ਖੇਡ ਮੰਤਰਾਲੇ ਵਲੋਂ ਕਰੋੜਾਂ ਰੁਪਏ ਦੇ ਫੰਡ ਰੱਖੇ ਰਾਖਵੇਂ – ਕਿਰਨ ਰਿਜ਼ਜੂ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਸੰਧੂ) – ਉੜੀਸਾ ਦੀ ਭੁਵਨੇਸ਼ਵਰ ਵਿਖੇ ਸਮਾਪਤ ਹੋਏ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2020 ਦੌਰਾਨ ਕਬੱਡੀ ਨੈਸ਼ਨਲ ਸਟਾਇਲ ਦਾ ਚੈਂਪੀਅਨ ਤਾਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿਰ ਸੱਜਿਆ ਹੈ। ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਸਪੋਰਟਸ ਪ੍ਰੋ. ਸੁਖਦੇਵ ਸਿੰਘ ਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਢਿੱਲੋਂ, ਇੰਚਾਰਜ਼ ਕੋਚ ਲਖਵੀਰ ਸਿੰਘ ਅਤੇ ਕੋਚ ਰਾਮ ਸਿੰਘ ਦੀ ਅਗਵਾਈ ‘ਚ ਯੂਨੀਵਰਸਿਟੀ ਦੀ ਪੁਰਸ਼ ਵਰਗ ਦੀ ਕਬੱਡੀ ਟੀਮ ਨੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਵਕਾਰੀ ਚੈਂਪੀਅਨ ਟ੍ਰਾਫੀ ‘ਤੇ ਕਬਜ਼ਾ ਜਮਾ ਲਿਆ ਹੈ।ਕੋਚ ਲਖਵੀਰ ਸਿੰਘ ਤੇ ਕੋਚ ਰਾਮ ਸਿੰਘ ਨੇ ਦੱਸਿਆ ਟੀਮ ਨੇ ਸਾਰੇ ਮੈਂਚਾਂ ਵਿੱਚ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਇਆ ਹੈ।ਜਿਸ ਦੌਰਾਨ ਪੂਲ-ਏ ਦੇ ਵਿੱਚ ਮੰਗਲੌਰ ਯੂਨੀਵਰਸਿਟੀ ਦੀ ਟੀਮ ਅੱਗੇ ਰਹੀ ਜਦੋਂ ਕਿ ਬੀ-ਪੂਲ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਮੋਹਰੀ ਰਹੀ। ਟੀਮ ਖਿਡਾਰੀ ਰਿੰਕੂ ਟਾਈਗਰ ਬੈਸਟ ਡਿਫੈਂਸਰ ਐਲਾਨਿਆ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪਹਿਲੇ, ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਹਰਿਆਣਾ ਦੀ ਟੀਮ ਦੂਜੇ ਤੇ ਸ਼ਿਵਾ ਜੀ ਯੂਨੀਵਰਸਿਟੀ ਅਤੇ ਮੰਗਲੌਰ ਯੂਨੀਵਰਸਿਟੀ ਦੀਆਂ ਟੀਮਾਂ ਨੂੰ ਸਾਂਝੇ ਤੌਰ ‘ਤੇ ਤੀਜਾ ਸਥਾਨ ਮਿਲਿਆ । ਦੇਸ਼ ਦੇ ਖੇਡ ਮੰਤਰੀ ਕਿਰਨ ਰਿਜ਼ਜੂ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਦਿਆਂ ਵਧਾਈ ਦਿੱਤੀ ਤੇ ਕਿਹਾ ਕਿ ਦੇਸ਼ ਦੇ ਨੌਜ਼ਵਾਨ ਵਰਗ ਨੂੰ ਕਬੱਡੀ ਖਿਡਾਰੀਆਂ ਨੂੰ ਸੇਧ ਲੈਣੀ ਚਾਹੀਦੀ ਹੈ।ਉਨਾਂ ਕਿਹਾ ਕਿ ਖੇਡ ਮੰਤਰਾਲੇ ਵੱਲੋਂ ਕਰੋੜਾਂ ਰੁਪਏ ਦੇ ਫੰਡ ਰਾਖਵੇਂ ਰੱਖੇ ਗਏ ਹਨ।