲਗਾਤਾਰ ਅਗਵਾਈ ਦਿੱਤੀ ਜਾਵੇਗੀ ।